ਕੋਹੜ ਛੂਤ ਦਾ ਰੋਗ ਨਹੀਂ, ਹੋਰਨਾਂ ਬੀਮਾਰੀਆਂ ਵਾਂਗ ਇਲਾਜਯੋਗ : ਡਾ. ਭਵਨੀਤ ਭਾਰਤੀ
ਮੋਹਾਲੀ, 8 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਜ਼ਿਲ੍ਹਾ ਸਿਹਤ ਵਿਭਾਗ ਦੁਆਰਾ ਕੋਹੜ ਰੋਗ ਵਿਰੁਧ ਜਾਗਰੂਕਤਾ ਦਾ ਹੋਕਾ ਦੇਣ ਦੇ ਮਕਸਦ ਨਾਲ ਜ਼ਿਲ੍ਹਾ ਹਸਪਤਾਲ ਵਿਚ ਰੈਲੀ ਕੱਢੀ ਗਈ। ਡਾ. ਬੀ.ਆਰ.ਅੰਬੇਦਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦੇ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਨੇ ਇਸ ਰੈਲੀ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਰੈਲੀ ਰਵਾਨਾ ਕਰਨ ਤੋਂ ਪਹਿਲਾਂ ਉਨ੍ਹਾਂ ਅਪਣੇ ਸੰਬੋਧਨ ਵਿਚ ਆਖਿਆ ਕਿ ਕੁੁਝ ਲੋਕ ਸਮਝਦੇ ਹਨ ਕਿ ਕੋਹੜ ਦਾ ਰੋਗ ਛੂਆ-ਛਾਤ ਵਾਲਾ ਰੋਗ ਹੈ ਅਤੇ ਕੋਹੜ ਪੀੜਤਾਂ ਕੋਲੋਂ ਦੂਰ ਰਹਿਣਾ ਤੇ ਉਨ੍ਹਾਂ ਦੇ ਅੰਗਾਂ ਨੂੰ ਛੂਹਣਾ ਨਹੀਂ ਚਾਹੀਦਾ ਪਰ ਇਹ ਬਿਲਕੁਲ ਹੀ ਗ਼ਲਤ ਧਾਰਨਾ ਹੈ ਕਿਉਂਕਿ ਇਹ ਛੂਤ ਦਾ ਰੋਗ ਨਹੀਂ ਹੈ ਅਤੇ ਇਸ ਬੀਮਾਰੀ ਦਾ ਇਲਾਜ ਪੂਰੀ ਤਰ੍ਹਾਂ ਸੰਭਵ ਹੈ। ਉਨ੍ਹਾਂ ਕਿਹਾ ਕਿ ਕੋਹੜ ਪੀੜਤਾਂ ਦੇ ਨੇੜੇ ਜਾਣ ਜਾਂ ਉਨ੍ਹਾਂ ਨਾਲ ਹੱਥ ਮਿਲਾਉਣ ਨਾਲ ਕੁਝ ਨਹੀਂ ਹੁੰਦਾ। ਕੋਹੜ ਦਾ ਰੋਗ ਵੀ ਹੋਰਨਾਂ ਬੀਮਾਰੀਆਂ ਜਿਹਾ ਹੀ ਹੈ ਅਤੇ ਇਸ ਦਾ ਡਾਕਟਰੀ ਇਲਾਜ ਕੀਤਾ ਜਾ ਸਕਦਾ ਹੈ ਜਿਸ ਨਾਲ ਹੁਣ ਤਕ ਲੱਖਾਂ ਮਰੀਜ਼ ਠੀਕ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਰੈਲੀ ਦਾ ਮਕਸਦ ਲੋਕਾਂ ਨੂੰ ਇਹੋ ਸੁਨੇਹਾ ਦੇਣਾ ਹੈ ਕਿ ਕੋਹੜ ਪੀੜਤ ਲੋਕ ਸਾਡੇ ਸਮਾਜ ਦਾ ਅਹਿਮ ਹਿੱਸਾ ਹਨ ਅਤੇ ਉਨ੍ਹਾਂ ਨਾਲ ਕਿਸੇ ਵੀ ਕਿਸਮ ਦਾ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ। ਰੈਲੀ ਵਿਚ ਨਰਸਿੰਗ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਜਿਨ੍ਹਾਂ ਨਾਹਰੇ ਲਾਉਂਦਿਆਂ ਲੋਕਾਂ ਨੂੰ ਕੋਹੜ ਬਾਰੇ ਜਾਣਕਾਰੀ ਦਿਤੀ।
ਚਮੜੀ ਰੋਗਾਂ ਦੇ ਮਾਹਰ ਡਾ. ਜਸਕੰਵਲ ਕੌਰ ਨੇ ਕੋਹੜ ਰੋਗ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਬਾਰੇ ਵਿਸਥਾਰ ਨਾਲ ਸਮਝਾਇਆ। ਉਨ੍ਹਾਂ ਕਿਹਾ ਕਿ ਕੋਹੜ ਪੀੜਤਾਂ ਨੂੰ ਸਾਵਧਾਨੀ ਜ਼ਰੂਰ ਵਰਤਣੀ ਚਾਹੀਦੀ ਹੈ ਜਿਵੇਂ ਪੀੜਤਾਂ ਨੂੰ ਅਪਣੇ ਹੱਥ ਗਰਮ ਭਾਂਡਿਆਂ ਜਾਂ ਹੋਰ ਗਰਮ ਚੀਜ਼ਾਂ ਤੋਂ ਦੂਰ ਰਖਣੇ ਚਾਹੀਦੇ ਹਨ, ਪੈਰਾਂ ਵਿਚ ਜੁੱਤੀ ਪਾਉਣੀ ਚਾਹੀਦੀ ਹੈ, ਪੌਸ਼ਟਿਕ ਖ਼ੁਰਾਕ ਖਾਣੀ ਚਾਹੀਦੀ ਹੈ। ਕੋਹੜ ਦੇ ਰੋਗ ਬਾਰੇ ਛੇਤੀ ਪਤਾ ਲੱਗ ਜਾਣ ’ਤੇ ਇਸ ਦਾ ਇਲਾਜ ਸੌਖਾ ਹੋ ਜਾਂਦਾ ਹੈ। ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਇਸ ਬੀਮਾਰੀ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਇਸ ਬੀਮਾਰੀ ਦਾ ਇਲਾਜ ਛੇ ਮਹੀਨੇ ਤੋਂ ਇਕ ਸਾਲ ਅੰਦਰ ਹੋ ਜਾਂਦਾ ਹੈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਰੇਨੂੰ ਸਿੰਘ, ਡਾ. ਜਸਕੰਵਲ ਕੌਰ, ਡਾ. ਪਰਮਿੰਦਰਜੀਤ ਸਿੰਘ, ਸਹਾਇਕ ਪ੍ਰੋਫ਼ੈਸਰ ਡਾ. ਅਨੁਰਾਧਾ ਭਾਟੀਆ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਗੁਰਦੀਪ ਕੌਰ, ਨਰਸਿੰਗ ਸਿਸਟਰ ਜਸਵਿੰਦਰ ਕੌਰ, ਐਨ.ਐਸ.ਐਸ. ਗੁਰਜਿੰਦਰ ਸਿੰਘ, ਐਸ.ਟੀ.ਆਈ. ਕੌਂਸਲਰ ਹਰਮਿੰਦਰ ਸਿੰਘ ਆਦਿ ਮੌਜੂੂਦ ਸਨ।
ਕੋਹੜ ਰੋਗ ਦੇ ਲੱਛਣ
ਚਮੜੀ ਉਤੇ ਹਲਕੇ ਤਾਂਬੇ ਰੰਗ ਦੇ ਸੁੰਨ ਧੱਬੇ। ਸੁੰਨਾਪਣ ਚਮੜੀ ਹੇਠਲੀਆਂ ਨਸਾਂ ਦੀ ਖ਼ਰਾਬੀ ਕਾਰਨ ਹੁੰਦਾ ਹੈ। ਨਸਾਂ ਮੋਟੀਆਂ ਅਤੇ ਸਖ਼ਤ ਹੋ ਜਾਂਦੀਆਂ ਹਨ। ਪ੍ਰਭਾਵਤ ਹਿੱਸੇ ਨੂੰ ਠੰਢੇ ਤੱਤੇ ਜਾਂ ਕਿਸੇ ਸੱਟ ਦਾ ਪਤਾ ਨਹੀਂ ਲੱਗਦਾ ਜਿਸ ਕਾਰਨ ਸਰੀਰ ਦੀ ਕਰੂਪਤਾ ਜਾਂ ਅੰਗਹੀਣਤਾ ਹੋ ਜਾਂਦੀ ਹੈ। ਨਸਾਂ ਦੀ ਖ਼ਰਾਬੀ ਕਾਰਨ ਮਾਸਪੇਸ਼ੀਆਂ ਕੰਮ ਨਹੀਂ ਕਰਦੀਆਂ ਜਿਸ ਕਾਰਨ ਸਰੀਰ ਦੇ ਅੰਗ ਮੁੜ ਜਾਂਦੇ ਹਨ। ਤੱਤੇ ਠੰਢੇ ਦਾ ਪਤਾ ਨਾ ਲੱਗਣ ਕਾਰਨ ਜ਼ਖ਼ਮ ਹੋ ਜਾਂਦੇ ਹਨ। ਅੱਖਾਂ ਵਿਚ ਇਹ ਬਿਮਾਰੀ ਹੋਣ ’ਤੇ ਅੱਖ ਪੂਰੀ ਤਰ੍ਹਾਂ ਬੰਦ ਨਹੀਂ ਹੁੰਦੀ ਜਿਸ ਕਾਰਨ ਅੱਖਾਂ ਵਿਚ ਚਿੱਟਾ ਪੈ ਜਾਂਦਾ ਹੈ ਤੇ ਮਰੀਜ਼ ਦੀ ਨਿਗ੍ਹਾ ਉਤੇ ਅਸਰ ਪੈਂਦਾ ਹੈ।(advt53)