*ਵਾਂਝੇ ਰਹਿਣ ਵਾਲੇ ਵਿਦਿਆਰਥੀਆਂ ਨੂੰ 1 ਸਤੰਬਰ ਨੂੰ ਮੋਪ ਅੱਪ ਡੇਅ ਵਾਲੇ ਦਿਨ ਦਿੱਤੀ ਜਾਵੇਗੀ ਖੁਰਾਕ
ਮਾਨਸਾ, 20 ਅਗਸਤ 2021, ਦੇਸ਼ ਕਲਿੱਕ ਬਿਓਰੋ :
25 ਅਗਸਤ ਨੂੰ ਮਨਾਏ ਜਾਣ ਵਾਲੇ ਡੀ-ਵਾਰਮਿੰਗ ਡੇਅ ਸਬੰਧੀ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਕੋਈ ਵੀ ਵਿਦਿਆਰਥੀ ਇਸ ਖੁਰਾਕ ਤੋਂ ਵਾਂਝਾ ਨਾ ਰਹਿ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਡੀ-ਵਾਰਮਿੰਗ ਦਿਵਸ ਨੂੰ ਮਨਾਇਆ ਜਾਵੇ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਜ਼ਿਲ੍ਹੇ ਦੇ ਸਮੂਹ ਸਕੂਲਾਂ ਵਿੱਚ ਡੀ-ਵਾਰਮਿੰਗ ਦਿਵਸ ਦੀ ਮੋਨੀਟਰਿੰਗ ਅਤੇ ਦੇਖ-ਰੇਖ ਕਰਨਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਕੂਲ ਦੇ 100 ਫੀਸਦੀ ਵਿਦਿਆਰਥੀਆਂ ਨੂੰ ਖੁਰਾਕ ਦੇਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਅਤੇ ਬਲਾਕ ਐਜੂਕੇਟਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਆਪਣੇ-ਆਪਣੇ ਇਲਾਕੇ ਅਧੀਨ ਆਉਣ ਵਾਲੇ ਸਕੂਲਾਂ, ਭੱਠੇ, ਸਲੱਮ ਏਰੀਆ ਅਤੇ ਸਕੂਲੋ ਵਿਰਵੇ ਬੱਚਿਆਂ ਦੀ 100 ਫੀਸਦੀ ਕਵਰੇਜ਼ ਯਕੀਨੀ ਬਣਾਉਣਗੇ।
ਇਸ ਮੌਕੇ ਡੀ-ਵਾਰਮਿੰਗ ਡੇਅ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਿਤਿੰਦਰ ਕੌਰ ਨੇ ਦੱਸਿਆ ਕਿ 25 ਅਗਸਤ 2021 ਨੂੰ ਡੀ-ਵਾਰਮਿੰਗ ਡੇਅ ਮਨਾਇਆ ਜਾਵੇਗਾ ਅਤੇ ਜੋ ਬੱਚੇ ਇਸ ਦਿਨ ਕਿਸੇ ਵੀ ਕਾਰਨ ਖੁਰਾਕ ਲੈਣ ਤੋਂ ਵਾਂਝੇ ਰਹਿ ਜਾਣਗੇ ਉਨ੍ਹਾਂ ਨੂੰ 1 ਸਤੰਬਰ 2021 ਨੂੰ ਮੋਪ ਅੱਪ ਡੇਅ ’ਤੇ ਪੇਟ ਦੇ ਕੀੜਿਆਂ ਦੀ ਗੋਲੀ ਖੁਆਈ ਜਾਵੇਗੀ। ਇਸ ਦਿਨ ਜ਼ਿਲੇ੍ਹ ਵਿੱਚ ਸਥਿਤ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ, ਅਤੇ ਪ੍ਰਾਈਵੇਟ ਸਕੂਲਾਂ, ਟੈਕਨੀਕਲ ਕਾਲਜਾਂ ਅਤੇ ਕੋਚਿੰਗ ਸੈਂਟਰਾਂ ਦੇ ਸਾਰੇ ਬੱਚਿਆਂ (ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ) ਅਤੇ ਆਂਗਣਵਾੜੀ ਸੈਂਟਰਾਂ ਵਿੱਚ ਦਰਜ ਕ੍ਰਮਵਾਰ 6 ਤੋਂ 19 ਸਾਲ ਤੱਕ, ਸਕੂਲੋ ਵਿਰਵੇ ਅਤੇ 1 ਤੋਂ 5 ਸਾਲ ਤੱਕ ਦਰਜ ਬੱਚਿਆਂ ਨੂੰ ਪੇਟ ਦੇ ਕੀੜਿਆਂ ਦੀ ਦਵਾਈ ਦਿੱਤੀ ਜਾਵੇਗੀ।
ਸਿਵਲ ਸਰਜਨ ਨੇ ਕਿਹਾ ਕਿ ਇਹ ਗੋਲੀ ਬੱਚਿਆਂ ਨੂੰ ਖਾਣਾ ਖਾਣ ਤੋਂ ਬਾਅਦ ਹੀ ਦੇਣੀ ਹੈ। ਖਾਲੀ ਪੇਟ ਜਾਂ ਬਿਮਾਰ ਬੱਚੇ ਨੂੰ ਇਹ ਗੋਲੀ ਨਾ ਦਿੱਤੀ ਜਾਵੇ ਅਤੇ ਇਹ ਗੋਲੀ ਚਬਾਕੇ ਹੀ ਖਾਣੀ ਹੈ। ਉਨ੍ਹਾਂ ਦੱਸਿਆ ਕਿ ਇਸ ਦਿਨ 1-2 ਸਾਲ ਤੱਕ ਦੇ ਬੱਚਿਆਂ ਨੂੰ ਐਲਬੀਜਾਜ਼ੋਲ ਸਿਰਪ 5 ਮਿਲੀਲੀਟਰ ਆਸ਼ਾ ਵਰਕਰ, ਆਂਗਣਵਾੜੀ ਵਰਕਰ ਅਤੇ ਏ.ਐਨ.ਐਮ. ਵੱਲੋਂ ਘਰਾਂ ਵਿੱਚ ਅਤੇ 3-19 ਸਾਲ ਤੱਕ ਦੇ ਬੱਚਿਆਂ ਨੂੰ ਐਲਬੀਡਾਜ਼ੋਲ ਦੀ ਪੂਰੀ ਗੋਲੀ (400) ਮਿਡ ਡੇ ਮੀਲ ਤੋਂ ਬਾਅਦ ਖੁਆਈ ਜਾਣੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਰਿਸਪਾਂਸ ਟੀਮਾਂ ਦਾ ਵੀ ਗਠਨ ਕੀਤਾ ਗਿਆ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਉਪਕਾਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਸ਼੍ਰੀ ਸੰਜੀਵ ਕੁਮਾਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ਼੍ਰੀ ਜਗਰੂਪ ਭਾਰਤੀ, ਡਾ. ਰਣਜੀਤ ਸਿੰਘ ਰਾਏ, ਡਾ. ਸੰਜੀਵ ਓਬਰਾਏ ਐਸ.ਐਮ.ਓ. ਬੁਢਲਾਡਾ ਡਾ. ਗੁਰਚੇਤਨ ਪ੍ਰਕਾਸ਼, ਐਸ.ਐਮ.ਓ. ਖ਼ਿਆਲਾ ਡਾ. ਹਰਦੀਪ ਸ਼ਰਮਾ ਅਤੇ ਐਸ.ਐਮ.ਓ. ਮਾਨਸਾ ਡਾ. ਹਰਚਰਨ ਸਿੰਘ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।