ਆਸ ਹੀ ਤੁਸੀਂ ਠੀਕ-ਠਾਕ ਹੋਵੋਗੇ, ਕੰਮ ਕਾਜ ਤਾਂ ਸੁੱਖ ਨਾਲ ਚੰਗਾ ਰਿੜਿਆਂ ਲੱਗਦਾ ਤੁਹਾਡਾ। ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ, ਅਕਾਲੀ, ਫ਼ਿਰ ਕਾਂਗਰਸੀ ਤੇ ਹੁਣ ਆਮ ਆਦਮੀ ਦੀ ਸਰਕਾਰ ਹੈ, ਪਰ ਤੁਹਾਡੀ ਸੱਤਾ ਨੂੰ ਕੋਈ ਨਹੀਂ ਹਲਾ ਸਕਿਆ। ਸਗਾ ਦੀ ਤੁਸੀਂ ਤਾਂ ਹੁਣ ਨਵੇਂ ਪ੍ਰੋਜੈਕਟ 'ਤੇ ਕੰਮ ਵਿਡ ਲਿਆ, AC ਚੋਰੀ ਕਰਨ ਦਾ।
ਮੇਰੇ ਚੋਰ ਭਰਾਵੋਂ ਤੁਸੀਂ ਤਾਰਾਂ, ਟ੍ਰਾਂਸਫਾਰਮਰ, ਸਾਈਕਲ, ਮੋਟਰਸਾਈਕਲ ਆਦਿ 'ਤੇ ਹੱਥ ਫੇਰਦੇ ਤਾਂ ਸੁਣੇ ਸੀ। ਪਰ ਹੁਣ ਤਾਂ ਤੁਸੀਂ ਸਕੂਲਾਂ ਅਤੇ ਅੱਗੇ ਸਾਨੂੰ (ਲਾਇਬ੍ਰੇਰੀਆਂ) ਵੀ ਨਹੀਂ ਬਖਸ਼ਿਆ। ਮੇਰੇ ਪਾਠਕਾਂ ਨੇ 50-50, 100-100 ਰੁਪਏ ਇਕੱਠੇ ਕਰਕੇ ਮਸਾਂ ਕੜਸਾਹ ਤੋਂ ਬਚਣ ਲਈ AC ਲਵਾਇਆ ਸੀ। ਹੁਣ ਤੁਸੀਂ ਕਹੋਗੇ ਕਿ ਕਿਤਾਬਾਂ ਨੂੰ ਗਰਮੀ ਲੱਗਦੀ ਆ ਭਲਾ? ਕਿਤਾਬਾਂ ਨੂੰ ਕਾਹਨੂੰ ਪੜ੍ਹਨ ਵਾਲਿਆਂ ਨੂੰ ਲੱਗਦੀ ਆ, ਕੱਲੀਆਂ ਕਿਤਾਬਾਂ ਨਾਲ ਲਾਇਬ੍ਰੇਰੀ ਨਹੀਂ ਬਣਦੀ, ਬੰਦਿਆਂ, ਪਾਠਕਾਂ ਨਾਲ ਹੀ ਕਿਤਾਬਾਂ ਦਾ ਕਮਰਾ ਲਾਇਬ੍ਰੇਰੀ ਬਣਦਾ।
ਮੈਂ ਤਾਂ ਹੋਰ ਈ ਪਾਸੇ ਚੱਲ ਪਈ, ਤੁਸੀਂ ਵੀ ਹੈ ਤਾਂ ਸਾਡੇ ਭਰਾ ਹੀ ਹੋ, ਸਮਾਜ ਦੀ ਪੈਦਾਇਸ਼ ਹੀ ਹੋ। ਤੁਸੀਂ ਆਪਣੀਆਂ ਜਾਇਜ਼-ਨਾਜਾਇਜ਼ ਲੋੜਾਂ ਲਈ ਮਿਹਨਤ ਕਰਨ ਦੀ ਥਾਂ ਚੋਰੀ ਕਰਨ ਦਾ ਰਾਹ ਚੁਣਿਆ ਹੈ। ਵੈਸੇ ਰਾਤਾਂ ਨੂੰ 3-3 ਵਜੇ ਤੱਕ ਜਾਗਣਾ, ਕੰਧਾਂ-ਕੋਠੇ ਟੱਪਣਾ, ਫੜੇ ਜਾਣ ਤੇ ਡਾਂਗਾਂ ਝੱਲਣਾ ਹਰ ਕਿਸੇ ਦਾ ਵੱਸ ਦਾ ਕੰਮ ਨਹੀਂ। ਤੁਸੀਂ ਬਹੁਤ ਬਹਾਦਰ ਹੋ ਜੋ ਜਾਨ ਤਲ਼ੀ 'ਤੇ ਧਰ ਕੇ ਇਹ ਕੰਮ ਕਰਦੇ ਹੋ। ਕਈ ਕਹਿੰਦੇ ਨੇ ਇਹ ਨਸ਼ੇ-ਪੱਤੇ ਆਲਿਆਂ ਦਾ ਕੰਮ ਹੈ, ਕੋਈ ਪੁੱਛੇ ਬਈ, ਹੁਣ ਦੱਸੋ ਨਸ਼ਾ ਪੱਤਾ ਕਿਹੜਾ ਨਹੀਂ ਖਾਂਦਾ ਐਥੇ?
ਭਰਾਵੋਂ ਤੁਹਾਡੇ ਇਹ ਕੰਮ ਵੀ ਰੱਬ ਨੇ ਤੁਹਾਡੇ ਕਰਮਾਂ ਵਿੱਚ ਹੀ ਲਿਖੇ ਹਨ, ਤੁਹਾਡਾ ਕੀ ਕਸੂਰ ਹੈ। ਸੋ ਮੈਨੂੰ ਜਾਣੀ ਕਿ ਤੁਹਾਡੀ ਵੱਡੀ ਭੈਣ ਨੂੰ ਤੁਹਾਡੇ 'ਤੇ ਮਾਣ ਹੈ ਕਿ ਤੁਸੀਂ ਤਾਂ ਆਪਣੇ ਕਰਮ ਇਮਾਨਦਾਰੀ ਨਾਲ ਭੋਗ ਰਹੇ ਹੋ। ਆਪਣੇ ਕਰਮਾਂ ਮੁਤਾਬਿਕ ਕੰਮ ਕਰਦੇ ਰਹੋ, ਬਸ ਇਕ ਬੇਨਤੀ ਹੈ ਭਰਾਵੋਂ ਕਿ ਆਪਣੇ ਸਕੂਲ ਵੀਰਾਂ ਅਤੇ ਲਾਇਬ੍ਰੇਰੀ ਭੈਣਾਂ ਨੂੰ ਬਖ਼ਸ਼ ਦਿਓ, ਜਿੱਥੋਂ ਤੁਹਾਡੇ ਨਿੱਕੇ ਨਿਆਣਿਆਂ ਨੇ ਚਾਰ ਅੱਖਰ ਪੜ੍ਹਨੇ ਹਨ, ਕਿਤਾਬਾਂ ਭਾਵੇਂ ਰੋਟੀ ਨਹੀਂ ਦਿੰਦੀਆਂ ਪਰ ਇਹ ਜ਼ਰੂਰ ਦੱਸਣਗੀਆਂ ਕਿ ਸਾਡੇ ਹਿੱਸੇ ਦੀ ਰੋਟੀ ਕੌਣ ਖਾਂਦਾ ਹੈ। ਆਸ ਹੈ ਤੁਸੀਂ ਆਪਣੇ ਬੱਚਿਆਂ, ਮਨੁੱਖਾਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਕੁੱਝ ਵਿਚਾਰ ਕਰੋਗੇ।
ਦੀਵਾਨਾ ਲਾਇਬ੍ਰੇਰੀ ਦੀ ਬੇਨਤੀ ਤੇ ਗ਼ੌਰ ਕਰੋ,
ਜਲਦੀ ਜਲਦੀ ਲਾਇਬ੍ਰੇਰੀ ਦਾ AC ਧਰਨ ਦੀ ਕਰੋ।
ਮੋਹ, ਪਿਆਰ ਅਤੇ ਆਸ ਨਾਲ ਖ਼ਤ ਬੰਦ ਕਰਦੀ ਹਾਂ।
ਤੁਹਾਡੀ ਵੱਡੀ ਭੈਣ,
(ਧੰਨਵਾਦ ਸਹਿਤ, ਸ਼ੋਸਲ ਮੀਡੀਆ ਤੋਂ)