ਡਾਕਟਰਾਂ ਨੇ ਐੱਨ ਪੀ ਏ ਕਟੌਤੀ ਅਤੇ ਨਿੱਜੀਕਰਨ ਵਿਰੁੱਧ ਸੰਘਰਸ਼ ਹੋਰ ਤਿੱਖਾ ਕੀਤਾ
ਦੋ ਅਗਸਤ ਤੋਂ ਓ.ਪੀ.ਡੀਜ਼ ਅਤੇ ਜ਼ਿਲਾ ਦਫਤਰਾਂ ਦਾ ਕੰਮਕਾਜ ਮੁਕੰਮਲ ਬੰਦ ਕਰਨ ਦਾ ਐਲਾਨ
ਐਮਰਜੈਂਸੀ/ਕੋਵਿੱਡ/ ਮੈਡੀਕੋ/ ਵੈਟਰੋ-ਲੀਗਲ/ਪੋਸਟਮਾਰਟਮ ਨਹੀਂ ਕੀਤੇ ਜਾਣਗੇ ਬੰਦ
ਚੰਡੀਗੜ੍ਹ : 2 ਅਗਸਤ, ਦੇਸ਼ ਕਲਿੱਕ ਬਿਓਰੋ
ਜੁਆਇੰਟ ਗੌਰਮਿੰਟ ਡਾਕਟਰਜ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ਤੇ ਸੂਬੇ ਦੇ ਸਿਹਤ ਅਤੇ ਵੈਟਰਨਰੀ ਡਾਕਟਰਾਂ ਵੱਲੋਂ ਪਿਛਲੇ ਤਕਰੀਬਨ ਇੱਕ ਮਹੀਨੇ ਤੋਂ ਸਰਕਾਰ ਵਿਰੁੱਧ ਐੱਨ.ਪੀ.ਏ ਕਟੌਤੀ ਅਤੇ ਨਿੱਜੀਕਰਨ ਦੀ ਨੀਤੀ ਦੇ ਵਿਰੋਧ ਵਿਚ ਸੰਘਰਸ਼ ਕੀਤਾ ਜਾ ਰਿਹਾ ਹੈ। ਸੰਘਰਸ਼ ਦੌਰਾਨ ਪਹਿਲਾਂ ਡਾਕਟਰਾਂ ਵੱਲੋਂ ਸਰਕਾਰੀ ਓ.ਪੀ.ਡੀਜ਼ ਦਾ ਬਾਈਕਾਟ ਕਰਕੇ ਆਪਣੀਆਂ ਸਮਾਨੰਤਰ ਓ.ਪੀ.ਡੀਜ਼ ਜਾਰੀ ਰੱਖੀਆਂ ਜਾ ਰਹੀਆਂ ਸਨ ਪਰ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਗੁੱਸੇ 'ਚ ਆਏ ਸਿਹਤ ਅਤੇ ਪਸੂ ਪਾਲਣ ਵਿਭਾਗ ਦੇ ਡਾਕਟਰਾਂ ਵੱਲੋਂ ਅੱਜ ਓ.ਪੀ.ਡੀਜ਼ ਨੂੰ ਮੁਕੰਮਲ ਬੰਦ ਕਰ ਦਿੱਤਾ ਗਿਆ ਅਤੇ ਪੰਜਾਬ ਅੰਦਰ ਜਿਲਾ ਦਫਤਰਾਂ ਅੱਗੇ ਰੋਸ ਧਰਨੇ ਲਾ ਕੇ ਸਮੁੱਚਾ ਸਰਕਾਰੀ ਕੰਮ ਠੱਪ ਕਰ ਦਿੱਤਾ ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਡਾਕਟਰਾਂ ਦੇ ਸੂਬਾ ਪੱਧਰੀ ਰੋਸ ਧਰਨੇ ਵਿੱਚ ਪਹੁੰਚ ਕੇ ਮੰਗ ਪੱਤਰ ਲੈਣ ਉਪਰੰਤ 30 ਜੁਲਾਈ ਤੱਕ ਐਨਪੀਏ ਵਿੱਚ ਕੀਤੀ ਕਟੌਤੀ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ ਅਤੇ ਇਸ ਤੋਂ ਪਹਿਲਾਂ ਸਰਕਾਰ ਵੱਲੋਂ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਬ੍ਰਹਮ ਮਹਿੰਦਰਾ ਜੀ ਨੇ ਵੀ 19 ਜੁਲਾਈ ਤੱਕ ਮਸਲੇ ਦੇ ਹੱਲ ਦਾ ਭਰੋਸਾ ਦਿਵਾਇਆ ਸੀ ਪਰ ਸਰਕਾਰੀ ਵਾਅਦੇ ਹਾਲੇ ਤੀਕ ਵਫ਼ਾ ਨਹੀਂ ਹੋਏ ਅਤੇ ਸਰਕਾਰ ਦੇ ਲਾਰੇ ਲੱਪਿਆਂ ਤੋਂ ਅੱਕੇ ਡਾਕਟਰਾਂ ਨੇ ਹੁਣ ਮਜਬੂਰਨ ਅਪਣੇ ਸਘੰਰਸ਼ ਨੂੰ ਹੋਰ ਤੇਜ ਕਰ ਦਿੱਤਾ ਹੈ । (MOREPIC1)
ਪ੍ਰੈੱਸ ਦੇ ਨਾਮ ਜਾਰੀ ਬਿਆਨ ਵਿੱਚ ਤਾਲਮੇਲ ਕਮੇਟੀ ਦੇ ਡਾ ਗਗਨਦੀਪ ਸਿੰਘ ਪ੍ਰਧਾਨ, ਪੀ.ਸੀ.ਐਮ.ਐਸ. ਐਸੋਸੀਏਸ਼ਨ, ਡਾ ਸਰਬਜੀਤ ਸਿੰਘ ਰੰਧਾਵਾ ਪ੍ਰਧਾਨ, ਵੈਟਰਨਰੀ ਅਫ਼ਸਰ ਐਸੋਸੀਏਸ਼ਨ, ਡਾ ਗਗਨਦੀਪ ਸਿੰਘ ਸ਼ੇਰਗਿੱਲ ਸੀਨੀਅਰ ਮੀਤ ਪ੍ਰਧਾਨ ਪੀ.ਸੀ.ਐਮ.ਐਸ.ਏ, ਡਾ ਪਵਨਪ੍ਰੀਤ ਕੌਰ ਪ੍ਰਧਾਨ, ਡੈਂਟਲ ਐਸੋਸੀਏਸ਼ਨ, ਡਾ ਸੰਜੀਵ ਪਾਠਕ ਪ੍ਰਧਾਨ, ਆਯੁਰਵੈਦਿਕ ਐਸੋਸੀਏਸ਼ਨ, ਡਾ ਦੀਪਇੰਦਰ ਸਿੰਘ ਪ੍ਰਧਾਨ ਆਰਐਮਓ ਐਸੋਸੀਏਸ਼ਨ ਡਾ ਬਲਵਿੰਦਰ ਸਿੰਘ ਪ੍ਰਧਾਨ, ਹੋਮਿਓਪੈਥਿਕ ਐਸੋਸੀਏਸ਼ਨ ਅਤੇ ਡਾ ਜਗਜੀਤ ਸਿੰਘ ਬਾਜਵਾ ਪ੍ਰਧਾਨ ਰੂਰਲ ਮੈਡੀਕਲ ਅਫ਼ਸਰ ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਕਿ ਤਾਲਮੇਲ ਕਮੇਟੀ ਵੱਲੋਂ ਪਹਿਲਾਂ ਹੀ 2 ਅਗਸਤ ਤੋਂ ਓ ਪੀ ਡੀਜ਼ ਨੂੰ ਮੁਕੰਮਲ ਬੰਦ ਕਰਨ ਅਤੇ ਜ਼ਿਲ੍ਹਾ ਪੱਧਰੀ ਸਿਹਤ ਅਤੇ ਪਸ਼ੂ ਪਾਲਣ ਵਿਭਾਗ ਦੇ ਦਫਤਰਾਂ ਦਾ ਕਬਜ਼ਾ ਲੈ ਕੇ ਕੰਮਕਾਜ ਮੁਕੰਮਲ ਤੌਰ ਤੇ ਠੱਪ ਕਰਨ ਦੀ ਕਾਲ ਦਿੱਤੀ ਹੋਈ ਹੈ । ਅੱਜ ਸੂਬੇ ਦੇ ਸਮੂਹ ਸਿਹਤ ਅਤੇ ਵੈਟਰਨਰੀ ਡਾਕਟਰਾਂ ਵੱਲੋਂ ਓ ਪੀ ਡੀਜ਼ ਨੂੰ ਮੁਕੰਮਲ ਬੰਦ ਕਰ ਦਿੱਤਾ ਗਿਆ ਹੈ ਅਤੇ ਪੰਜਾਬ ਅੰਦਰ ਸਿਹਤ ਅਤੇ ਪਸੂ ਪਾਲਣ ਵਿਭਾਗ ਦੇ ਡਾਕਟਰਾਂ ਵੱਲੋਂ ਜਿਲਾ ਦਫਤਰਾਂ ਅੱਗੇ ਰੋਸ ਧਰਨੇ ਲਾ ਕੇ ਸਮੁੱਚਾ ਸਰਕਾਰੀ ਕੰਮ ਠੱਪ ਕਰ ਦਿੱਤਾ ਤਾਂ ਜੋ ਗੂੜ੍ਹੀ ਨੀਂਦ ਸੁੱਤੀ ਹੋਈ ਸਰਕਾਰ ਨੂੰ ਜਗਾਇਆ ਜਾ ਸਕੇ । (MOREPIC2)
ਡਾ ਇੰਦਰਵੀਰ ਸਿੰਘ ਗਿੱਲ ਕਨਵੀਨਰ, ਤਾਲਮੇਲ ਕਮੇਟੀ, ਡਾ ਗਗਨਦੀਪ ਸਿੰਘ ਪ੍ਰਧਾਨ, ਪੀ.ਸੀ.ਐਮ.ਐਸ. ਐਸੋਸੀਏਸ਼ਨ, ਅਤੇ ਡਾ ਸਰਬਜੀਤ ਸਿੰਘ ਰੰਧਾਵਾ ਪ੍ਰਧਾਨ, ਵੈਟਰਨਰੀ ਅਫ਼ਸਰ ਐਸੋਸੀਏਸ਼ਨ, ਨੇ ਦੱਸਿਆ ਕਿ ਸਰਕਾਰੀ ਰਵੱਈਏ ਤੋਂ ਤੰਗ ਆ ਕੇ ਮਜਬੂਰੀ ਵੱਸ ਤਾਲਮੇਲ ਕਮੇਟੀ ਵੱਲੋਂ ਇਹ ਸਖ਼ਤ ਫੈਸਲਾ ਲਿਆ ਗਿਆ ਹੈ । ਇਸ ਤੋਂ ਬਾਅਦ ਵੀ ਮੰਗਾਂ ਨਾ ਮੰਨਣ ਦੀ ਸੂਰਤ ਵਿਚ 5 ਉਨੀ ਅਗਸਤ ਤੋਂ ਰਾਜ ਪੱਧਰੀ ਸਿਹਤ ਅਤੇ ਪਸ਼ੂ ਪਾਲਣ ਵਿਭਾਗ ਦੇ ਦਫਤਰਾਂ ਦਾ ਕਬਜ਼ਾ ਲੈ ਕੇ ਸਰਕਾਰੀ ਕੰਮ ਮੁਕੰਮਲ ਠੱਪ ਕਰਵਾਇਆ ਜਾਵੇਗਾ । ਉਨ੍ਹਾਂ ਆਮ ਜਨਤਾ ਨੂੰ ਹੋਣ ਵਾਲੀ ਪ੍ਰੇਸ਼ਾਨੀ ਤੇ ਅਫਸੋਸ ਵੀ ਜ਼ਾਹਰ ਕੀਤਾ । ਉਨ੍ਹਾਂ ਦੱਸਿਆ ਕਿ ਲੋਕ ਹਿੱਤ ਨੂੰ ਦੇਖਦੇ ਹੋਏ ਡਾਕਟਰਾਂ ਵੱਲੋਂ ਐਮਰਜੈਂਸੀ/ਕੋਵਿੱਡ/ ਮੈਡੀਕੋ/ ਵੈਟਰੋ-ਲੀਗਲ ਅਤੇ ਪੋਸਟਮਾਰਟਮ ਸੰਬੰਧੀ ਸੇਵਾਵਾਂ ਅਜੇ ਵੀ ਆਮ ਵਾਂਗ ਚਲਾਈਆਂ ਜਾ ਰਹੀਆਂ ਹਨ।
ਡਾ ਗਗਨਦੀਪ ਸਿੰਘ ਸ਼ੇਰਗਿੱਲ ਸੀਨੀਅਰ ਮੀਤ ਪ੍ਰਧਾਨ, ਪੀ.ਸੀ.ਐਮ.ਐਸ. ਐਸੋਸੀਏਸ਼ਨ ਅਤੇ ਡਾ ਗੁਰਦੇਵ ਸਿੰਘ ਸੀਨੀਅਰ ਮੀਤ ਪ੍ਰਧਾਨ, ਪੰਜਾਬ ਸਟੇਟ ਵੈਟਰਨਰੀ ਆਫੀਸਰਜ਼ ਐਸੋਸੀਏਸ਼ਨ ਨੇ ਪ੍ਰੈੱਸ ਨੂੰ ਦੱਸਿਆ ਕਿ ਪੂਰੇ ਪੰਜਾਬ ਦੇ ਡਾਕਟਰਾਂ ਵਿਚ ਐੱਨ.ਪੀ.ਏ ਕਟੌਤੀ ਅਤੇ ਸਰਕਾਰ ਦੀ ਨਿੱਜੀਕਰਨ ਦੀ ਨੀਤੀ ਪ੍ਰਤੀ ਬਹੁਤ ਰੋਸ ਪਾਇਆ ਜਾ ਰਿਹਾ ਹੈ ਅਤੇ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਰਕਾਰ ਆਪਣੇ ਰਵੱਈਏ ਤੋਂ ਟੱਸ ਤੋਂ ਮੱਸ ਨਹੀਂ ਹੋ ਰਹੀ। ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਤਿੱਖਾ ਹੋਣ ਦੀ ਸੂਰਤ ਵਿੱਚ ਇਸਦੀ ਸਮੁੱਚੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ । ਸੂਬੇ ਦੇ ਸਮੂਹ ਡਾਕਟਰ ਜਨਤਕ ਸਿਹਤ ਸੰਭਾਲ ਅਤੇ ਵੈਟਰਨਰੀ ਸੰਭਾਲ ਪ੍ਰਣਾਲੀ ਨੂੰ ਬਚਾਉਣ ਲਈ ਇਕਜੁੱਟ ਹਨ ।