ਉੱਠ ਕਿਰਤੀਆ ਉਠ ਵੇ, ਉਠਣ ਦਾ ਵੇਲ਼ਾ ਦੇ ਰਚੇਤਾ ਲੋਕ-ਕਵੀ ਸੰਤ ਰਾਮ ਉਦਾਸੀ ਦੀ 35 ਵੀਂ ਬਰਸੀ ਮਨਾਈ;
ਕਿਸਾਨਾਂ ਨੂੰ ਵਿਹਲੜ ਤੇ ਸ਼ਰਾਬੀ ਗਰਦਾਨਨ ਵਾਲੇ ਬੀਜੇਪੀ ਨੇਤਾ ਆਪਣੀ ਜ਼ੁਬਾਨ 'ਤੇ ਲਗਾਮ ਲਾਉਣ: ਕਿਸਾਨ ਆਗੂ
ਨਾਰਨੌਂਦ (ਹਰਿਆਣਾ) 'ਚ ਕਿਸਾਨਾਂ 'ਤੇ ਕੀਤੇ ਪੁਲਿਸ ਜਬਰ ਦੀ ਨਿਖੇਧੀ; ਕਿਸਾਨਾਂ ਖਿਲਾਫ ਕੇਸ ਵਾਪਸ ਲੈਣ ਦੀ ਮੰਗ
ਦਲਜੀਤ ਕੌਰ ਭਵਾਨੀਗੜ੍ਹ
ਚੰਡੀਗੜ੍ਹ, 6 ਨਵੰਬਰ, 2021 : ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਪੰਜਾਬ ਭਰ 'ਚ 108 ਥਾਵਾਂ- ਟੌਲ ਪਲਾਜ਼ਿਆਂ, ਰਿਲਾਇੰਸ ਪੰਪਾਂ, ਭਾਜਪਾ ਆਗੂਆਂ ਦੇ ਘਰਾਂ, ਕਾਰਪੋਰੇਟ ਮਾਲਜ਼, ਅਡਾਨੀਆਂ ਦੇ ਸੈਲੋ, ਖੁਸ਼ਕ ਬੰਦਰਗਾਹ ਅਤੇ ਰੇਲਵੇ-ਸਟੇਸ਼ਨਾਂ 'ਤੇ ਲਾਏ ਪੱਕੇ-ਧਰਨੇ ਅੱਜ 402ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਹੇ।
ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਟਿੱਕਰੀ ਕਿਸਾਨ ਮੋਰਚਾ 'ਤੇ ਹੋਏ ਟਰੱਕ ਹਾਦਸੇ 'ਚ ਸ਼ਹੀਦ ਹੋਈਆਂ ਕਿਸਾਨ-ਬੀਬੀਆਂ ਨੂੰ ਸ਼ਰਧਾਂਜਲੀ ਦਿੰਦਿਆਂ ਅੰਤਿਮ ਅਰਦਾਸ 7 ਨਵੰਬਰ ਨੂੰ ਉਨ੍ਹਾਂ ਦੇ ਪਿੰਡ ਖੀਵੇ ਦਿਆਲੂ ਵਾਲੇ ਵਿਖੇ ਕੀਤੀ ਜਾਵੇਗੀ। ਸੰਯੁਕਤ ਕਿਸਾਨ ਮੋਰਚਾ ਅਤੇ 32 ਪੰਜਾਬ ਕਿਸਾਨ ਜਥੇਬੰਦੀਆਂ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਉਹ 7 ਨਵੰਬਰ ਨੂੰ ਹਰ ਕਿਸਾਨ-ਮੋਰਚੇ 'ਤੇ ਸ਼ਹੀਦ ਬੀਬੀਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਅਤੇ ਅਰਦਾਸ ਕਰਨ।
ਅੱਜ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਧਰਨਿਆਂ 'ਚ ਲੋਕ-ਕਵੀ ਸੰਤ ਰਾਮ ਉਦਾਸੀ ਦੀ 35ਵੀਂ ਬਰਸੀ ਬਹੁਤ ਭਾਵਪੂਰਤ ਤੇ ਜੋਸ਼ੀਲੇ ਅੰਦਾਜ਼ ਵਿੱਚ ਮਨਾਈ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਸੰਨ 1986 ਵਿੱਚ ਅੱਜ ਦੇ ਦਿਨ ਉਦਾਸੀ ਜੀ, ਨੰਦੇੜ ਸਾਹਿਬ ਤੋਂ ਵਾਪਸੀ ਸਮੇਂ, ਮਨਮਾਡ (ਮਹਾਂਰਾਸ਼ਟਰ) ਨੇੜੇ ਟਰੇਨ ਵਿੱਚ ਹੀ ਸਦੀਵੀ ਵਿਛੋੜਾ ਦੇ ਗਏ ਹਨ। ਉਦਾਸੀ ਨੇ ਆਪਣੀ ਸਾਰੀ ਉਮਰ ਲੋਕ ਹਿੱਤਾਂ ਦੇ ਲੇਖੇ ਲਾਈ। ਆਪਣੇ ਗੀਤਾਂ ਰਾਹੀਂ ਲੋਕਾਂ ਦੀਆਂ ਦੁੱਖਾਂ/ਦੁਸ਼ਵਾਰੀਆਂ ਦੀ ਗੱਲ ਕਰਨ ਬਦਲੇ ਉਸ ਨੇ ਸਰਕਾਰੀ ਜਬਰ ਆਪਣੇ ਪਿੰਡੇ 'ਤੇ ਹੰਢਾਇਆ।
ਆਗੂਆਂ ਨੇ ਕਿਹਾ ਕਿ ਅੱਜ ਵੀ ਸੰਘਰਸ਼ਾਂ ਦੇ ਪਿੜਾਂ ਵਿੱਚ ਉਦਾਸੀ ਦੇ ਗੀਤ ਅਕਸਰ ਗਾਏ ਜਾਂਦੇ ਹਨ। ਅੱਜ ਵੀ ਧਰਨੇ ਵਿੱਚ ਉਨ੍ਹਾਂ ਦੇ ਹੀ ਗੀਤ ਗਾਏ ਅਤੇ ਜੀਵਨ ਸੰਘਰਸ਼ ਬਾਰੇ ਚਰਚਾ ਕੀਤੀ ਗਈ। ਆਗੂਆਂ ਨੇ ਕਿਹਾ ਕਿ ਉਦਾਸੀ ਦੇ ਗੀਤਕਾਰੀ ਲੋਕਾਂ ਦਾ ਅਣਮੁੱਲਾ ਸਰਮਾਇਆ ਹੈ ਅਤੇ ਹੱਕ- ਸੱਚ ਲਈ ਜੂਝਣ ਵਾਲੇ ਲੋਕਾਂ ਲਈ ਪ੍ਰੇਰਨਾ ਸਰੋਤ ਹੈ। ਦੋ ਮਿੰਟ ਦਾ ਮੌਨ ਧਾਰ ਕੇ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ।
ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਧਰਨਿਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕੱਲ੍ਹ ਬੀਜੇਪੀ ਦੇ ਰਾਜ ਸਭਾ ਮੈਂਬਰ ਰਾਮ ਚੰਦਰ ਜਾਂਗੜਾ ਵੱਲੋਂ ਕਿਸਾਨਾਂ ਖਿਲਾਫ ਵਰਤੀ ਭੱਦੀ ਸ਼ਬਦਾਵਲੀ ਦੀ ਸਖਤ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਬੀਜੇਪੀ ਦੀ ਬੌਖਲਾਹਟ ਉਦੋਂ ਜੱਗ-ਜਾਹਰ ਹੋ ਗਈ ਜਦੋਂ ਉਸ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਵਿਹਲੜ ਤੇ ਸ਼ਰਾਬੀ ਤੱਕ ਗਰਦਾਨ ਦਿੱਤਾ।
ਬੁਲਾਰਿਆਂ ਨੇ ਕਿਹਾ ਕਿ ਸਰਕਾਰ ਕਿਸਾਨ ਅੰਦੋਲਨਕਾਰੀਆਂ ਤੋਂ ਇਖਲਾਕੀ ਤੌਰ 'ਤੇ ਹਾਰ ਚੁੱਕੀ ਹੈ ਅਤੇ ਦਬਾਅ ਹੇਠ ਹੈ। ਇਸੇ ਲਈ ਕਿਸਾਨਾਂ ਦੀਆਂ ਦਲੀਲਾਂ ਮੂਹਰੇ ਨਿਰ-ਉੱਤਰ ਹੋਏ ਨੇਤਾ ਗਾਲ੍ਹਾਂ ਅਤੇ ਭੱਦੀ ਸ਼ਬਦਾਵਲੀ 'ਤੇ ਉਤਰ ਆਏ ਹਨ। ਕੱਲ੍ਹ ਕਿਸਾਨਾਂ ਵੱਲੋਂ ਘੇਰੇ ਜਾਣ 'ਤੇ ਬੀਜੇਪੀ ਨੇਤਾਵਾਂ ਨੇ ਮਾਫੀ ਮੰਗ ਕੇ ਖਹਿੜਾ ਛੁਡਾਇਆ ਅਤੇ ਪੁਲਿਸ ਨੂੰ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਵੀ ਰਿਹਾ ਕਰਨਾ ਪਿਆ। ਅਸੀਂ ਕਿਸਾਨਾਂ ਉਪਰ ਕੀਤੇ ਪੁਲਿਸ ਜਬਰ ਦੀ ਸਖਤ ਨਿਖੇਧੀ ਕਰਦੇ ਹਾਂ ਅਤੇ ਕਿਸਾਨਾਂ ਵਿਰੁੱਧ ਦਰਜ ਕੇਸ ਤੁਰੰਤ ਰੱਦ ਕਰਨ ਦੀ ਮੰਗ ਕਰਦੇ ਹਾਂ।