ਮੋਹਲੀ, 18 ਜੂਨ :
ਮੋਹਾਲੀ ਪ੍ਰੈਸ ਕਲੱਬ ਦਾ ਇਕ ਵਫਦ ਕਲੱਬ ਦੇ ਪ੍ਰਧਾਨ ਗੁਰਜੀਤ ਸਿੰਘ ਬਿੱਲਾ ਦੀ ਅਗਵਾਈ ਵਿੱਚ ਐਸ ਪੀ ਹੈਡਕੁਆਟਰ ਗੁਰਸੇਵਕ ਸਿੰਘ ਬਰਾੜ ਨੂੰ ਮਿਲਕੇ ਮੰਗ ਪੱਤਰ ਦਿੱਤਾ। ਕਲੱਬ ਦੇ ਅਹੁਦੇਦਾਰਾਂ ਨੇ ਮੰਗ ਕੀਤੀ ਕਿ ਸਿੱਧੂ ਮੂਸੇਵਾਲ ਵੱਲੋਂ ਪ੍ਰੈਸ ਨੂੰ ਦਿਤੀਆਂ ਜਾ ਰਹੀਆਂ ਧਮਕੀਆਂ ਵਿਰੁੱਧ ਕਾਰਵਾਈ ਕਰਕੇ ਤੁਰੰਤ ਗ੍ਰਿਫਤਾਰ ਕੀਤਾ ਜਾਵੇ।
ਪ੍ਰੈਸ ਨੂੰ ਜਾਰੀ ਇਕ ਬਿਆਨ 'ਚ ਕਲੱਬ ਦੇ ਜਨਰਲ ਸਕੱਤਰ ਹਰਬੰਸ ਬਾਗੜੀ, ਸਾਬਕਾ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਪੰਜਾਬੀ ਦੇ ਲੱਚਰ, ਹਿੰਸਕ ਤੇ ਹਥਿਆਰਾਂ ਦਾ ਗਾਇਕੀ 'ਚ ਬੇਲੋੜਾ ਪ੍ਰਚਾਰ ਕਰ ਰਹੇ ਅਤੇ ਪੁਲੀਸ ਦੇ ਹਥਿਆਰਾਂ ਨਾਲ ਮੌਜੂਦਾ ਸਮੇਂ 'ਚ ਕਈ ਥਾਂਵਾਂ ਤੇ ਗੈਰਕਾਨੂੰਨੀ ਫਾਇਰਿੰਗ ਕਰਨ ਦੇ ਦੋਸ਼ੀ ਗਾਇਕ ਸਿੱਧੂ ਮੂਸੇ ਵਾਲਾ ਪਿਛਲੇ ਕਈ ਦਿਨਾਂ ਤੋਂ ਪ੍ਰੈੱਸ ਨੂੰ ਧਮਕੀਆਂ ਦੇ ਰਿਹਾ ਹੈ ਕਿ ਪ੍ਰੈੱਸ ਵਾਲੇ ਉਸ ਖ਼ਿਲਾਫ਼ ਖ਼ਬਰਾਂ ਲਾਉਣੀਆਂ ਬੰਦ ਕਰ ਦੇਣ ਨਹੀਂ ਤਾਂ ਉਹ ਪ੍ਰੈੱਸ ਵਾਲ਼ਿਆਂ ਨਾਲ ਬਹੁਤ ਬੁਰੀ ਤਰ੍ਹਾਂ ਪੇਸ਼ ਆਵੇਗਾ। ਪ੍ਰੈੱਸ ਨੂੰ ਸਰ੍ਹੇਆਮ ਜਨਤਕ ਪਲੇਟਫ਼ਾਰਮ 'ਤੇ ਦਿੱਤੀਆਂ ਜਾ ਰਹੀਆਂ ਧਮਕੀਆਂ ਦੇ ਮੱਦੇਨਜਰ ਪੰਜਾਬ ਸਰਕਾਰ ਉਸ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ। ਉਸ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਜਿੱਥੇ ਪ੍ਰੈੱਸ ਦੀ ਆਜ਼ਾਦੀ ਦੇ ਖ਼ਿਲਾਫ਼ ਹਨ ਉੱਥੇ ਇਹ ਸਮਾਜ ਦੀ ਸ਼ਾਂਤੀ ਲਈ ਵੀ ਗੰਭੀਰ ਖਤਰਾ ਹਨ।
ਉਨ੍ਹਾਂ ਮੰਗ ਕੀਤੀ ਕਿ ਸਿੱਧੂ ਮੂਸੇ ਵਾਲੇ ਖ਼ਿਲਾਫ਼ ਤੁਰੰਤ ਪਰਚਾ ਦਰਜ ਕਰਕੇ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਸ਼ਾਹੀ, ਰਾਜ ਕੁਮਾਰ ਅਰੋੜਾ, ਰਜੀਵ ਤਨੇਜਾ, ਸਾਗਰ ਪਾਹਵਾ, ਨਾਹਰ ਸਿੰਘ ਧਾਲੀਵਾਲ, ਵਿਜੈ ਕੁਮਾਰ, ਮੰਗਤ ਸੈਦਪੁਰ, ਧਰਮ ਸਿੰਘ , ਮਾਇਆ ਰਾਮ ਅਤੇ ਸੁਸੀਲ ਗਰਚਾ ਸਮੇਤ ਕੱਲਬ ਦੇ ਹੋਰ ਮੈਂਬਰ ਸਾਮਲ ਸਨ।