ਨਵੀਂ ਦਿੱਲੀ/17 ਜਨਵਰੀ/ਦੇਸ਼ ਕਲਿਕ ਬਿਊਰੋ :
ਮਸ਼ਹੂਰ ਕੱਥਕ ਡਾਂਸਰ ਪੰਡਿਤ ਬਿਰਜੂ ਮਹਾਰਾਜ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਪਦਮ ਵਿਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਬਿਰਜੂ ਮਹਾਰਾਜ (83) ਨੇ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਦਿੱਲੀ ਦੇ ਸਾਕੇਤ ਹਸਪਤਾਲ ਵਿੱਚ ਆਖਰੀ ਸਾਹ ਲਿਆ। ਇਸ ਦੀ ਜਾਣਕਾਰੀ ਉਨ੍ਹਾਂ ਦੇ ਪੋਤੇ ਸਵਰਾਂਸ਼ ਮਿਸ਼ਰਾ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ।ਲਖਨਊ ਘਰਾਣੇ ਨਾਲ ਸਬੰਧਤ ਬਿਰਜੂ ਮਹਾਰਾਜ ਦਾ ਜਨਮ 4 ਫਰਵਰੀ 1938 ਨੂੰ ਲਖਨਊ ਵਿੱਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂ ਪੰਡਿਤ ਬ੍ਰਿਜਮੋਹਨ ਮਿਸ਼ਰਾ ਸੀ। ਕਥਕ ਡਾਂਸਰ ਹੋਣ ਦੇ ਨਾਲ-ਨਾਲ ਉਹ ਕਲਾਸੀਕਲ ਗਾਇਕ ਵੀ ਸੀ। ਬਿਰਜੂ ਮਹਾਰਾਜ ਦੇ ਪਿਤਾ ਅੱਛਨ ਮਹਾਰਾਜ, ਚਾਚਾ ਸ਼ੰਭੂ ਮਹਾਰਾਜ ਅਤੇ ਲੱਛੂ ਮਹਾਰਾਜ ਵੀ ਮਸ਼ਹੂਰ ਕਥਕ ਡਾਂਸਰ ਸਨ।ਬਿਰਜੂ ਮਹਾਰਾਜ ਨੇ ਦੇਵਦਾਸ, ਡੇਢ ਇਸ਼ਕੀਆ, ਉਮਰਾਓ ਜਾਨ ਅਤੇ ਬਾਜੀ ਰਾਓ ਮਸਤਾਨੀ ਵਰਗੀਆਂ ਫਿਲਮਾਂ ਲਈ ਡਾਂਸ ਦੀ ਕੋਰੀਓਗ੍ਰਾਫੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸਤਿਆਜੀਤ ਰਾਏ ਦੀ ਫਿਲਮ 'ਸ਼ਤਰੰਜ ਕੇ ਖਿਲਾੜੀ' 'ਚ ਵੀ ਸੰਗੀਤ ਦਿੱਤਾ ਸੀ।ਬਿਰਜੂ ਮਹਾਰਾਜ ਨੂੰ 1983 'ਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਅਤੇ ਕਾਲੀਦਾਸ ਸਨਮਾਨ ਵੀ ਮਿਲ ਚੁੱਕੇ ਹਨ।ਕਾਸ਼ੀ ਹਿੰਦੂ ਯੂਨੀਵਰਸਿਟੀ ਅਤੇ ਖੈਰਾਗੜ੍ਹ ਯੂਨੀਵਰਸਿਟੀ ਨੇ ਵੀ ਬਿਰਜੂ ਮਹਾਰਾਜ ਨੂੰ ਡਾਕਟਰੇਟ ਪ੍ਰਦਾਨ ਕੀਤੀ।2012 ਵਿੱਚ, ਉਸਨੂੰ ਵਿਸ਼ਵਰੂਪਮ ਫਿਲਮ ਵਿੱਚ ਡਾਂਸ ਕੋਰੀਓਗ੍ਰਾਫੀ ਲਈ ਰਾਸ਼ਟਰੀ ਫਿਲਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। 2016 ਵਿੱਚ ਬਾਜੀਰਾਓ ਮਸਤਾਨੀ ਦੇ ‘ਮੋਹੇ ਰੰਗ ਦੋ ਲਾਲ’ ਗੀਤ ਨੂੰ ਆਪਣੀ ਕੋਰੀਓਗ੍ਰਾਫੀ ਲਈ ਫਿਲਮਫੇਅਰ ਅਵਾਰਡ ਮਿਲਿਆ।