ਸਾਵਧਾਨੀਆਂ ਵਰਤ ਕੇ ਪਾਈ ਜਾ ਸਕਦੀ ਹੈ ਇਨ੍ਹਾਂ ਬੀਮਾਰੀਆਂ ਤੋਂ ਨਿਜਾਤ : ਡਾ. ਹਿਤਿੰਦਰ ਕੌਰ
ਮਾਨਸਾ, 12 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਡਾ. ਹਿਤਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਐਪੀਡਮੋਲੋਜਿਸਟ ਡਾ. ਅਰਸ਼ਦੀਪ ਸਿੰਘ ਅਤੇ ਸੰਤੋਸ਼ ਭਾਰਤੀ ਦੀ ਅਗਵਾਈ ਵਿੱਚ ਮਾਨਸਾ ਸ਼ਹਿਰ ’ਚ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਬਿਮਾਰੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਬਣਵਾਏ ਰਿਕਸ਼ੇ ਨੂੰ ਸਿਵਲ ਸਰਜਨ ਵੱਲੋਂ ਹਰੀ ਝੰਡੀ ਦੇ ਕੇ ਮਾਨਸਾ ਸ਼ਹਿਰ ਵਿਖੇ ਰਵਾਨਾ ਕੀਤਾ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਿਤਿੰਦਰ ਕੌਰ ਨੇ ਦੱਸਿਆ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਸਰਵੇ ਟੀਮਾਂ ਵੱਲੋਂ ਘਰ-ਘਰ ਜਾ ਕੇ ਜਾਗਰੂਕਤਾ ਪੈਂਫਲੇਟ ਵੰਡੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਮਾਨਸਾ ਜ਼ਿਲ੍ਹੇ ਵਿੱਚ 15 ਡੇਂਗੂ ਦੇ ਕੇਸ ਮਿਲੇ ਹਨ, ਇਸ ਤੋਂ ਇਲਾਵਾ ਟੀਮਾਂ ਵੱਲੋਂ ਮੱਛਰ ਦੇ ਲਾਰਵੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬੁਖਾਰ ਵਾਲੇ ਮਰੀਜ਼ਾਂ ਦੀਆਂ ਖੂਨ ਦੀਆਂ ਸਲਾਈਡਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਟੀਮਾਂ ਨੂੰ ਹੁਣ ਤੱਕ ਕੁੱਲ 68 ਥਾਵਾਂ ’ਤੇ ਮੱਛਰ ਦਾ ਲਾਰਵਾ ਮਿਲਿਆ। ਉਨ੍ਹਾਂ ਦੱਸਿਆ ਕਿ ਜਿਸ ਘਰ ਵਿੱਚ ਲਾਰਵਾ ਮਿਲਦਾ ਹੈ, ਉਸ ਦੀ ਸੂਚਨਾ ਨਗਰ ਕੌਂਸਲ ਨੂੰ ਭੇਜੀ ਜਾਂਦੀ ਹੈ ਅਤੇ ਉਨ੍ਹਾਂ ਵੱਲੋਂ ਉਸ ਘਰ ਦਾ ਚਲਾਨ ਕੱਟਿਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਸਾਨੂੰ ਕਿਤੇ ਵੀ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ ਕਿਉਂਕਿ ਮੱਛਰ ਖੜ੍ਹੇ ਪਾਣੀ ਵਿੱਚ ਆਪਣੇ ਅੰਡੇ ਦਿੰਦਾ ਹੈ। ਇਸ ਤੋਂ ਇਲਾਵਾ ਘਰਾਂ ਵਿੱਚ ਕੂਲਰ ਫਰਿੱਜ ਦੀ ਟਰੇਅ, ਗਮਲੇ, ਟਾਇਰ, ਘੜੇ, ਕੁੱਜੇ ਆਦਿ ਵਿੱਚ ਵੀ ਮੱਛਰ ਜ਼ਿਆਦਾ ਪਨਪਦੇ ਹਨ, ਇਹ ਰਿਕਸ਼ਾ ਸ਼ਹਿਰ ਦੀਆਂ ਗਲੀਆਂ ਮੁਹੱਲਿਆਂ, ਝੁੱਗੀ ਝੌਂਪੜੀਆਂ ਤੇ ਸਲੱਮ ਇਲਾਕਿਆਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਗੇ।
ਇਸ ਮੌਕੇ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਵਿਜੇ ਕੁਮਾਰ ਨੇ ਦੱਸਿਆ ਕਿ ਕੁਝ ਸਾਵਧਾਨੀਆਂ ਵਰਤ ਕੇ ਅਸੀਂ ਇਨ੍ਹਾਂ ਭਿਆਨਕ ਬਿਮਾਰੀਆਂ ਤੋਂ ਬਚ ਸਕਦੇ ਹਾਂ ਕਿਉਂਕਿ ਪਰਹੇਜ਼ ਇਲਾਜ ਨਾਲੋਂ ਚੰਗਾ ਹੈ ।
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਵਿਜੇ ਕੁਮਾਰ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਸੰਜੀਵ ਓਬਰਾਏ, ਜ਼ਿਲਾ ਨੋਡਲ ਅਫਸਰ ਕੋਵਿਡ-19 ਸੈਂਪਲਿੰਗ ਡਾ ਰਣਜੀਤ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਦਰਸ਼ਨ ਸਿੰਘ, ਏ.ਐਮ.ੳ. ਕੇਵਲ ਸਿੰਘ, ਐੱਸ ਆਈ ਰਾਮ ਕੁਮਾਰ ਤੋਂ ਇਲਾਵਾ ਸਿਹਤ ਵਿਭਾਗ ਦੀ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।