ਚੰਡੀਗੜ੍ਹ, 8 ਮਈ :
ਪਿਛਲੇ ਦਿਨੀਂ ਪੰਜਾਬੀ ਗਾਇਕ ਰਣਜੀਤ ਬਾਵਾ ਵੱਲੋਂ ਗਾਏ ਗਏ ਗੀਤ ‘ਮੇਰਾ ਕੀ ਕਸੂਰ’ ਦਾ ਮਾਮਲਾ ਦਿਨੋਂ ਦਿਨ ਭਖਦਾ ਜਾ ਰਿਹਾ ਹੈ। ‘ਮੇਰਾ ਕੀ ਕਸੂਰ’ ਗੀਤ ਦੇ ਗਾਇਕ ਰਣਜੀਤ ਬਾਵਾ ਅਤੇ ਲੇਖਕ ਬੀਰ ਸਿੰਘ ਦੇ ਹੱਕ ਵਿਚ ਪੰਜਾਬ ਦੇ ਲੇਖਕ, ਬੁੱਧੀਜੀਵੀ ਅਤੇ ਹੋਰ ਜਨਤਕ ਜਥੇਬੰਦੀਆਂ ਉਤਰ ਰਹੀਆਂ ਹਨ।
ਪ੍ਰਗਤੀਸ਼ੀਲ ਲੇਖਕ ਸੰਘ ਚੰਡੀਗੜ੍ਹ-ਪੰਜਾਬ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਚੇਅਰਮੈਨ ਲਾਭ ਸਿੰਘ ਖੀਵਾ ਅਤੇ ਜਨਰਲ ਸਕੱਤਰ ਡਾ. ਗੁਰਮੇਲ ਸਿੰਘ ਨੇ ਕਿਹਾ ਕਿ ਰਣਜੀਤ ਬਾਵਾ ਦਾ ਗੀਤ ‘ਮੇਰਾ ਕੀ ਕਸੂਰ’ ਨੂੰ ਲੈ ਕੇ ਕੱਟੜਪੰਥੀ ਅਤੇ ਮੂਲਵਾਦੀ ਤਾਕਤਾਂ ਨੇ ਇਕ ਵਾਰ ਫਿਰ ਦਿਖਾ ਦਿੱਤਾ ਹੈ ਕਿ ਲਿਖਣ ਬੋਲਣ ਅਤੇ ਗਾਉਣ ਦੀ ਆਜ਼ਾਦੀ ਉਪਰ ਗੰਭੀਰ ਖਤਰੇ ਮਡਰਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਗੀਤ ਦੀ ਮੂਲ ਸੂਰ ਦਲਿਤਾਂ ਅਤੇ ਸੂਦਰਾਂ ਦੀ ਹੋਣੀ ਅਤੇ ਉਨ੍ਹਾਂ ਨਾਲ ਸਦੀਆਂ ਤੋਂ ਹੋ ਰਹੇ ਦੁਰਵਿਹਾਰ ਨੂੰ ਪੇਸ਼ ਕਰਦੀ ਹੈ। ਇਸਦੇ ਨਾਲ ਹੀ ਧਰਮਾਂ ਵਿਚ ਮਨੁੱਖ ਦੇ ਬਰਾਬਰ ਸਥਾਨ ਉਤੇ ਪ੍ਰਸ਼ਨ ਚਿੰਨ ਲਾਉਂਦੀ ਹੈ। ਉਨ੍ਹਾਂ ਕਿਹਾ ਕਿ ਇਹ ਗੀਤ ਬਹੁਤੇ ਧਾਰਮਿਕ ਚਿੰਨਾਂ, ਸਥਾਨਾਂ ਅਤੇ ਮਹੱਤਤਾ ਦੇਣ ਦੀ ਥਾਵੇਂ ਮਾਨਵਤਾ ਦੇ ਹੱਕ ਵਿਚ ਖੜਨ ਦੀ ਗੱਲ ਕਰਦਾ ਹੈ। ਇਸ ਗੀਤ ਉਪਰ ਵੱਡੀ ਪੱਧਰ ਉਤੇ ਹੋ ਹੱਲ ਮਚਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪ੍ਰਗਤੀਸ਼ੀਲ ਲੇਖਕ ਸੰਘ ਚੰਡੀਗੜ੍ਹ ਇਸ ਰਵੱਈਏ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ ਅਤੇ ਸਮੁੱਚੀਆਂ ਲੇਖਕਾਂ ਅਤੇ ਕਲਾਕਾਰਾਂ ਤੋਂ ਇਲਾਵਾ ਸਮਾਜਿਕ ਨਿਆਂ ਲਈ ਲੜ ਰਹੀਆਂ ਸੰਸਥਾਵਾਂ ਨੂੰ ਅਪੀਲ ਕਰਦਾ ਹੈ ਕਿ ਰਣਜੀਤ ਬਾਵਾ ਨਾਲ ਹੋ ਰਹੇ ਧੱਕੇ ਦਾ ਵਿਰੋਧ ਕੀਤਾ ਜਾਵੇ।