ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 20 ਅਗਸਤ 2021: ਪਿਛਲੇ ਕਰੀਬ 8 ਮਹੀਨੇ ਤੋਂ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਵਿਚ ਸੰਗਰੂਰ ਵਿਖੇ ਸਿੱਖਿਆ ਮੰਤਰੀ ਦੀ ਕੋਠੀ ਦੇ ਗੇਟ ਉੱਤੇ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰ ਸਾਂਝੇ ਮੋਰਚੇ ਨੇ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ ਯੂਨੀਅਨ ਦੀਆਂ ਮੰਗਾਂ ਲਈ 24 ਅਗਸਤ ਨੂੰ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੀ ਮੋਹਾਲੀ ਵਿਖੇ ਕੋਠੀ ਦੇ ਘਿਰਾਓ ਦਾ ਐਲਾਨ ਕੀਤਾਂ ਹੈ।
ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ,ਜਸਪਾਲ ਸਿੰਘ ਘੁੰਮਣ ਅਤੇ ਗਗਨਦੀਪ ਕੌਰ ਨੇ ਕਿਹਾ ਕਿ ਜਿੱਥੇ ਸਿੱਖਿਆ ਮੰਤਰੀ ਬੇਰੁਜ਼ਗਾਰਾਂ ਦੀ ਗੱਲ ਨਹੀਂ ਸੁਣ ਰਹੇ ਉਥੇ ਸਿਹਤ ਮੰਤਰੀ ਵੀ ਮੋਰਚੇ ਵਿੱਚ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰਾਂ ਦੀਆਂ ਮੰਗਾਂ ਨੂੰ ਦਰ ਕਿਨਾਰ ਕਰ ਰਹੇ ਹਨ।
ਆਗੂਆਂ ਨੇ ਕਿਹਾ ਕਿ ਸਿਤਮ ਦੀ ਗੱਲ ਹੈ ਕਿ ਅਨੇਕਾ ਵਾਰ ਸੰਗਰੂਰ ਅਤੇ ਪਟਿਆਲਾ ਪ੍ਰਸ਼ਾਸ਼ਨ ਵੱਲੋ ਸਿਹਤ ਵਰਕਰਾਂ ਨੂੰ ਦਿੱਤੀਆਂ ਲਿਖਤੀ ਪੈਨਲ ਮੀਟਿੰਗਾਂ ਵੀ ਨੇਪਰੇ ਨਹੀਂ ਚੜ੍ਹੀਆਂ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਵਰਕਰ ਉਮਰ ਹੱਦ ਛੋਟ ਦੇ ਕੇ ਕੈਬਨਿਟ ਵਿੱਚ ਪਹਿਲਾਂ ਤੋ ਪ੍ਰਵਾਨ ਹੋ ਚੁੱਕੀਆਂ 180 ਪੋਸਟਾਂ ਦਾ ਇਸ਼ਤਿਹਾਰ ਜਾਰੀ ਕਰਨ ਅਤੇ 200 ਸਿਹਤ ਵਰਕਰ ਪੁਰਸ਼ ਦੀ ਚੱਲ ਰਹੀ ਭਰਤੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਦੀ ਮੰਗ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਨਾਂ ਮੰਨੀਆਂ ਤਾਂ ਸਿਹਤ ਮੰਤਰੀ ਦੀ ਮੋਹਾਲੀ ਕੋਠੀ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ।
ਇਸ ਮੌਕੇ ਕਰਮਜੀਤ ਸਿੰਘ ਜਗਜੀਤ ਪੂਰਾ, ਜਸਵੀਰ ਸਿੰਘ ਤਪਾ, ਲੱਖ ਜੋਗਾ, ਜਸਪਾਲ ਸਿੰਘ ਪਾਲੀ ਧੀਂਗੜ, ਰਾਜ ਸੰਗਤੀਵਾਲਾ, ਤਰਲੋਚਨ ਸਿੰਘ, ਜਗਜੀਤ ਸਿੰਘ ਬਠਿੰਡਾ, ਗੁਰਸੰਤ ਸਿੰਘ ਚੰਗਾਲ, ਗੁਰਸੇਵਕ ਸਿੰਘ, ਮਨਪ੍ਰੀਤ ਸਿੰਘ ਭੁੱਚੋ ਕਲਾਂ, ਗੁਰਪਿਆਰ ਸਿੰਘ ਮਾਨਸਾ ਅਤੇ ਬੂਟਾ ਸਿੰਘ ਸੇਲਬਰਾਹ ਆਦਿ ਹਾਜ਼ਰ ਸਨ।