ਡਾ ਅਜੀਤਪਾਲ ਸਿੰਘ ਐਮ ਡੀ
ਦੁਨੀਆਂ ਭਰ ਦੀਆਂ ਔਰਤਾਂ ‘ਚ ਬ੍ਰੈਸਟ ਕੈਂਸਰ (ਛਾਤੀਆਂ ਦੇ ਕੈਂਸਰ) ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ l ਵਿਕਸਤ ਦੇਸ਼ਾਂ ਵਿੱਚ 8 ਔਰਤਾਂ ਵਿੱਚੋਂ ਇੱਕ ਔਰਤ ਛਾਤੀ (ਬਰੈਸਟ) ਦੇ ਕੈਂਸਰ ਤੋਂ ਪੀੜਤ ਹੈ l ਸਾਡੇ ਦੇਸ਼ ‘ਚ ਵੀ ਇਹ ਕੈਂਸਰ ਤੇਜ਼ੀ ਨਾਲ ਵੱਧ ਰਿਹਾ ਹੈ l ਹਾਲ ਦੀ ਘੜੀ ਕੈਂਸਰ ਸਬੰਧੀ ਕੁਝ ਅਜਿਹੀਆਂ ਅਸਲੀਅਤਾਂ ਹਨ,ਜੋ ਚਿੰਤਾ ਦਾ ਵਿਸ਼ਾ ਹਨ l ਵਿਕਸਿਤ ਦੇਸ਼ਾਂ ਦੀ ਤੁਲਨਾ ‘ਚ ਦੇਸ਼ ਅੰਦਰ ਛਾਤੀ ਦੇ ਕੈਂਸਰ ਦੇ ਜੋ ਕੇਸ ਵਧ ਕੇ ਸਾਹਮਣੇ ਆ ਰਹੇ ਹਨ ਉਹ 50 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਨਾਲ ਸਬੰਧਿਤ ਹਨ l ਸੱਚ ਤਾਂ ਇਹ ਹੈ ਕਿ 70 ਤੋਂ 80 ਫੀਸਦੀ ਭਾਰਤੀ ਔਰਤਾਂ ਡਾਕਟਰਾਂ ਕੋਲ ਉਦੋਂ ਜਾਂਦੀਆਂ ਹਨ ਜਦੋਂ ਕੈਂਸਰ ਦੀਆਂ ਅਲਾਮਤਾਂ ਬਹੁਤ ਵੱਧ ਚੁੱਕੀਆਂ ਹੁੰਦੀਆਂ ਹਨ l ਕੈਂਸਰ ਦੇ ਇਲਾਜ ‘ਚ ਦੇਰੀ ਹੋਣ ਕਾਰਨ ਇਹ ਬਿਮਾਰੀ ਜਾਨਲੇਵਾ ਵੀ ਹੋ ਸਕਦੀ ਹੈ।
ਬ੍ਰੇਸਟ ਕੈਂਸਰ ਦੇ ਕਾਰਣ :
ਲਗਭਗ 8 ਤੋਂ 10 ਫੀਸਦੀ ਕੈਂਸਰ ਪਿਤਾਪੁਰਖੀ (ਜਿਨੈਟਿਕ) ਹੁੰਦੇ ਹਨ l ਅਜਿਹੀਆਂ ਪੀੜਤ ਔਰਤਾਂ ਦੇ ਪਰਿਵਾਰ ਦੀਆਂ ਔਰਤਾਂ ‘ਚ ਅਤੇ ਬੀ ਆਰ ਸੀਏ-1 ਤੇ ਬੀ ਆਰ ਸੀਏ -2 ਨਾਮਕ ਜੀਨ ਹੁੰਦੇ ਹਨ l ਇਹ ਛਾਤੀਆਂ ਤੇ ਅੰਡੇਦਾਨੀ (ਓਵਰੀ) ਦੇ ਕੈਂਸਰ ਦੀ ਸੰਭਾਵਨਾ ਨੂੰ 55 ਤੋਂ 85 ਫੀਸਦੀ ਤੱਕ ਵਧਾਉਂਦੇ ਹਨ। ਅਭਿਨੇਤਰੀ ਇੰਜੇਲੀਂਨਾ ਜੋਲੀ ਨੇ ਵੀ ਇਸ ਵਜਹਾ ਕਰਕੇ ਆਪਣੀਆਂ ਦੋਨੋਂ ਛਾਤੀਆਂ ਓਪਰੇਸ਼ਨ ਕਰਵਾ ਕੇ ਕਢਵਾ ਦਿੱਤੀਆਂ ਸਨ। ਪਰ ਲਗਭਗ 90 ਤੋਂ 95 ਫੀਸਦੀ ਔਰਤਾਂ ‘ਚ ਛਾਤੀਆਂ (ਬ੍ਰੇਸਟ) ਤੇ ਓਵਰੀ (ਅੰਡੇਦਾਨੀ) ਦੇ ਕੈਂਸਰ ਦੀ ਕੋਈ ਇੱਕ ਵਜਾਹ ਨਹੀਂ ਹੁੰਦੀ l ਬੀਅਰ ਸੀਏ ਵਨ ਅਤੇ ਬੀ ਆਰ ਸੀਏ ਟੂ ਜੀਨ ਦੀ ਜਾਂਚ ਸਿਰਫ ਉਹਨਾਂ ਔਰਤਾਂ ਲਈ ਦੀ ਸਹੀ ਹੈ ਜਿਨਾਂ ਦੇ ਪਰਿਵਾਰ ਦੀਆਂ ਦੋ ਜਾਂ ਤਿੰਨ ਔਰਤਾਂ ਬੀਤੇ ਸਮੇਂ ਚ ਬ੍ਰੈਸਟ ਕੈਂਸਰ ਜਾਂ ਉਵਰੀ ਕੈਂਸਰ ਨਾਲ ਪੀੜਿਤ ਰਹੀਆਂ ਹੋਣ l ਔਰਤਾਂ ਲਈ ਇਸ ਕੈਂਸਰ ਦਾ ਇੱਕ ਹੀ ਉਪਾਅ ਹੈ ਕਿ ਆਪ ਆਪਣੇ ਸਰੀਰ ‘ਚ ਕੈਂਸਰ ਯੁਕਤ ਬਦਲਾਅ ਲਈ ਜਾਗਰੂਕ ਹੋਵੋ ਤੇ ਚੌਕਸ ਰਹੋ l
ਬ੍ਰੈਸਟ ਕੈਂਸਰ ਦੇ ਲੱਛਣ :
ਬ੍ਰੈਸਟ ਕੈਂਸਰ ਜਦੋਂ ਸ਼ੁਰੂ ਹੁੰਦਾ ਹੈ ਉਦੋਂ ਉਸਦੇ ਕੋਈ ਲੱਛਣ ਜ਼ਾਹਰ ਨਹੀਂ ਹੁੰਦੇ l ਜੇ ਸ਼ੁਰੂਆਤੀ ਪੜਾਅ ‘ਤੇ ਕੈਂਸਰ ਦਾ ਪਤਾ ਲੱਗ ਜਾਵੇ ਤਾਂ ਇਸ ਦਾ ਇਲਾਜ ਸੌਖਾ ਹੋ ਜਾਂਦਾ ਹੈ ਅਤੇ ਅਜਿਹੀ ਹਾਲਤ ਵਿੱਚ ਪੀੜਿਤ ਔਰਤ ਦੀ ਜਾਨ ਚਲੇ ਜਾਣ ਦਾ ਕੋਈ ਖਤਰਾ ਨਹੀਂ ਹੁੰਦਾ l ਇਸ ਦੇ ਬਾਵਜੂਦ ਛਾਤੀਆਂ ਦਾ ਕੈਂਸਰ ਜਦੋਂ ਵਧਦਾ ਹੈ ਉਦੋਂ ਇਸ ਦੇ ਕੁਝ ਲੱਛਣ ਪ੍ਰਗਟ ਹੁੰਦੇ ਹਨ ਜਿੰਨਾ ਪ੍ਰਤੀ ਹਰ ਔਰਤ ਨੂੰ ਚੌਕਸ ਰਹਿਣ ਦੀ ਲੋੜ ਹੈ ਜਿਵੇਂ :
* ਛਾਤੀ (ਬਰੈਸਟ) ਵਿੱਚ ਗੰਢ
* ਨਿਪਲ ਦੇ ਸਾਇਜ਼ ‘ਚ ਤਬਦੀਲੀ
* ਨਿੱਪਲ ਚੋਂ ਖੂਨ ਜਾਂ ਪਾਣੀ ਵਰਕੇ ਤਰਲ ਦਾ ਨਿਕਲਣਾ
* ਕੱਛਾਂ ਚ ਗੰਢ ਹੋ ਜਾਣੀ l
ਬਹੁਤੇ ਕੇਸਾਂ ਚ ਛਾਤੀ ਅੰਦਰਲੀ ਗੰਢ ‘ਚ ਦਰਦ ਨਹੀਂ ਹੁੰਦਾ l ਇਹੀ ਕਾਰਨ ਹੈ ਕਿ ਔਰਤਾਂ ਸਹੀ ਸਮੇਂ ਸਿਰ ਡਾਕਟਰ ਪਾਸ ਨਹੀਂ ਪਹੁੰਚਦੀਆਂ l
ਜਾਂਚਾਂ ਤੇ ਇਲਾਜ :
ਇਹ ਜਰੂਰੀ ਹੈ ਕਿ 30 ਸਾਲਾਂ ਦੀ ਉਮਰ ਤੋਂ ਹਰੇਕ ਔਰਤ ਹਰ ਮਹਾਮਾਰੀ ਪਿੱਛੋਂ ਆਪਣੀਆਂ ਛਾਤੀਆਂ ਤੇ ਉਹਨਾਂ ਦੇ ਨੇੜ ਤੇੜ ਹੋਣ ਵਾਲੀਆਂ ਤਬਦੀਲੀਆਂ ਦੀ ਖੁਦ ਜਾਂਚ ਕਰੇ l ਇਸ ਤਰ੍ਹਾਂ 40 ਸਾਲ ਦੀ ਉਮਰ ਹਰ ਔਰਤ ਨੂੰ ਸਾਲ ‘ਚ ਇੱਕ ਵਾਰੀ ਮਾਹਰ ਡਾਕਟਰ ਦੀ ਰਾਏ ਨਾਲ ਛਾਤੀਆਂ ਦਾ ਐਕਸਰੇ ਕਰਵਾਉਣਾ ਚਾਹੀਦਾ ਹੈ l ਇਸ ਐਕਸਰੇ ਨੂੰ ਮੈਮੋਗਰਾਫੀ ਕਿਹਾ ਜਾਂਦਾ ਹੈ। ਮੈਮੋਗ੍ਰਾਫੀ ਦੇ ਜਰੀਏ ਚਾਵਲ ਦੇ ਦਾਣੇ ਜਿੱਡੇ ਛੋਟੇ ਸੂਖਮ ਕੈਂਸਰ ਗ੍ਰਸਤ ਭਾਗ ਦਾ ਵੀ ਪਤਾ ਲਾਇਆ ਜਾ ਸਕਦਾ ਹੈ l
ਇਸ ਸਥਿਤੀ ਵਿੱਚ ਕੈਂਸਰ ਤੇ ਇਲਾਜ ਲਈ ਪੂਰੀ ਛਾਤੀ /ਬਰੈਸਟ ਕੱਢਣ ਦੀ ਲੋੜ ਨਹੀਂ ਪੈਂਦੀ l ਇਸ ਸਟੇਜ ‘ਤੇ ਪਤਾ ਲੱਗਣ ਵਾਲੇ ਕੈਂਸਰ ਦੇ ਰੋਗੀਆਂ ਦਾ 90 ਤੋਂ 95 ਫੀਸਦੀ ਤੱਕ ਸਫਲ ਇਲਾਜ ਹੋ ਜਾਂਦਾ ਹੈ l ਜਦ ਛਾਤੀਆਂ ਦੇ ਕੈਂਸਰ ਦਾ ਬਾਅਦ ਦੇ ਪੜਾਅ/ਅਡਵਾਂਸ ਸਟੇਜ ਤੇ ਪਤਾ ਲੱਗੇ ਤਾਂ ਪੂਰੀ ਛਾਤੀ ਆਪਰੇਸ਼ਨ ਨਾਲ ਕੱਢਣੀ ਹੀ ਪੈਂਦੀ ਹੈ। ਇੰਨਾ ਹੀ ਨਹੀਂ ਅਜਿਹੀ ਹਾਲਤ ਚ ਕੀਮੋਥਰੈਪੀ ਵੀ ਕਰਾਉਣੀ ਪੈਂਦੀ ਹੈ। ਕੈਂਸਰ ਦੀ ਇਸ ਵਧੀ ਹੋਈ ਹਾਲਤ ‘ਚ ਪੀੜਤਾਂ ਦੇ ਇਲਾਜ ਦੀ ਸਫਲਤਾ ਦਰ 20 ਤੇ 40 ਫੀਸਦੀ ਘੱਟ ਹੋ ਜਾਂਦੀ ਹੈ। ਵਿਕਸਿਤ ਦੇਸ਼ਾਂ ‘ਚ ਛਾਤੀਆਂ ਦੇ ਕੈਂਸਰ ਦੇ ਅੱਸੀ ਫੀਸਦੀ ਕੇਸਾਂ ਦਾ ਸ਼ੁਰੂਆਤੀ ਪੜਾਅ ‘ਤੇ ਹੀ ਪਤਾ ਲੱਗ ਜਾਂਦਾ ਹੈ ਕਿਉਂਕਿ ਉੱਥੇ ਔਰਤਾਂ ਰੈਗੂਲਰ ਜਾਂਚ ਕਰਾਉਂਦੀਆਂ ਹਨ l ਸਾਡੇ ਦੇਸ਼ ਦੀਆਂ ਬਹੁਤੀਆਂ ਔਰਤਾਂ ਨੂੰ ਮੈਮੋਗ੍ਰਾਫੀ ਦੀ ਸਹੂਲਤ ਮੁਹਈਆ ਹੈ ਹੀ ਨਹੀਂ l ਇਸ ਲਈ ਉਹਨਾਂ ਨੂੰ ਖੁਦ ਹੀ ਆਪਣੀਆਂ ਛਾਤੀਆਂ ਤੇ ਸਰੀਰ ਦੇ ਅੰਗਾਂ ‘ਚ ਆਏ ਬਦਲਾਵਾਂ ਪ੍ਰਤੀ ਸੁਚੇਤ ਰਹਿਣਾ ਪੈਂਦਾ ਹੈ l ਧਿਆਨ ਰੱਖੋ ਕਿ ਜਦ ਵੀ ਛਾਤੀਆਂ ਜਾਂ ਉਸ ਦੇ ਆਸ ਪਾਸ ਕੋਈ ਗੈਰ ਕੁਦਰਤੀ ਤਬਦੀਲੀ ਆਵੇ ਤਾਂ ਅਜਿਹੀ ਹਾਲਤ ‘ਚ ਫੌਰਨ ਡਾਕਟਰ ਤੋਂ ਜਾਂਚ ਕਰਾਉਣੀ ਚਾਹੀਦੀ ਹੈ।