ਚੰਡੀਗੜ੍ਹ, 30 ਨਵੰਬਰ, ਦੇਸ਼ ਕਲਿੱਕ ਬਿਓਰੋ :
ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਸੰਗੀਤਕਾਰ ਸੁਰਿੰਦਰ ਬਚਨ ਅੱਜ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਏ।ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਸੁਰਿੰਦਰ ਬਚਨ ਨੇ ਸੰਗੀਤ ਜਗਤ ਵਿੱਚ ਆਪਣੀ ਕਲਾ ਦਾ ਲੋਹਾ ਮਨਵਾਇਆ ਹੈ। ਮਿਊਜ਼ਿਕ ਡਾਇਰੈਕਟਰ ਸੁਰਿੰਦਰ ਬਚਨ ਵੱਲੋਂ ਅਨੇਕਾਂ ਕਲਾਕਾਰਾਂ ਨੂੰ ਲਾਂਚ ਕੀਤਾ ਗਿਆ।ਸੰਗੀਤਕਾਰ ਸੁਰਿੰਦਰ ਬਚਨ ਵੱਲੋਂ ਗੁਰਦਾਸ ਮਾਨ, ਬੱਬੂ ਮਾਨ, ਕਰਮਜੀਤ ਅਨਮੋਲ, ਭਗਵੰਤ ਮਾਨ , ਕਮਲ ਹੀਰ , ਮਨਮੋਹਨ ਵਾਰਿਸ, ਸੁਰਜੀਤ ਬੰਦਰੱਖੀਆ ਤੇ ਹੋਰਨਾਂ ਅਨੇਕਾਂ ਕਲਾਕਾਰਾਂ ਦੇ ਗੀਤਾਂ ਨੂੰ ਸੰਗੀਤ ਦੇ ਕੇ ਸੁਪਰਹਿੱਟ ਗੀਤ ਦਿੱਤੇ। ਅੱਜ ਸੁਰਿੰਦਰ ਬਚਨ ਦੇ ਜਾਣ ਨਾਲ ਪੰਜਾਬ ਦੀ ਫਿਲਮ ਇੰਡਸਟਰੀ, ਸੰਗੀਤ ਜਗਤ ਨੂੰ ਬਹੁਤ ਵੱਡਾ ਤੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪੰਜਾਬੀ ਦੇ ਨਵੇਂ ਉਭਰਦੇ ਕਲਾਕਾਰ ਦੀ ਪਹੁੰਚ ਜਦੋਂ ਵੱਡੀ ਸੰਗੀਤਕਾਰਾਂ ਕੋਲ ਜਾਣ ਤੋਂ ਬਾਹਰ ਹੋ ਜਾਂਦੀ ਸੀ ਤਾਂ ਸੁਰਿੰਦਰ ਬਚਨ ਨੇ ਉਨ੍ਹਾਂ ਦੀ ਬਾਂਹ ਫੜ੍ਹੀ। ਸੰਗੀਤਕਾਰ ਸੁਰਿੰਦਰ ਬਚਨ ਵੱਲੋਂ 16000 ਗੀਤਾਂ ਨੂੰ ਸੰਗੀਤ ਦਿੱਤਾ ਗਿਆ ਅਤੇ ਸੈਂਕੜੇ ਕਲਾਕਾਰਾਂ ਨੂੰ ਲਾਂਚ ਕੀਤਾ।ਅਜੇ ਇੱਕ ਹਫ਼ਤਾ ਪਹਿਲਾਂ ਹੀ ਉਹ ਸੁਰਿੰਦਰ ਕੌਰ ਉੱਤੇ ਆਪਣਾ ਸਪੈਸ਼ਲ ਪ੍ਰੋਗਰਾਮ ਫਿਲਮਾ ਕੇ ਹਟੇ ਸਨ।
ਸੁਰਿੰਦਰ ਬਚਨ ਦੀ ਮੌਤ ਉਤੇ ਜਰਨੈਲ ਘੁੰਮਣ ਅਤੇ ਸੁਰ ਸੰਗਮ ਦੀ ਪੂਰੀ ਟੀਮ ਵੱਲੋਂ ਦੁੱਖ ਪ੍ਰਗਟਾਇਆ ਗਿਆ। ਜਰਨੈਲ ਘੁੰਮਣ ਨੇ ਕਿਹਾ ਕਿ ਅੱਜ ਯਾਰਾ ਦਾ ਯਾਰ ਜਾਣ ਨਾਲ ਪੰਜਾਬੀ ਸੰਗੀਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ।