ਨਵੀਂ ਦਿੱਲੀ/29ਅਗਸਤ/ਦੇਸ਼ ਕਲਿਕ ਬਿਊਰੋ :
ਟੋਕੀਓ ਪੈਰਾਲੰਪਿਕ 'ਚ ਭਾਰਤ ਨੂੰ ਪਹਿਲਾ ਮੈਡਲ ਮਿਲਿਆ ਹੈ। ਮਹਿਲਾ ਟੇਬਲ ਟੈਨਿਸ ਖਿਡਾਰੀ ਭਾਵਿਨਾ ਪਟੇਲ ਨੇ ਭਾਰਤ ਨੂੰ ਸਿਲਵਰ ਮੈਡਲ ਦਿਵਾਇਆ ਹੈ। ਮਹਿਲਾ ਸਿੰਗਲ ਵਰਗ ਦੇ ਫਾਈਨਲ 'ਚ ਉਸ ਦਾ ਮੁਕਾਬਲਾ ਚੀਨ ਦੀ ਝੋਊ ਯਿੰਗ ਨਾਲ ਹੋਇਆ, ਜਿੱਥੇ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਝੋਊ ਯਿੰਗ ਨੇ ਪਹਿਲੀ ਗੇਮ 11-7 ਨਾਲ ਜਿੱਤ ਕੇ ਮੈਚ 'ਚ 1-0 ਨਾਲ ਅੱਗੇ ਸੀ। ਦੁਨੀਆ ਦੀ ਨੰਬਰ 1 ਖਿਡਾਰਨ ਝੋਊ ਯਿੰਗ ਨੇ ਆਪਣੇ ਬੈਕਹੈਂਡ ਸ਼ਾਟਸ ਨਾਲ ਭਾਰਤੀ ਪੈਡਲਰ ਨੂੰ ਪਰੇਸ਼ਾਨ ਕੀਤਾ ਤੇ ਬੜ੍ਹਤ ਲੈਣ 'ਚ ਸਫਲ ਰਹੀ। ਯਿੰਗ ਨੇ ਅਗਲੇ ਦੌਰ 'ਚ ਵੀ ਆਪਣਾ ਦਬਦਬਾ ਕਾਇਮ ਰੱਖਿਆ ਤੇ ਇਕ ਹੋਰ ਗੇਮ 11-5 ਨਾਲ ਜਿੱਤ ਲਈ। ਤੀਸਰੀ ਗੇਮ 'ਚ ਪਹਿਲੀਆਂ ਦੇ ਮੁਕਾਬਲੇ ਫਸਵਾਂ ਮੁਕਾਬਲਾ ਹੋਇਆ, ਪਰ ਚੀਨੀ ਪੈਡਲਰ ਮੈਚ ਜਿੱਤਣ ਵਿਚ ਸਫਲ ਰਹੀ।
ਇਸ ਤੋਂ ਪਹਿਲਾਂ ਭਾਰਤੀ ਪੈਡਲਰ ਭਾਵਿਨਾ ਪਟੇਲ ਨੇ ਵਿਸ਼ਵ ਨੰਬਰ 3 ਖਿਡਾਰਨ ਨੂੰ ਹਰਾ ਕੇ ਫਾਈਨਲ 'ਚ ਥਾਂ ਬਣਾਈ ਸੀ। ਉਸ ਨੇ ਚੀਨ ਦੀ ਮਿਆਮੋ ਝਾਂਗ ਨੂੰ7-11, 11-7, 11-4, 9-11, 11-8 ਨਾਲ ਸ਼ਨਿਚਰਵਾਰ ਨੂੰ ਹਰਾਇਆ ਸੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਵਿਨਾ ਦੀ ਤਰੀਫ ਕੀਤੀ ਸੀ ਤੇ ਉਸ ਦਾ ਹੌਸਲਾ ਵਧਾਇਆ ਸੀ।