ਉੱਪ ਜੇਤੂ ਟੀਮ ਨੂੰ ਇੱਕ ਲੱਖ ਦੀ ਰਾਸ਼ੀ ਭੇਂਟ
ਮੋਹਾਲੀ, 27 ਜਨਵਰੀ
ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫ਼ੇਅਰ ਕਲੱਬ ਮੁਹਾਲੀ ਵੱਲੋਂ ਕਰਾਇਆ ਗਿਆ ਦੋ ਰੋਜ਼ਾ ਕਬੱਡੀ ਕੱਪ ਬੀਤੀ ਰਾਤ ਸਮਾਪਤ ਹੋ ਗਿਆ। ਇਸ ਟੂਰਨਾਮੈਂਟ ਦੇ ਦੋਵੇਂ ਦਿਨ ਦਰਜਨਾਂ ਕਬੱਡੀ ਟੀਮਾਂ ਦੀ ਖੇਡ ਦਾ ਸੈਂਕੜੇ ਦਰਸ਼ਕਾਂ ਨੇ ਆਨੰਦ ਮਾਣਿਆ। ਕਬੱਡੀ ਦੀਆਂ ਅੱਠ ਅਕੈਡਮੀਆਂ ਦੇ ਹੋਏ ਸਖ਼ਤ ਮੁਕਾਬਲਿਆਂ ਵਿੱਚ ਸੰਤ ਬਾਬਾ ਈਸ਼ਰ ਸਿੰਘ ਕਬੱਡੀ ਅਕੈਡਮੀ ਰਾੜਾ ਸਾਹਿਬ ਅਤੇ ਬਾਬਾ ਸੁਖਚੈਨ ਦਾਸ ਕਬੱਡੀ ਅਕੈਡਮੀ ਫਗਵਾੜਾ ਦੀਆਂ ਟੀਮਾਂ ਫ਼ਾਈਨਲ ਵਿੱਚ ਪੁੱਜੀਆਂ।
(MOREPIC1)
ਫਾਈਨਲ ਦੇ ਬੇਹੱਦ ਸਖਤ ਮੁਕਾਬਲੇ ਵਿੱਚ ਰਾੜਾ ਸਾਹਿਬ ਨੇ ਫਗਵਾੜਾ ਨੂੰ 32-28 ਅੰਕਾਂ ਨਾਲ ਹਰਾਕੇ ਡੇਢ ਲੱਖ ਦੇ ਨਕਦ ਇਨਾਮ ਉੱਤੇ ਕਬਜ਼ਾ ਕੀਤਾ। ਜੇਤੂ ਟੀਮ ਨੂੰ ਡੇਢ ਲੱਖ ਦੀ ਰਾਸ਼ੀ ਰਾਜਿੰਦਰ ਸਿੰਘ, ਤੇਜਿੰਦਰ ਸਿੰਘ ਅਤੇ ਗੁਰਮਿੰਦਰ ਸਿੰਘ ਯੂਐਸਏ ਵੱਲੋਂ ਆਪਣੀ ਮਾਤਾ ਬਲਵੰਤ ਕੌਰ ਦੀ ਯਾਦ ਵਿੱਚ ਰੱਖੇ ਕਬੱਡੀ ਕੱਪ ਦੇ ਨਾਲ ਭੇਂਟ ਕੀਤੀ ਗਈ। ਉੱਪ ਜੇਤੂ ਫਗਵਾੜਾ ਦੀ ਟੀਮ ਨੂੰ ਇੱਕ ਲੱਖ ਦੀ ਰਾਸ਼ੀ ਐਡਵੋਕੇਟ ਸਰਤਾਜ ਸਿੰਘ ਗਿੱਲ ਵੱਲੋਂ ਆਪਣੇ ਪਿਤਾ ਸਵਰਗੀ ਸੁਖਦੇਵ ਸਿੰਘ ਗਿੱਲ ਦੀ ਯਾਦ ਵਿੱਚ ਭੇਂਟ ਕੀਤੀ ਗਈ।
ਕਲੱਬ ਦੇ ਪ੍ਰਧਾਨ ਭੂਪਿੰਦਰ ਸਿੰਘ ਭਿੰਦਾ ਕੁੰਭੜਾ ਅਤੇ ਚੇਅਰਮੈਨ ਮੱਖਣ ਕਜਹੇੜੀ ਦੀ ਅਗਵਾਈ ਹੇਠ ਹੋਏ ਇਸ ਕਬੱਡੀ ਕੱਪ ਵਿੱਚ ਅਕੈਡਮੀਆਂ ਦੇ ਮੈਚਾਂ ਦਾ ਉਦਘਾਟਨ ਅਕਾਲੀ ਦਲ ਦੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਤੇ ਕੌਂਸਲਰ ਪਰਮਿੰਦਰ ਸਿੰਘ ਸੋਹਾਣਾ ਨੇ ਕੀਤਾ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਮੇਅਰ ਕੁਲਵੰਤ ਸਿੰਘ ਨੇ ਕੀਤੀ। ਇਸ ਮੌਕੇ ਕੌਂਸਲਰ ਫੂਲਰਾਜ ਸਿੰਘ, ਪਰਮਜੀਤ ਸਿੰਘ ਕਾਹਲੋਂ, ਹਰਮਨਜੀਤ ਸਿੰਘ ਕੁੰਭੜਾ, ਅਕਾਲੀ ਆਗੂ ਸਾਧੂ ਸਿੰਘ ਖਲੌਰ ਸਮੇਤ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ।
ਇੱਕ ਪਿੰਡ ਓਪਨ ਕਬੱਡੀ ਦੇ ਫਾਈਨਲ ਵਿੱਚ ਸੈਂਪਲੀ ਸਾਹਿਬ ਨੇ ਧਨਾਸ ਨੂੰ ਹਰਾਕੇ 15 ਹਜ਼ਾਰ ਦਾ ਨਕਦ ਇਨਾਮ ਹਾਸਿਲ ਕੀਤਾ। ਉੱਪ ਜੇਤੂ ਟੀਮ ਨੂੰ 11 ਹਜ਼ਾਰ ਦਾ ਇਨਾਮ ਦਿੱਤਾ ਗਿਆ। ਗੋਲਾ ਸੁੱਟਣ ਦੇ ਮੁਕਾਬਲੇ ਵਿੱਚ ਵਰਿੰਦਰ ਮੁਹਾਲੀ ਫ਼ਸਟ ਤੇ ਨਵਜੋਤ ਮੌਲੀ ਸੈਕਿੰਡ ਰਹੇ। ਇਸ ਮੌਕੇ 40 ਸਾਲ ਤੋਂ ਵੱਧ ਉਮਰ ਦੇ ਕਬੱਡੀ ਖਿਡਾਰੀਆਂ ਦਾ ਸ਼ੋਅ ਮੈਚ ਕਰਾਇਆ ਗਿਆ। ਗੁਰਪ੍ਰੀਤ ਬੇਰ ਕਲਾਂ ਨੇ ਸ਼ਾਨਦਾਰ ਕੁਮੈਂਟਰੀ ਰਾਹੀਂ ਰੰਗ ਬੰਨਿਆ। ਮਾਸਟਰ ਅਮਰਜੀਤ ਸਿੰਘ ਕੁੰਭੜਾ, ਹਰਮਨਜੀਤ ਸਿੰਘ ਸੋਹਾਣਾ, ਸੁਖਵਿੰਦਰ ਸਿੰਘ ਸੁੱਖੀ, ਮਾਸਟਰ ਹਰਬੰਸ ਸਿੰਘ, ਕਰਮਜੀਤ ਸਿੰਘ ਢੇਲਪੁਰ, ਪ੍ਰੋ ਜਗਤਾਰ ਸਿੰਘ ਗਿੱਲ ਚਿੱਲਾ ਹਰਜੋਤ ਗੱਬਰ, ਆਦਿ ਨੇ ਟੂਰਨਾਮੈਂਟ ਦੌਰਾਨ ਸਮੁੱਚੀ ਟੀਮਾਂ ਨੂੰ ਸੰਚਾਲਨ ਕੀਤਾ।
ਕਲੱਬ ਦੇ ਪ੍ਰਧਾਨ ਮਾਸਟਰ ਭੂਪਿੰਦਰ ਸਿੰਘ ਦੀ ਅਗਵਾਈ ਖਿਡਾਰੀਆਂ, ਮਹਿਮਾਨਾਂ ਤੇ ਪਤਵੰਤਿਆਂ ਦਾ ਸਨਮਾਨ ਕੀਤਾ ਗਿਆ। ਪ੍ਰਬੰਧਕਾਂ ਨੇ ਅਗਲੇਰੇ ਵਰ੍ਹੇ ਹੋਰ ਵੀ ਵੱਡੀ ਪੱਧਰ ਉੱਤੇ ਟੂਰਨਾਮੈਂਟ ਕਰਾਉਣ ਦਾ ਐਲਾਨ ਕੀਤਾ।