ਮੋਹਾਲੀ, 5 ਅਗਸਤ :
ਸੋਹਣੀ ਮਿੱਠੀ ਅਵਾਜ਼ ਦੀ ਮਲਿਕਾ ਅਤੇ ਪੰਜਾਬੀ ਗਾਇਕੀ ਦੀ ਦੁਨੀਆਂ ਵਿੱਚ ਉੱਭਰ ਰਹੀ ਕਲਾਕਾਰ ਅਤੇ ਵੁਆਇਸ ਆਫ਼ ਪੰਜਾਬ-2018 ਦੀ ਸੈਕਿੰਡ-ਰਨਰਅੱਪ ਸੁਖਪ੍ਰੀਤ ਕੌਰ ਦਾ ਪਲੇਠਾ ਗੀਤ 'ਮੇਰੇ ਨਾਲ' ਅੱਜ ਇੱਥੇ ਮੋਹਾਲੀ ਪ੍ਰੈੱਸ ਕਲੱਬ ਵਿਖੇ ਰਿਲੀਜ਼ ਕੀਤਾ ਗਿਆ ਜਿਸਦੀ ਵੀਡੀਓ ਵੀ ਅੱਜ ਯੂਟਿਊਬ ਉਤੇ ਵੀ ਰਿਲੀਜ਼ ਹੋ ਚੁੱਕੀ ਹੈ।
ਗੀਤਕਾਰ ਸਿੰਘ ਜੀਤ ਵੱਲੋਂ ਲਿਖੇ ਗਏ ਇਸ ਗੀਤ ਨੂੰ ਮਿਊਜ਼ਿਕ ਜੀ-ਗੁਰੀ ਅਤੇ ਵੀਡੀਓ ਬੀ-ਟੂਗੈਦਰ ਵੱਲੋਂ ਤਿਆਰ ਕੀਤਾ ਗਿਆ ਜਦਕਿ ਪੇਸ਼ਕਾਰੀ ਪ੍ਰੋਡਿਊਸਰ ਜੱਸ ਰਿਕਾਰਡਜ਼ ਅਤੇ ਜਸਵੀਰਪਾਲ ਸਿੰਘ ਵੱਲੋਂ ਕੀਤੀ ਗਈ ਹੈ। ਇਸ ਮੌਕੇ ਜੱਸ ਰਿਕਾਰਡਜ਼ ਵੱਲੋਂ ਵਿਪਨ ਜੋਸ਼ੀ ਤੇ ਮਨਜਿੰਦਰ ਸਿੰਘ, ਬਲਜੀਤ ਬੱਲੀ ਵੀ ਹਾਜ਼ਰ ਸਨ।
ਗੀਤ ਦੇ ਰਿਲੀਜ਼ ਹੋਣ ਮੌਕੇ ਆਪਣੇ ਗੀਤ 'ਮੇਰੇ ਨਾਲ' ਬਾਰੇ ਜਾਣਕਾਰੀ ਦਿੰਦਿਆਂ ਸੁਖਪ੍ਰੀਤ ਨੇ ਦੱਸਿਆ ਕਿ ਇਸ ਗੀਤ ਵਿੱਚ ਉਸ ਨੇ ਇੱਕ ਮੁਟਿਆਰ ਦੀ ਮੰਗਣੀ ਹੋਣ ਉਪਰੰਤ ਮੰਗਣੀ ਤੋਂ ਲੈ ਕੇ ਵਿਆਹ ਤੱਕ ਦੇ ਸਫ਼ਰ ਨੂੰ ਇੱਕ ਮੁਟਿਆਰ ਦੀ ਜ਼ੁਬਾਨੀ ਬਹੁਤ ਹੀ ਸੋਹਣੇ ਤੇ ਰੋਮਾਂਟਿਕ ਢੰਗ ਨਾਲ ਬਿਆਨ ਕੀਤਾ ਹੈ।
ਗਾਇਕੀ ਦੇ ਸ਼ੌਂਕ ਬਾਰੇ ਸੁਖਪ੍ਰੀਤ ਨੇ ਦੱਸਿਆ ਕਿ ਗੀਤ ਗਾਉਣ ਦਾ ਸ਼ੌਂਕ ਉਸ ਨੂੰ ਬਚਪਨ ਤੋਂ ਹੀ ਰਿਹਾ ਹੈ। ਆਪਣੀ ਬੇਟੀ ਦੀ ਗਾਇਕੀ ਵੱਲ ਲਗਨ ਦੇਖ ਕੇ ਉਸ ਦੇ ਪਾਪਾ ਨੇ ਵੀ ਪੂਰੀ ਤਰ੍ਹਾਂ ਮੱਦਦ ਕੀਤੀ। ਆਪਣੇ ਪਾਪਾ ਦੇ ਸਹਿਯੋਗ ਸਦਕਾ ਹੀ ਅੱਜ ਉਹ ਇਹ ਪਲੇਠਾ ਗੀਤ ਰਿਲੀਜ਼ ਕਰਨ ਦੇ ਕਾਬਿਲ ਹੋ ਸਕੀ ਹੈ। ਪਹਿਲਾਂ-ਪਹਿਲਾਂ ਸਕੂਲੀ ਪੜ੍ਹਾਈ ਦੌਰਾਨ ਸਕੂਲ ਦੀ ਸਟੇਜ ਉਤੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਅਤੇ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੜ੍ਹਾਈ ਦੌਰਾਨ ਕੰਪੀਟੀਸ਼ਨਾਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਸੀ ਅਤੇ ਉਸ ਦੀ ਗਾਇਕੀ ਵਿੱਚ ਸੁਧਾਰ ਹੁੰਦਾ ਗਿਆ।
ਸੁਖਪ੍ਰੀਤ ਨੇ ਆਪਣੇ ਇਸ ਗੀਤ ਦੀਆਂ ਕੁਝ ਲਾਈਨਾਂ ਗਾ ਕੇ ਸੁਣਾਈਆਂ।