ਨਵੀਂ ਦਿੱਲੀ/11 ਫ਼ਰਵਰੀ/ਦੇਸ਼ ਕਲਿਕ ਬਿਊਰੋ:
ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਸਾਈਬਰ ਸਿਟੀ ਗੁਰੂਗ੍ਰਾਮ ਵਿੱਚ ਵੀਰਵਾਰ ਰਾਤ ਇੱਕ ਵੱਡਾ ਹਾਦਸਾ ਵਾਪਰ ਗਿਆ। ਦਵਾਰਕਾ ਐਕਸਪ੍ਰੈਸ ਵੇਅ 'ਤੇ ਸੈਕਟਰ-109 'ਚ ਛੇ ਮੰਜ਼ਿਲਾ ਇਮਾਰਤ ਦਾ ਨਿਰਮਾਣ ਅਧੀਨ ਹਿੱਸਾ ਡਿੱਗਣ ਨਾਲ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਹਾਦਸੇ 'ਚ 6 ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ।
ਹਾਦਸੇ ਦੇ ਤੁਰੰਤ ਬਾਅਦ ਲੋਕਾਂ ਨੇ ਸਥਾਨਕ ਪੁਲਿਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਪੁਲਸ, ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। NDRF ਦੀ ਟੀਮ ਵੀ ਬਚਾਅ ਲਈ ਮੌਕੇ 'ਤੇ ਮੌਜੂਦ ਹੈ। ਦੱਸਿਆ ਜਾ ਰਿਹਾ ਹੈ ਕਿ ਇਮਾਰਤ 'ਚ ਲੈਂਟਰ ਦਾ ਇਕ ਹਿੱਸਾ ਡਿੱਗ ਗਿਆ ਹੈ, ਕਈ ਲੋਕ ਇਸ ਦੇ ਮਲਬੇ ਹੇਠਾਂ ਦੱਬੇ ਹੋਏ ਹਨ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਉਹ ਖੁਦ ਹਾਦਸੇ ਦੀ ਨਿਗਰਾਨੀ ਕਰ ਰਹੇ ਹਨ। SDRF ਅਤੇ NDRF ਦੀਆਂ ਟੀਮਾਂ ਵੀ ਮੌਕੇ 'ਤੇ ਪਹੁੰਚ ਗਈਆਂ ਹਨ। ਬਚਾਅ ਕਾਰਜ ਜਾਰੀ ਹੈ। ਮੈਂ ਚਾਹੁੰਦਾ ਹਾਂ ਕਿ ਲੋਕ ਸੁਰੱਖਿਅਤ ਹੋਣ।