ਕੈਥਲ/30 ਨਵੰਬਰ/ਦੇਸ਼ ਕਲਿਕ ਬਿਊਰੋ:
ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਪਿੰਡ ਪਾਈ ਵਿੱਚ ਅੱਜ ਮੰਗਲਵਾਰ ਸਵੇਰੇ ਦੋ ਕਾਰਾਂ ਦੀ ਆਹਮੋ-ਸਾਹਮਣੀ ਟੱਕਰ ਵਿੱਚ 4 ਬਰਾਤੀਆਂ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਪਤੀ-ਪਤਨੀ ਵੀ ਸ਼ਾਮਲ ਹਨ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਕਾਰਾਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ। ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਬਾਕੀਆਂ ਨੂੰ ਹਸਪਤਾਲ ਲਿਜਾਣ 'ਤੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਚਾਰ ਜ਼ਖ਼ਮੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।ਜਾਣਕਾਰੀ ਅਨੁਸਾਰ ਕੈਥਲ ਦੇ ਪੁੰਡਰੀ ਦੇ ਰਹਿਣ ਵਾਲੇ ਰਾਹੁਲ ਦੀ ਬਰਾਤ ਜੀਂਦ ਦੀ ਸੈਣੀ ਧਰਮਸ਼ਾਲਾ 'ਚ ਗਈ ਸੀ। ਬਾਰਾਤ ਤੋਂ ਇੱਕ ਕਾਰ ਵਿੱਚ ਸਵਾਰ ਬਰਾਤੀ ਘਰ ਪਰਤ ਰਹੇ ਸਨ। ਜਦੋਂ ਉਨ੍ਹਾਂ ਦੀ ਕਾਰ ਪਿੰਡ ਪਾਈ ਨੇੜੇ ਪੁੱਜੀ ਤਾਂ ਉਸ ਦੀ ਦੂਜੀ ਕਾਰ ਨਾਲ ਟੱਕਰ ਹੋ ਗਈ। ਦੂਜੀ ਕਾਰ 'ਚ ਸਵਾਰ ਲੋਕ ਕੁਰੂਕਸ਼ੇਤਰ ਦੇ ਦਬਖੇੜੀ ਪਿੰਡ ਤੋਂ ਜੀਂਦ ਦੇ ਮਲਾਰ ਪਿੰਡ ਜਾ ਰਹੇ ਸਨ। ਉਹ ਆਪਣੀ ਬੀਮਾਰ ਮਾਂ ਨੂੰ ਮਿਲ ਕੇ ਪਿੰਡ ਪਰਤ ਰਹੇ ਸਨ।