ਬੈਂਗਲੁਰੂ : 29 ਅਕਤੂਬਰ,
ਮਸ਼ਹੂਰ ਕੰਨੜ ਅਦਾਕਾਰ ਪੁਨੀਤ ਰਾਜਕੁਮਾਰ ਦੀ ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਕੰਨੜ ਸਿਨੇਮਾ ਦੇ ਮਹਾਨ ਕਲਾਕਾਰ ਰਾਜਕੁਮਾਰ ਦਾ ਪੁੱਤਰ ਸੀ। ਪੁਨੀਤ ਦੀ ਉਮਰ 46 ਸਾਲ ਸੀ। ਪਰਿਵਾਰਕ ਸੂਤਰਾਂ ਮੁਤਾਬਕ ਪੁਨੀਤ ਨੂੰ ਜਿਮ 'ਚ ਵਰਕਆਊਟ ਦੌਰਾਨ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਵਿਕਰਮ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਰੰਗਨਾਥ ਨਾਇਕ ਨੇ ਦੱਸਿਆ ਕਿ ਜਦੋਂ ਉਸ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੀ ਹਾਲਤ ਨਾਜ਼ੁਕ ਸੀ। ਪੁਨੀਤ ਦਾ ਆਈਸੀਯੂ ਵਿੱਚ ਇਲਾਜ ਚੱਲ ਰਿਹਾ ਸੀ। ਬੇਂਗਲੁਰੂ ਪੁਲਿਸ ਕਮਿਸ਼ਨਰ ਕਮਲ ਪੰਤ ਪੁਨੀਤ ਦੇ ਸਦਾਸ਼ਿਵਨਗਰ ਸਥਿਤ ਰਿਹਾਇਸ਼ 'ਤੇ ਪਹੁੰਚ ਗਏ ਹਨ। ਪੁਨੀਤ ਦਾ ਜਨਮ 17 ਮਾਰਚ 1975 ਨੂੰ ਹੋਇਆ ਸੀ। ਲੋਕ ਉਸਨੂੰ ਪਿਆਰ ਨਾਲ ਅੱਪੂ ਕਹਿੰਦੇ ਸਨ। ਅਭਿਨੇਤਾ ਇੱਕ ਗਾਇਕ, ਟੈਲੀਵਿਜ਼ਨ ਹੋਸਟ ਅਤੇ ਨਿਰਮਾਤਾ ਵੀ ਸੀ। ਉਸਨੇ 29 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ। ਉਹ ਬਾਲ ਕਲਾਕਾਰ ਦੇ ਰੂਪ ਵਿੱਚ ਕਈ ਫਿਲਮਾਂ ਵਿੱਚ ਵੀ ਨਜ਼ਰ ਆ ਚੁੱਕਾ ਹੈ।
ਪੁਨੀਤ ਨੇ 'ਬੇਟਾਦਾ ਹੂਵੂ' ਵਿੱਚ ਆਪਣੀ ਭੂਮਿਕਾ ਲਈ ਸਰਵੋਤਮ ਬਾਲ ਅਦਾਕਾਰ ਦਾ ਰਾਸ਼ਟਰੀ ਫਿਲਮ ਪੁਰਸਕਾਰ ਜਿੱਤਿਆ। ਉਸਨੇ 2002 ਵਿੱਚ ਅੱਪੂ ਨਾਲ ਕੰਨੜ ਫਿਲਮ ਇੰਡਸਟਰੀ ਵਿੱਚ ਆਪਣੀ ਸ਼ੁਰੂਆਤ ਕੀਤੀ।