ਲਖਨਊ, 18 ਨਵੰਬਰ (ਏਜੰਸੀ) ਲਖਨਊ ਦੀ ਇਕ ਅਦਾਲਤ ਨੇ ਮਸ਼ਹੂਰ ਡਾਂਸਰ ਸਪਨਾ ਚੌਧਰੀ ਖਿਲਾਫ ਕਥਿਤ ਤੌਰ 'ਤੇ ਪ੍ਰੋਗਰਾਮ ਰੱਦ ਕਰਨ ਅਤੇ ਟਿਕਟ ਧਾਰਕਾਂ ਨੂੰ ਪੈਸੇ ਵਾਪਸ ਨਾ ਕਰਨ ਦੇ ਦੋਸ਼ ਵਿਚ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ।
ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸ਼ਾਂਤਨੂ ਤਿਆਗੀ ਨੇ ਬੁੱਧਵਾਰ ਨੂੰ ਚੌਧਰੀ ਵਿਰੁੱਧ ਵਾਰੰਟ ਜਾਰੀ ਕਰਦਿਆਂ ਪੁਲਿਸ ਨੂੰ 22 ਨਵੰਬਰ ਤੱਕ ਇਸ ਨੂੰ ਅੰਜਾਮ ਦੇਣ ਲਈ ਕਿਹਾ, ਜੋ ਕਿ ਕੇਸ ਦੀ ਅਗਲੀ ਸੁਣਵਾਈ ਦੀ ਤਰੀਕ ਹੈ।
ਅਦਾਲਤ ਡਾਂਸਰ ਦੇ ਖਿਲਾਫ ਕੇਸ ਵਿੱਚ ਦੋਸ਼ ਤੈਅ ਕਰੇਗੀ ਜਿਸ ਲਈ ਦੋਸ਼ੀ ਦੀ ਮੌਜੂਦਗੀ ਜ਼ਰੂਰੀ ਹੈ।
ਚੌਧਰੀ ਨੇ ਪਹਿਲਾਂ ਵੀ ਆਪਣੇ ਖਿਲਾਫ ਐਫਆਈਆਰ ਨੂੰ ਰੱਦ ਕਰਨ ਲਈ ਅਦਾਲਤ ਦਾ ਰੁਖ ਕੀਤਾ ਸੀ ਪਰ ਉਸ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ।
ਚੌਧਰੀ ਦੇ ਖਿਲਾਫ 14 ਅਕਤੂਬਰ, 2018 ਨੂੰ ਆਸ਼ਿਆਨਾ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ, ਜਦੋਂ ਉਹ 13 ਅਕਤੂਬਰ ਨੂੰ ਲਖਨਊ ਵਿੱਚ ਸਮ੍ਰਿਤੀ ਉਪਵਨ ਵਿੱਚ ਡਾਂਸ ਸ਼ੋਅ ਲਈ ਨਹੀਂ ਪਹੁੰਚੀ ਸੀ।
ਡਾਂਸਰ ਤੋਂ ਇਲਾਵਾ, ਐਫਆਈਆਰ ਵਿੱਚ ਪ੍ਰੋਗਰਾਮ ਦੇ ਆਯੋਜਕਾਂ ਜੁਨੈਦ ਅਹਿਮਦ, ਨਵੀਨ ਸ਼ਰਮਾ, ਇਬਾਦ ਅਲੀ, ਅਮਿਤ ਪਾਂਡੇ ਅਤੇ ਰਤਨਾਕਰ ਉਪਾਧਿਆਏ ਦੇ ਨਾਮ ਵੀ ਸ਼ਾਮਲ ਹਨ।
ਪ੍ਰੋਗਰਾਮ ਦੀ ਟਿਕਟ 300 ਰੁਪਏ ਦੀ ਕੀਮਤ 'ਤੇ ਔਨਲਾਈਨ ਅਤੇ ਔਫਲਾਈਨ ਦੋਵਾਂ ਵਿੱਚ ਵੇਚੀ ਗਈ ਸੀ।
ਪ੍ਰਦਰਸ਼ਨ ਨੂੰ ਦੇਖਣ ਲਈ ਹਜ਼ਾਰਾਂ ਲੋਕ ਪੁੱਜੇ ਹੋਏ ਸਨ ਪਰ ਜਦੋਂ ਚੌਧਰੀ ਰਾਤ 10 ਵਜੇ ਤੱਕ ਵੀ ਨਹੀਂ ਆਏ ਤਾਂ ਭੀੜ ਨੇ ਮੌਕੇ 'ਤੇ ਹੰਗਾਮਾ ਕਰ ਦਿੱਤਾ।
ਲੋਕਾਂ ਦੇ ਪੈਸੇ ਵੀ ਕਥਿਤ ਤੌਰ 'ਤੇ ਵਾਪਸ ਨਹੀਂ ਕੀਤੇ ਗਏ।