ਔਰਤਾਂ ਲਈ ਘਰੇਲੂ ਜਾਂ ਕਿਸੇ ਵੀ ਹੋਰ ਤਰਾਂ ਦੀ ਹਿੰਸਾ ਦੇ ਮਾਮਲਿਆਂ ਵਿਰੁੱਧ ਸ਼ਿਕਾਇਤ ਦਰਜ ਕਰਵਾਉਣੀ ਹੋਵੇਗੀ ਸੁਖਾਲੀ: ਵਿਜੈ ਇੰਦਰ ਸਿੰਗਲਾ
ਮਹਿਲਾ ਥਾਣੇ ’ਚ ਐਸ.ਐਚ.ਓ. ਤੋਂ ਲੈ ਕੇ ਹੇਠਲੇ ਪੱਧਰ ਤੱਕ ਤੈਨਾਤ ਕੀਤੇ ਮਹਿਲਾ ਪੁਲਿਸ ਦੇ ਅਧਿਕਾਰੀ ਤੇ ਕਰਮਚਾਰੀ: ਸਿੰਗਲਾ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 21 ਅਗਸਤ 2021: ਸੰਗਰੂਰ ਜ਼ਿਲੇ ’ਚ ਧੀਆਂ-ਭੈਣਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਮਕਸਦ ਨਾਲ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਅੱਜ ਮਹਿਲਾਵਾਂ ਨੂੰ ਰੱਖੜੀ ਦੇ ਤੋਹਫ਼ੇ ਵਜੋਂ ਜ਼ਿਲੇ ਦੇ ਪਹਿਲੇ ਮਹਿਲਾ ਥਾਣੇ ਦੇ ਕੰਮਕਾਜ ਦੀ ਸ਼ੁਰੂਆਤ ਕਰਵਾਈ ਗਈ।
ਇਸ ਮੌਕੇ ਬੋਲਦਿਆਂ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਮਹਿਲਾਵਾਂ ਵਿਰੁੱਧ ਕਿਸੇ ਵੀ ਤਰਾਂ ਦੀ ਹਿੰਸਾ ਦੇ ਮਾਮਲਿਆਂ ਨੂੰ ਸੰਜੀਦਗੀ ਨਾਲ ਨਜਿੱਠਣ ਲਈ ਇਸ ਮਹਿਲਾ ਥਾਣੇ ਦੀ ਸ਼ੁਰੂਆਤ ਕਰਵਾਈ ਗਈ ਹੈ। ਉਨਾਂ ਕਿਹਾ ਕਿ ਇਸ ਮਹਿਲਾ ਥਾਣੇ ਅੰਦਰ ਐਸ.ਐਚ.ਓ. ਤੋਂ ਲੈ ਕੇ ਹੇਠਲੇ ਪੱਧਰ ਤੱਕ ਸਾਰੇ ਮਹਿਲਾ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਤੈਨਾਤੀ ਕੀਤੀ ਗਈ ਹੈ।
ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਮਹਿਲਾ ਥਾਣੇ ’ਚ ਸਿਰਫ਼ ਮਹਿਲਾ ਪੁਲਿਸ ਅਫ਼ਸਰ ਤੇ ਕਰਮਚਾਰੀ ਤੈਨਾਤ ਕਰਨ ਦਾ ਮਕਸਦ ਘਰੇਲੂ ਜਾਂ ਕਿਸੇ ਵੀ ਹੋਰ ਤਰਾਂ ਦੀ ਹਿੰਸਾ ਦਾ ਸ਼ਿਕਾਰ ਹੋਣ ਵਾਲੀਆਂ ਔਰਤਾਂ ਤੇ ਲੜਕੀਆਂ ਨੂੰ ਇਨਾਂ ਅਪਰਾਧਾਂ ਦੀ ਸ਼ਿਕਾਇਤ ਦਰਜ ਕਰਵਾਉਣ ਦੀ ਪ੍ਰਕਿਰਿਆ ਨੂੰ ਸੁਖਾਲਾ ਕਰਨਾ ਹੈ।
ਉਨਾਂ ਕਿਹਾ ਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਪੁਰਸ਼ ਪੁਲਿਸ ਅਫ਼ਸਰ ਦੀ ਮੌਜੂਦਗੀ ਹੋਣ ਕਾਰਨ ਕਈ ਮਹਿਲਾਵਾਂ ਆਪਣੇ ਵਿਰੁੱਧ ਹੋਈ ਹਿੰਸਾ ਦੇ ਮਾਮਲੇ ਦੀ ਸ਼ਿਕਾਇਤ ਕਰਨ ਤੋਂ ਝਿਜਕ ਜਾਂਦੀਆਂ ਹਨ। ਉਨਾਂ ਕਿਹਾ ਕਿ ਇਸੇ ਝਿਜਕ ਤੇ ਡਰ ਨੂੰ ਦੂਰ ਕਰਨ ਲਈ ਹੀ ਇਸ ਮਹਿਲਾ ਥਾਣੇ ਦੀ ਸ਼ੁਰੂਆਤ ਕਰਵਾਈ ਗਈ ਹੈ ਜਿੱਥੇ ਕਿਸੇ ਵੀ ਤਰਾਂ ਦੀ ਹਿੰਸਾ ਜਾਂ ਕਿਸੇ ਹੋਰ ਅਪਰਾਧ ਦੀਆਂ ਸ਼ਿਕਾਰ ਹੋਈਆਂ ਔਰਤਾਂ ਜਾਂ ਲੜਕੀਆਂ ਬੇਝਿਜਕ ਹੋ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਣਗੀਆਂ। ਉਨਾਂ ਕਿਹਾ ਕਿ ਇਸ ਮਹਿਲਾ ਥਾਣੇ ’ਚ ਮਹਿਲਾਵਾਂ ਵਿਰੁੱਧ ਹੋਏ ਅਪਰਾਧਾਂ ਨੂੰ ਸੰਜੀਦਗੀ ਨਾਲ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ ਅਤੇ ਸੰਵੇਦਨਸ਼ੀਲ ਮਾਮਲਿਆਂ ’ਚ ਮਹਿਲਾ ਸ਼ਿਕਾਇਤਕਰਤਾ ਦੇ ਵੇਰਵਿਆਂ ਨੂੰ ਹਰ ਪੱਖੋਂ ਗੁਪਤ ਰੱਖਿਆ ਜਾਵੇਗਾ।
ਸ਼੍ਰੀ ਸਿੰਗਲਾ ਨੇ ਕਿਹਾ ਕਿ ਅਜਿਹੇ ਥਾਣੇ ਵਿਕਸਿਤ ਹੋਣ ਨਾਲ ਜਿੱਥੇ ਔਰਤਾਂ ਵੱਲੋਂ ਡਰ ਜਾਂ ਕਿਸੇ ਹੋਰ ਕਾਰਨ ਰਿਪੋਰਟ ਨਾ ਕੀਤੇ ਜਾਣ ਵਾਲੇ ਕੇਸ ਰਿਪੋਰਟ ਹੋਣਗੇ ਸਗੋਂ ਅਜਿਹੇ ਅਪਰਾਧੀਆਂ ਵਿਰੁੱਧ ਵੀ ਕਾਰਵਾਈ ਸੰਭਵ ਹੋਵੇਗੀ ਜੋ ਸ਼ਿਕਾਇਤ ਨਾ ਹੋਣ ਕਾਰਨ ਗੁਨਾਹ ਕਰਕੇ ਵੀ ਬੱਚ ਜਾਂਦੇ ਸਨ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਮਾਜ ਦੇ ਹਰ ਵਰਗ ਦੀ ਭਲਾਈ ਤੇ ਸੂਬੇ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ, ਐਸ.ਐਸ.ਪੀ. ਸ਼੍ਰੀ ਵਿਵੇਕਸ਼ੀਲ ਸੋਨੀ, ਡਾਇਰੈਕਟਰ ਟਾਟਾ ਮੈਮੋਰੀਅਲ ਸੈਂਟਰ ਮੁੰਬਈ ਡਾ. ਆਰ.ਏ. ਵਧਵੇ, ਐਸ.ਪੀ. ਆਲਮ ਵਿਜੇ ਸਿੰਘ, ਡੀ.ਐਸ.ਪੀ. ਸਤਪਾਲ ਸ਼ਰਮਾ, ਡੀ.ਐਸ.ਪੀ. ਸੁਖਰਾਜ ਸਿੰਘ, ਮਹਿਲਾ ਥਾਣੇ ਦੇ ਐੱਸ.ਐੱਚ.ਓ. ਰਮਨਦੀਪ ਕੌਰ, ਪ੍ਰਧਾਨ ਨਗਰ ਕੌਂਸਲ ਭਵਾਨੀਗੜ੍ਹ, ਸੁਖਜੀਤ ਕੌਰ ਘਾਬਦੀਆ, ਜਨਰਲ ਸਕੱਤਰ ਮਹਿਲਾ ਕਾਂਗਰਸ ਕਮੇਟੀ ਬਲਬੀਰ ਕੌਰ ਸੈਣੀ, ਬਲਜੀਤ ਜੀਤੀ, ਹਰਵਿੰਦਰ ਕੌਰ ਛੰਨਾ, ਮਨਦੀਪ ਕੌਰ, ਮੈਡਮ ਨਰੇਸ਼ ਸ਼ਰਮਾ, ਸੰਤੋਸ਼ ਮਾਸੀ, ਅੰਜੂ ਰੰਗਾ, ਪ੍ਰੀਤੀ ਮਹੰਤ, ਰਣਜੀਤ ਕੌਰ ਚੰਨੋ, ਜਸਵੀਰ ਕੌਰ ਬਲਿਆਲ, ਹਰਵਿੰਦਰ ਕੌਰ ਪਟਿਆਲੋ ਤੇ ਮਹਿਲਾ ਥਾਣੇ ਦਾ ਸਮੂਹ ਸਟਾਫ਼ ਵੀ ਹਾਜ਼ਰ ਸੀ।