ਮੋਹਾਲੀ: 4 ਦਸੰਬਰ, ਕ੍ਰਿਪਾਲ ਸਿੰਘ ਕਲਕੱਤਾ
ਨੌਜਵਾਨਾਂ ‘ਤੇ ਆਧਾਰਤ ਪੰਜਾਬੀ ਫਿਲਮ ‘ਹੱਕ ਦਾ ਰਾਈਟ‘ ਸਿਨੇਮਾ ਘਰਾਂ ਵਿੱਚ ਸ਼ੋਭਾ ਵਧਾਉਣ ਲਈ ਤਿਆਰ ਹੈ। ਦਸ ਦਸੰਬਰ ਨੂੰ ਇਸ ਫਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਬਲਬੀਰ ਅਟਵਾਲ ਇਸ ਵਾਰ ਆਪਣੀ ਇਸ ਫਿਲਮ ਰਾਹੀਂ ਨਵਾਂ ਮੀਲ ਪੱਥਰ ਸਾਬਤ ਕਰਨ ਲਈ ਤਿਆਰ ਹਨ। ਇਸ ਫਿਲਮ ਰਾਹੀਂ ਬਲਬੀਰ ਅਟਵਾਲ ਨੇ ਇਹ ਸੁਨੇਹਾਂ ਦਿੱਤਾ ਹੈ ਕਿ ਨੌਜਵਾਨ ਪੀੜ੍ਹੀ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਕਿਸ ਤਰ੍ਹਾਂ ਆਪਣੀ ਇਨਕਲਾਬੀ ਭੂਮਿਕਾ ਨਿਭਾ ਸਕਦੀ ਹੈ।
ਫਿਲਮ ਵਿੱਚ ਅਮਨ ਰੰਧਾਵਾ (ਰਾਜਵੀਰ) ਲੀਡ ਰੋਲ ਵਿੱਚ ਹਨ ਅਤੇ ਉਹ ਦੇਖਦਾ ਹੈ ਕਿ ਮਾਨ ਕੇ (ਗੁਰਕੀਰਤ) ਸਮਾਜਿਕ ਬੁਰਾਈਆਂ ਨਾਲ ਇਕੱਲੀ ਲੜ ਰਹੀ ਹੈ ਤਾਂ ਉਹ ਉਸ ਨਾਲ ਸ਼ਾਮਿਲ ਹੋ ਜਾਂਦਾ ਹੈ ਅਤੇ ਉਸਦਾ ਪਿਆਰ ਪਾਉਣ ਵਿੱਚ ਸ਼ਾਮਿਲ ਹੋ ਜਾਂਦਾ ਹੈ। ਫਿਲਮ ਵਿੱਚ ਸ਼ਿਵਿੰਦਰ ਮਹਲ, ਦਲਜੀਤ ਕੌਰ, ਸ਼ਹਿਬਾਜ਼ ਦੇ ਇਲਾਵਾ ਯੋਗਰਾਜ ਸਿੰਘ ਵੀ ਚੰਗੇ ਕਿਰਦਾਰ ਵਿੱਚ ਹਨ। ਇਸ ਤੋਂ ਇਲਾਵਾ ਖੁਸ਼ੀ ਰਾਜਪੂਤ ਵੀ ਅਹਿਮ ਕਿਰਦਾਰ ਵਿੱਚ ਨਜ਼ਰ ਆਵੇਗੀ।
ਫਿਲਮ ਦੀ ਕਹਾਣੀ ਕੁਲਦੀਪ ਸਿੰਘ ਢਿੱਲੋਂ ਨੇ ਲਿਖੀ ਹੈ ਜਦਕਿ ਸੰਗੀਤ ਗੁਰਮੀਤ ਸਿੰਘ, ਭਿੰਦਾ ਔਜਲਾ, ਵਿਲਸਨ ਸੰਧੂ, ਜੇ ਐੱਸ ਐੱਲ ਸਿੰਘ ਅਤੇ ਨਾਜ਼ੀਰ ਖਾਨ ਨੇ ਦਿੱਤਾ ਹੈ ਅਤੇ ਬੱਚਨ ਬੇਦਿਲ, ਰਾਜ ਕਾਕੜਾ ਅਤੇ ਕੁਲਦੀਪ ਸਿੰਘ ਢਿੱਲੋਂ ਦੇ ਲਿਖੇ ਗੀਤਾਂ ਨੂੰ ਖੂਬਸੂਰਤ ਆਵਾਜ਼ ਮਾਸਟਰ ਸਲੀਮ, ਸ਼ਾਹਿਦ ਮਾਲਿਆ, ਕੰਠ ਕਲੇਰ, ਲੰਬਰਦਾਰ ਹੁਸੈਨਪੁਰੀ, ਸੋਨੀ ਕੱਕੜ, ਫਿਰੋਜ਼ ਖਾਨ, ਸੁਖਦੀਪ ਗਰੇਵਾਲ ਨੇ ਦਿੱਤੀ ਹੈ। ਹੋਰ ਕਲਾਕਾਰਾਂ ਵਿੱਚ ਤੇਜ਼ੀ ਸੰਧੂ, ਭੋਟੂ ਸ਼ਾਹ, ਪ੍ਰਕਾਸ਼ ਗੁੱਡੂ, ਸੋਹਨਪ੍ਰੀਤ ਸਿੰਘ ਜਵੰਦਾ, ਖੁਸ਼ੀ ਰਾਜਪੂਤ, ਬਾਬੀ ਡਾਰਲਿੰਗ ਵੀ ਅਹਿਮ ਕਿਰਦਾਰ ਨਿਭਾ ਰਹੇ ਹਨ। ਪ੍ਰਡਿਊਸਰ ਅਤੇ ਡਾਇਰੈਕਟਰ ਬਲਬੀਰ ਅਟਵਾਲ ਦੇ ਨਾਲ ਪੂਜਾ ਅਟਵਾਲ ਅਤੇ ਪ੍ਰੀਤਪਾਲ ਸਿੰਘ ਸ਼ੇਰਗਿੱਲ ਦਾ ਵੀ ਅਹਿਮ ਯੋਗਦਾਨ ਹੈ।
ਕਾਬਿਲੇ ਜ਼ਿਕਰ ਹੈ ਕਿ ਬਲਬੀਰ ਅਟਵਾਲ ਨੇ ਬਾਲੀਵੁਡ ਫਿਲਮ ‘ਦਿਲ ਵਾਲੇ ਦੁਲਹਣੀਆਂ ਲੇ ਜਾਏਂਗੇ‘, ‘ਮੁਹੱਬਤੇਂ‘, ‘ਅਢਾਈ ਅੱਖਰ ਪ੍ਰੇਮ ਕੇ‘, ‘ਹੇਰਾਫੇਰੀ‘ ਆਦਿ ਕਈ ਬਾਕਸ ਆਫਿਸ ਫਿਲਮਾਂ ਵਿੱਚ ਬਤੌਰ ਸਹਿ ਨਿਰਦੇਸ਼ਕ ਕੰਮ ਕੀਤਾ ਹੈ। ਇਸਤੋਂ ਇਲਾਵਾ ਉਹ ਪੰਜਾਬੀ ਫਿਲਮ ਹੀਰ ਰਾਂਝਾ, ਮਰ ਜਾਵਾਂ ਗੁੜ ਖਾ ਕੇ, ਯਾਰਾਂ ਨਾਲ ਬਹਾਰਾਂ-2 ਅਤੇ ਅੱਖੀਆਂ ਉਡੀਕਦੀਆਂ ਆਦਿ ਫਿਲਮਾਂ ਦਾ ਨਿਰਦੇਸ਼ਨ ਵੀ ਕੀਤਾ।