ਨਵੀਂ ਦਿੱਲੀ, 17 ਜੂਨ :
ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿੱਚ ਬੁੱਧਵਾਰ ਨੂੰ ਅੱਠ ਫਿਲਮੀ ਸ਼ਖਸੀਅਤਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਐਡਵੋਕੇਟ ਸੁਧੀਰ ਓਝਾ ਨੇ ਇਹ ਸ਼ਿਕਾਇਤ ਦਰਜ ਕਰਵਾਈ ਹੈ।
ਵਕੀਲ ਨੇ ਦੋਸ਼ ਲਾਇਆ ਹੈ ਕਿ ਬਿਹਾਰ ਦੇ ਉੱਭਰ ਰਹੇ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਖੁਦਕੁਸ਼ੀ ਨਹੀਂ ਬਲਕਿ ਕਤਲ ਹੈ। ਓਝਾ ਨੇ ਕਰਨ ਜੌਹਰ, ਆਦਿੱਤਿਆ ਚੋਪੜਾ, ਸਾਜਿਦ ਨਦੀਆਡਵਾਲਾ, ਸਲਮਾਨ ਖਾਨ, ਸੰਜੇ ਲੀਲਾ ਭੰਸਾਲੀ, ਭੂਸ਼ਣ ਕੁਮਾਰ, ਏਕਤਾ ਕਪੂਰ ਅਤੇ ਦਿਨੇਸ਼ ਬਿਜਾਯਨ ਉੱਤੇ ਦੋਸ਼ ਲਗਾਏ ਹਨ। ਕਿਉਂਕਿ ਸੁਸ਼ਾਂਤ ਸਿੰਘ ਰਾਜਪੂਤ ਬਿਹਾਰ ਦਾ ਰਹਿਣ ਵਾਲੇ ਸਨ ਅਤੇ ਆਪਣੇ ਆਪ ਨੂੰ ਇਕ ਚੰਗੇ ਕਲਾਕਾਰ ਵਜੋਂ ਸਥਾਪਿਤ ਕਰ ਰਹੇ ਸਨ, ਜੋ ਇਨ੍ਹਾਂ ਸਾਰੇ ਮੁਲਜਮਾਂ ਨੂੰ ਹਜਮ ਨਹੀਂ ਹੋਇਆ ਅਤੇ ਇਕ ਸਾਜਿਸ਼ ਦੇ ਤਹਿਤ ਸੁਸ਼ਾਂਤ ਨੂੰ ਇੰਨਾ ਤਸੀਹੇ ਦਿੱਤੇ ਗਏ ਕਿ ਉਨ੍ਹਾਂ ਨੇ ਖੁਦਕੁਸ਼ੀ ਵਰਗਾ ਕਦਮ ਚੁੱਕ ਲਿਆ। ਇਸ ਮੌਤ ਨਾਲ ਬਿਹਾਰ ਅਤੇ ਦੇਸ਼ ਦੇ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਬਹੁਤ ਠੇਸ ਪਹੁੰਚੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਬਾਲੀਵੁੱਡ ਦੇ ਚੰਗੇ ਪ੍ਰਤਿਭਾਵਾਨ ਵਿਅਕਤੀ ਦਾ ਇਕ ਤਰ੍ਹਾਂ ਨਾਲ ਸਾਜਿਸ਼ ਕਰਕੇ ਕਤਲ ਕੀਤਾ ਗਿਆ ਹੈ, ਇਸ ਲਈ ਇਨ੍ਹਾਂ ਸਾਰਿਆਂ ਦੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ ਹੈ। ਅਦਾਲਤ ਨੇ ਇਸ ਨੂੰ ਸਵੀਕਾਰ ਕਰਦਿਆਂ ਸੁਣਵਾਈ ਦੀ ਅਗਲੀ ਤਰੀਕ 3 ਜੁਲਾਈ ਨਿਰਧਾਰਤ ਕੀਤੀ ਹੈ।(ਹਿ.ਸ.)