ਸਬ-ਨੈਸ਼ਨਲ ਇਮੂਨਾਈਜੇਸ਼ਨ ਡੇਅ ਮੁਹਿੰਮ ਤਹਿਤ ਚਾਰ ਲੱਖ ਤੋਂ ਵੱਧ ਘਰਾਂ ਵਿਚ ਜਾਣਗੇ ਸਿਹਤ ਕਾਮੇ: ਡਾ. ਆਦਰਸ਼ਪਾਲ ਕੌਰ
ਮੋਹਾਲੀ, 26 ਸਤੰਬਰ : ਜ਼ਿਲ੍ਹਾ ਐਸ.ਏ.ਐਸ. ਨਗਰ ਵਿਚ ‘ਸਬ-ਨੈਸ਼ਨਲ ਇਮੀਉਨਾਈਜ਼ੇਸ਼ਨ ਡੇਅ (ਐਸ.ਐਨ.ਆਈ.ਡੀ)’ ਮੁਹਿੰਮ ਦੇ ਪਹਿਲੇ ਦਿਨ 5 ਸਾਲ ਤੋਂ ਘੱਟ ਉਮਰ ਦੇ 66,834 ਬੱਚਿਆਂ ਨੂੰ ਪੋਲੀਉ ਰੋਕੂ ਬੂੰਦਾਂ ਪਿਲਾਈਆਂ ਗਈਆਂ। ਇਹ ਮੁਹਿੰਮ 26 ਸਤੰਬਰ ਤੋਂ 28 ਸਤੰਬਰ ਤਕ ਚੱਲ ਰਹੀ ਹੈ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਗਿਰੀਸ਼ ਡੋਗਰਾ ਨੇ ਦਸਿਆ ਕਿ ਇਸ ਮੁਹਿਮ ਤਹਿਤ ਘਰਾਂ ਤੋਂ ਇਲਾਵਾ ਉਚ-ਜੋਖਮ ਵਾਲੇ ਖੇਤਰ, ਭੱਠੇ, ਨਿਰਮਾਣ ਸਥਾਨ, ਬਸਤੀਆਂ, ਝੁੱਗੀਆਂ, ਡੇਰੇ ਆਦਿ ਵੀ ਕਵਰ ਕੀਤੇ ਜਾ ਰਹੇ ਹਨ। ਉਨ੍ਹਾਂ ਦਸਿਆ ਕਿ ਜ਼ਿਲ੍ਹੇ ਵਿਚ 1,58,242 ਬੱਚਿਆਂ ਨੂੰ ਪੋਲੀਉ-ਰੋਕੂ ਬੂੰਦਾਂ ਪਿਲਾਉਣ ਦਾ ਟੀਚਾ ਹੈ। ਸਿਹਤ ਟੀਮਾਂ ਨੇ ਉਕਤ ਥਾਵਾਂ ’ਤੇ ਜਾ ਕੇ ਪਹਿਲੇ ਦਿਨ 66,834 ਬੱਚਿਆਂ ਨੂੰ ਦਵਾਈ ਪਿਲਾ ਕੇ ਲਗਭਗ 42 ਫ਼ੀਸਦੀ ਟੀਚਾ ਪੂਰਾ ਕਰ ਲਿਆ। ਉਨ੍ਹਾਂ ਦਸਿਆ ਕਿ ਦਵਾਈ ਪਿਲਾਉਣ ਲਈ 1252 ਟੀਮਾਂ ਬਣਾਈਆਂ ਗਈਆਂ ਹਨ ਜਿਨ੍ਹਾਂ ਵਿਚੋਂ 1110 ਟੀਮਾਂ ਘਰ-ਘਰ ਜਾਣਗੀਆਂ। ਕੁਲ 2504 ਵੈਕਸੀਨੇਟਰਾਂ ਤੋਂ ਇਲਾਵਾ 127 ਸੁਪਰਵਾਇਜ਼ਰ ਤੈਨਾਤ ਕੀਤੇ ਗਏ ਹਨ ਤਾਕਿ ਕੋਈ ਵੀ ਬੱਚਾ ਦਵਾਈ ਪੀਣ ਤੋਂ ਵਾਂਝਾ ਨਾ ਰਹਿ ਸਕੇ। ਟੀਮਾਂ ਵਿਚ ਡਾਕਟਰ, ਐਲ.ਐਚ.ਵੀ., ਏ.ਐਨ.ਐਮਜ਼, ਹੈਲਥ ਇੰਸਪੈਕਟਰ, ਸਿਹਤ ਵਰਕਰ ਆਦਿ ਸ਼ਾਮਲ ਹਨ। ਕੋਰੋਨਾ ਮਹਾਂਮਾਰੀ ਕਾਰਨ ਸਿਹਤ ਕਾਮੇ ਅਪਣੀ ਅਤੇ ਬੱਚਿਆਂ ਦੀ ਸੁਰੱਖਿਆ ਲਈ ਤਮਾਮ ਜ਼ਰੂਰੀ ਸਾਵਧਾਨੀਆਂ ਵਰਤ ਰਹੇ ਹਨ।
ਇਸ ਤੋਂ ਪਹਿਲਾਂ, ਡਿਪਟੀ ਡਾਇਰੈਕਟਰ ਡਾ. ਨਿਸ਼ਾ ਸ਼ਾਹੀ ਅਤੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਗਿਰੀਸ਼ ਡੋਗਰਾ ਨੇ ਘੜੂੰਆਂ ਲਾਗੇ ਇਕ ਸੈਂਟਰ ਵਿਖੇ ਬੱਚਿਆਂ ਨੂੰ ਦਵਾਈ ਪਿਲਾ ਕੇ ਮੁਹਿੰਮ ਦਾ ਆਗ਼ਾਜ਼ ਕੀਤਾ। ਡਾ. ਸ਼ਾਹੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜ ਸਾਲ ਤੋਂ ਘੱਟ ਉਮਰ ਵਾਲੇ ਅਪਣੇ ਹਰ ਬੱਚੇ ਨੂੰ ਪੋਲੀਓ ਰੋਕੂ ਦਵਾਈ ਪਿਲਾਉਣ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਨੂੰ ਪਹਿਲਾਂ ਹੀ ਪੋਲੀਓ-ਮੁਕਤ ਐਲਾਨਿਆ ਹੋਇਆ ਹੈ ਪਰ ਪੋਲੀਓ-ਮੁਕਤੀ ਨੂੰ ਕਾਇਮ ਰੱਖਣ ਲਈ ਬੱਚਿਆਂ ਨੂੰ ਲਗਾਤਾਰ ਦਵਾਈ ਪਿਲਾਉਣਾ ਬਹੁਤ ਜ਼ਰੂਰੀ ਹੈ। ਉਹ ਅਪਣੇ ਬੱਚਿਆਂ ਨੂੰ ਦਵਾਈ ਜ਼ਰੂਰ ਪਿਲਾਉਣ ਭਾਵੇਂ ਬੱਚੇ ਦਾ ਕੁਝ ਘੰਟੇ ਪਹਿਲਾਂ ਹੀ ਜਨਮ ਕਿਉਂ ਨਾ ਹੋਇਆ ਹੋਵੇ ਜਾਂ ਬੇਸ਼ੱਕ ਬੱਚੇ ਨੂੰ ਖੰਘ, ਜ਼ੁਕਾਮ, ਬੁਖ਼ਾਰ, ਦਸਤ ਜਾਂ ਹੋਰ ਕੋਈ ਬੀਮਾਰੀ ਹੋਵੇ ਕਿਉਂਕਿ ਇਹ ਦਵਾਈ ਪੀਣ ਨਾਲ ਕੋਈ ਮਾੜਾ ਅਸਰ ਨਹੀਂ ਹੁੰਦਾ।
ਸਹਾਇਕ ਸਿਵਲ ਸਰਜਨ ਡਾ. ਰੇਨੂੰ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ, ਜ਼ਿਲ੍ਹਾ ਪਰਵਾਰ ਭਲਾਈ ਅਫ਼ਸਰ ਡਾ. ਨਿਧੀ, ਡੀ.ਐਚ.ਓ. ਡਾ. ਸੁਭਾਸ਼ ਕੁਮਾਰ, ਡਾ. ਹਰਮਨਦੀਪ ਕੌਰ ਸਮੇਤ ਹੋਰ ਸੀਨੀਅਰ ਸਿਹਤ ਅਧਿਕਾਰੀਆਂ ਨੇ ਜ਼ਿਲ੍ਹੇ ਦੇ ਤਿੰਨੇ ਸਿਹਤ ਬਲਾਕਾਂ ਵਿਚ ਵੱਖ ਵੱਖ ਥਾਵਾਂ ’ਤੇ ਜਾ ਕੇ ਮੁਹਿੰਮ ਦਾ ਨਿਰੀਖਣ ਕੀਤਾ ਅਤੇ ਟੀਮਾਂ ਨੂੰ ਜ਼ਰੂਰੀ ਹਦਾਇਤਾਂ ਦਿਤੀਆਂ