ਜਸਵੰਤ ਸਿੰਘ ਪੂਨੀਆਂ
ਗੱਲ ਸੁਣ ਲਓ ਕੰਨ ਖੋਲ੍ਹ ਕੇ
ਅਸੀਂ ਸਭ ਸਮਝਦੇ ਹਾਂ
ਛੋਟੇ ਵੱਡੇ ਅਮੀਰ ਗਰੀਬ ਦੇਸ਼ਾਂ ਵਾਲਿਓ,
ਸਿਆਸੀ ਸਿੰਘਾਸਨ ਤੱਕ ਪਹੁੰਚਣ ਲਈ
ਵਿਖਾਵੇ ਖਾਤਰ ਪਹਿਨੇ ਭੇਸਾਂ ਵਾਲਿਓ,
ਸਿਆਸਤ ਦਾ ਢਿੱਡ ਭਰਨ ਲਈ
ਵਿਕਦੇ ਨੇ ਧਾਰਮਿਕ ਅਜੰਡੇ
ਨਿਰਦੋਸ਼ਾਂ ਦੀਆਂ ਲਾਸ਼ਾਂ ਨਾਲ
ਕੁਰਸੀ ਤੱਕ ਪਹੁੰਚਣ ਲਈ
ਬਣਾਏ ਪੁਲਾਂ ਉੱਤੋਂ ਟੱਪਦੇ
ਕਪਟ ਛਲ ਦੇ ਵੇਸਾਂ ਵਾਲਿਓ,
ਤੁਸੀਂ ਨਫ਼ਰਤ ਬਰੂਦਾਂ ਜ਼ੁਲਮਾਂ ਦੀ
ਫਸਲ ਨੂੰ ਧੜਾਂ ਦੀ ਖਾਦ ਪਾ ਕੇ
ਮਜ਼ਲੂਮਾਂ ਦੇ ਲਹੂ ਦਾ ਪਾਣੀ ਲਾ ਕੇ
ਮਹਿਲਾਂ ਦੇ ਕਬਜ਼ੇ ਲਈ
ਲੱਗੀਆਂ ਹੋਈਆਂ ਰੇਸਾਂ ਵਾਲਿਓ,
ਅਮਨ ਸ਼ਾਂਤੀ ਏਕੇ ਖੁਸ਼ਹਾਲੀ ਤੇ
ਭਾਈਚਾਰਕ ਸਾਂਝ ਦੇ ਦੁਸ਼ਮਣੋਂ
ਪਾਰਲੀਮੈਂਟ ਵਿੱਚ ਬਹਿ ਕੇ
ਦਬਾਉਦੇਂ ਕਰੀਮੀਨਲ ਕੇਸਾਂ ਵਾਲਿਓ,
ਰੋਟੀ ਰੋਜ਼ੀ ਛੱਤ ਦਵਾਈ ਪੜ੍ਹਾਈ ਤੋਂ
ਤੁਹਾਡੇ ਦੇਸ਼ਾਂ ਦੇ ਬੱਚੇ ਨੇ ਲਾਚਾਰ
ਕਿਹੜੇ ਮੂੰਹ ਨਾਲ ਕਿਸਨੂੰ ਬਚਾਉਣ ਲਈ
ਕਰੋਂ ਜਹਾਜ਼ਾਂ ਟੈਂਕਾਂ ਤੋਪਾਂ ਦਾ ਵਪਾਰ
ਮਨੁੱਖੀ ਖੁਸ਼ੀਆਂ ਦਾ ਗਲ ਘੁੱਟਣ ਲਈ
ਚਲਦੇ ਲੋਟੂ ਦੇਸ਼ਾਂ ਦੇ ਬਣਾਏ ਹਥਿਆਰ
ਬਿਨ ਕਾਰਨੋਂ ਹੁੰਦੀ ਨਸ਼ੰਗ
ਕਤਲ ਰੱਬੀ ਮਨੁੱਖਤਾ
ਤੁਸੀਂ ਬਾਜ ਆ ਜਾਵੋ ਜਰਵਾਣਿਓਂ
ਖੂਨ ਨਾਲ ਲਿੱਬੜੇ ਚਿਹਰਿਆਂ ਤੇ
ਦਰਿੰਦਗੀ ਢਕਣ ਲਈ
ਉੱਤੇ ਲਏ ਖੇਸਾਂ ਵਾਲਿਓ,
ਲੁਟੇਰੇ ਜ਼ਾਲਮ ਦੇਸ਼ਾਂ ਵਾਲਿਓ,
ਫਰੇਬੀ ਲਿਬਾਸਾਂ ਤੇ
ਕਾਤਲ ਭੇਸਾਂ ਵਾਲਿਓ,
ਕਾਤਲ ਭੇਸਾਂ ਵਾਲਿਓ,