ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਨੇ ਨੋਟਿਸ ਕੀਤਾ ਜਾਰੀ
ਪ੍ਰੋ ਪੰਡਿਤਰਾਓ ਧਰੇਨਵਰ ਨੇ ਕੀਤੀ ਸੀ ਸ਼ਿਕਾਇਤ
ਚੰਡੀਗੜ੍ਹ/3ਅਕਤੂਬਰ/ਦੇਸ਼ ਕਲਿਕ ਬਿਊਰੋ:
ਬਾਲੀਵੁੱਡ ਦੇ ਮਸ਼ਹੂਰ ਰੈਪਰ ਤੇ ਗਾਇਕ ਬਾਦਸ਼ਾਹ ਦਾ ਨਵਾਂ ਪਾਣੀ-ਪਾਣੀ ਗੀਤ ਵਿਵਾਦਾਂ 'ਚ ਘਿਰ ਗਿਆ ਹੈ। ਇਸ 'ਤੇ ਬਿਨਾਂ ਇਜਾਜ਼ਤ ਊਠਾਂ ਅਤੇ ਘੋੜਿਆਂ ਦੀ ਵਰਤੋਂ ਕਰਨ ਦਾ ਦੋਸ਼ ਹੈ। ਜਿਸ ਤੋਂ ਬਾਅਦ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਨੇ ਗੀਤ ਦੇ ਨਿਰਮਾਤਾਵਾਂ ਨੂੰ ਨੋਟਿਸ ਜਾਰੀ ਕੀਤਾ ਹੈ। ਗੀਤ ਦੇ ਨਿਰਮਾਤਾ ਨੀਰਜ ਭੱਟ, ਆਦਿਤਿਆ ਦੇਵ ਅਤੇ ਹਿਤੇਨ ਨੂੰ 7 ਦਿਨਾਂ ਦੇ ਅੰਦਰ ਲਿਖਤੀ ਜਵਾਬ ਲਈ ਤਲਬ ਕੀਤਾ ਗਿਆ ਹੈ।
ਇਸ ਸਬੰਧੀ ਸ਼ਿਕਾਇਤ ਕਰਨ ਵਾਲੇ ਪੰਡਿਤਰਾਓ ਧਰੇਨਵਰ ਨੇ ਦੱਸਿਆ ਕਿ ਰਾਜਸਥਾਨ ਦੇ ਮੁੱਖ ਸਕੱਤਰ ਤੋਂ ਇਲਾਵਾ ਜੈਸਲਮੇਰ ਦੇ ਡੀਸੀ ਨੂੰ ਵੀ ਇਸ ਸਬੰਧੀ ਸ਼ਿਕਾਇਤ ਭੇਜੀ ਗਈ ਹੈ। ਇਸ ਗੀਤ ਦੀ ਸ਼ੂਟਿੰਗ ਉੱਥੇ ਹੀ ਕੀਤੀ ਗਈ ਹੈ।
ਚੰਡੀਗੜ੍ਹ ਦੇ ਪੰਡਿਤਰਾਓ ਧਰੇਨਵਰ ਨੇ ਇਸ ਦੀ ਸ਼ਿਕਾਇਤ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਗੀਤ ਵਿੱਚ ਪਸ਼ੂ ਦਿਖਾਉਣ ਲਈ ਬੋਰਡ ਤੋਂ ਕੋਈ ਐਨਓਸੀ ਨਹੀਂ ਲਈ ਗਈ। ਇਹ ਨਾ ਸਿਰਫ਼ ਪਰਫਾਰਮਿੰਗ ਐਨੀਮਲਜ਼ (ਰਜਿਸਟ੍ਰੇਸ਼ਨ) ਰੂਲਜ਼, 2001 ਦੀ ਉਲੰਘਣਾ ਹੈ, ਸਗੋਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਵੀ ਉਲੰਘਣਾ ਹੈ। ਉਨ੍ਹਾਂ ਦੱਸਿਆ ਕਿ ਇਸ ਗੀਤ ਵਿੱਚ ਪਸ਼ੂਆਂ ਦੀ ਵਰਤੋਂ ਦੇ ਨਾਲ-ਨਾਲ ਔਰਤਾਂ ਦਾ ਅਪਮਾਨ ਕਰਨ ਵਾਲੇ, ਦੋਹਰੇ ਅਰਥਾਂ ਵਾਲੇ ਅਤੇ ਅਸ਼ਲੀਲ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ।