ਚੰਡੀਗੜ੍ਹ, 10 ਫਰਵਰੀ, ਦੇਸ਼ ਕਲਿੱਕ ਬਿਓਰੋ :
ਗਾਇਕ, ਗੀਤਕਾਰ ਤੇ ਅਦਾਕਾਰ ਤੋਂ ਇਲਾਵਾ ਕਿਸਾਨਾ ਅੰਦੋਲਨ ਦੇ ਸੰਘਰਸ਼ੀ ਯੋਧੇ ਸਰਬੰਸ ਪ੍ਰਤੀਕ ਸਿੰਘ ਦਾ ਗੀਤ ਤੇ ਵਿਡਿਉ "ਵੇਹਲਾ ਨੀਂ" ਵੱਡੇ ਪੱਧਰ ਉਤੇ ਰਲੀਜ਼ ਹੋ ਗਿਆ ਹੈ ਇਹ ਗੀਤ ਪ੍ਰਤੀਕ ਨੇ ਖੁਦ ਲਿਖਿਆ ਤੇ ਗਾਇਆ ਹੈ ਅਤੇ ਅਦਾਕਾਰੀ ਵੀ ਆਪ ਹੀ ਕੀਤੀ ਹੈ। ਇਸ ਗੀਤ ਨੂੰ ਸੰਗੀਤਕ ਧੁਨਾਂ ਜਸਟਿਨ ਨੇ ਪ੍ਰਦਾਨ ਕੀਤੀਆਂ ਹਨ ਅਤੇ ਫਿਲਮਾਂਕਣ ਪ੍ਰੀਤ ਚੰਨ ਨੇ ਢੁਕਵਾਂ ਕੀਤਾ ਹੈ। ਇਸ ਨੂੰ ਨੇਪਰੇ ਚਾੜ੍ਹਨ ਵਿੱਚ ਕੇਨੇਡਾ ਵਿਚ ਵਸਦੇ ਭੰਗੜਾ ਕੋਚ ਕੁਲਜੀਤ ਸਿੰਘ ਜੀਤਾ, ਦਾ ਲੰਡਰਜ ਦੇ ਡੈਵੀ-ਸੁੱਖ ਖਰੌੜ- ਗੁਰੀ, ਦਮਨਪ੍ਰੀਤ ਸਿੰਘ ਤੇ ਸਤਕੀਰਤ ਸਿੰਘ ਦਾ ਅਥਾਹ ਯੋਗਦਾਨ ਹੈ। ਸਰਬੰਸ ਪ੍ਰਤੀਕ ਸਿੰਘ ਦਾ ਕਹਿਣਾ ਹੈ ਕਿ ਇਹ ਗੀਤ ਜਿਥੇ ਮੁੰਡਿਆਂ ਲਈ ਸਿੱਖਿਆਦਾਇਕ ਹੈ ਉਥੇ ਹੀ ਕੁੜੀਆਂ ਲਈ ਵੀ ਨਸੀਹਤ ਬਣੇਗਾ। ਨਿਰਮਾਤਾ ਪਰਮਿੰਦਰ ਤੇ ਰਵਿੰਦਰ ਨੇ ਕਿਹਾ ਕਿ ਇਸ ਦੁਆਰਾ ਪ੍ਰੋਜੈਕਟ ਰਾਹੀਂ ਉਹ ਵੱਡਾ ਸੰਦੇਸ਼ ਦੇਣਾ ਚਾਹੁੰਦੇ ਹਨ ਅਤੇ ਧਾਰਮਿਕ ਤੇ ਸਮਾਜਿਕ ਜੀਵਨ ਦਾ ਸ਼ੀਸ਼ਾ ਉਭਾਰਨ ਦਾ ਉਪਰਾਲਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪ੍ਰਤੀਕ ਪਹਿਲਾਂ ' ਫ਼ੋਟੋ ਕਾਪੀਆਂ', ਮੁੱਛ-ਗੁੱਤ, ਸੁਰਮਾ, ਜਲਸਾ, ਅੱਖ ਬੋਲਦੀ ਆਦਿ ਤੋਂ ਇਲਾਵਾ ਧਾਰਮਿਕ ਗੀਤ ਵੱਡਾ ਸਾਕਾ ਆਪਣੇ ਸਰੋਤਿਆਂ ਦੀ ਝੋਲੀ ਪਾ ਚੁੱਕਾ ਹੈ। ਪ੍ਰਤੀਕ ਜਿਥੇ ਸੰਗੀਤਕ ਖੇਤਰ ਵਿਚ ਮੱਲਾਂ ਮਾਰ ਰਿਹਾ ਹੈ ਉਥੇ ਹੀ ਭੰਗੜਾ ਗਿੱਧਾ ਕੋਚਿੰਗ ਦੇ ਰਿਹਾ ਹੈ। ਪ੍ਰਤੀਕ ਭਾਰਤੀ ਕਿਸਾਨ ਯੂਨੀਅਨ (ਚਡੂੰਨੀ) ਦੀ ਕੌਮੀ ਕੋਰ ਕਮੇਟੀ ਦਾ ਮੈਂਬਰ ਹੈ। ਕਿਸਾਨ ਸੰਘਰਸ਼ ਦੌਰਾਨ ਉਸ ਉਤੇ ਕਈ ਵਧੀਕੀਆਂ ਵੀ ਹੋਈਆਂ ਤੇ ਪਰਚੇ ਵੀ ਦਰਜ ਹੋਏ।