ਮੋਹਾਲੀ, 19 ਜੁਲਾਈ, ਦੇਸ਼ ਕਲਿੱਕ ਬਿਊਰੋ :
ਪਰਵਾਸੀ ਕਵੀ ਗੁਰਦੇਵ ਚੌਹਾਨ ਦੀਆਂ ਦੋ ਇਕੱਠੀਆਂ ਪ੍ਰਕਾਸ਼ਿਤ ਹੋਈਆਂ ਪੁਸਤਕਾਂ, 'ਨਵੀਂ ਵਿਸ਼ਵ ਕਵਿਤਾ', ਅਤੇ 'ਮੱਕੀ ਦਾ ਗੀਤ' ਚੰਡੀਗੜ੍ਹ ਪ੍ਰੈਸ ਕਲੱਬ ਵਿਚ ਸਥਾਨਕ ਲੇਖਕਾਂ ਦੀ ਹਾਜ਼ਰੀ ਵਿਚ ਲੋਕ ਅਰਪਨ ਹੋਈਆਂ । ਨਵੀਂ ਵਿਸ਼ਵ ਕਵਿਤਾ ਵਿਚ ਪੰਜਾਹ ਤੋਂ ਵੀ ਵੱਧ ਪ੍ਰਸਿੱਧ ਭਾਰਤੀ ਅਤੇ ਵਿਦੇਸ਼ੀ ਕਵੀਆਂ ਦੀਆਂ ਉੱਘੀਆਂ ਤੇ ਚਰਚਿੱਤ ਕਵਿਤਾਵਾਂ ਦਾ ਲੇਖਕ ਰਾਹੀਂ ਅਨੁਵਾਦ ਸ਼ਾਮਿਲ ਹੈ ਉੱਥੇ ਇਸ ਸੰਗ੍ਰਿਹ ਵਿਚ ਸ਼ਾਮਿਲ ਕਵੀਆਂ ਅਤੇ ਉਹਨਾਂ ਦੀਆਂ ਕਾਵਿ-ਰਚਨਾਵਾਂ ਬਾਰੇ ਸੰਖੇਪ ਪ੍ਰਸੰਗਾਤਮਿਕ ਟਿੱਪਣੀਆਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ ਤਾਂ ਕਿ ਕਵਿਤਾਵਾਂ ਦਾ ਗ੍ਰਹਿਣ ਆਸਾਨ ਹੋ ਸਕੇ। ਇਹ ਪੁਸਤਕ ਔਟਮ ਆਰਟ ਨੇ ਅਤੇ ਮੱਕੀ ਦਾ ਗੀਤ ਕੈਲੀਬਰ ਪਬਲੀਕੇਸ਼ਨ ਪਟਿਆਲਾ ਨੇ ਛਾਪੀ ਹੈ ।
ਸ਼ਾਇਰ ਮਿੰਦਰ ਨੇ ਸਮਾਗਮ ਦੀ ਸ਼ੁਰੂਆਤ ਮੌਕੇ ਕਿਹਾ ਕਿ ਲੋਕ ਗੀਤਾਂ ਵਾਂਗ 'ਮੱਕੀ ਦਾ ਗੀਤ' ਵਿਚਲੀਆਂ ਕਵਿਤਾਵਾਂ ਵੀ ਲੋਕ ਗੀਤਾਂ ਵਾਂਗ ਸਹਿਜ ਤੇ ਸੁਭਾਵਕ ਸਿਰਜਣਾ ਹੈ । ਮੱਕੀ ਦਾ ਗੀਤ ਪਹਿਲੀ ਵਾਰ 1996 ਵਿਚ ਪ੍ਰਕਾਸ਼ਿਤ ਹੋਈ ਸੀ ਅਤੇ ਪਾਠਕਾਂ ਵਿਚ ਬਹੁਤ ਚਰਚਿਤ ਰਹੀ । ਹੁਣ ਉਸਦਾ ਦੂਸਰਾ ਐਡੀਸ਼ਨ ਪੰਜਾਬੀ ਪਾਠਕਾਂ ਦੀ ਨਿਰੰਤਰ ਮੰਗ ਨੂੰ ਮੁੱਖ ਰੱਖਦਿਆਂ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਵਿਚ ਪੰਜਾਬੀ ਪੇਂਡੂ ਜੀਵਨ ਅਤੇ ਸ਼ਹਿਰ ਵਿਚ ਪੰਜਾਬੀ ਪਿੰਡਾਂ ਦੀ ਪਰਛਾਈ ਨੂੰ ਪਕੜਨ ਅਤੇ ਪੰਜਾਬੀ ਭਾਸ਼ਾ ਦੀ ਰਚਨਾਤਮਿਕਤਾ ਅਤੇ ਕਾਵਿਕਤਾ ਨੂੰ ਪਕੜਨ ਦਾ ਦਾ ਸਫਲ ਉਪਰਾਲਾ ਹੋਇਆ ਹੈ। ਇਸ ਵਿਚ ਪਸ਼ੂਆਂ, ਪੰਛੀਆਂ, ਘਾਹ, ਪੇੜਾਂ, ਮੌਸਮਾਂ ਅਤੇ ਫਸਲਾਂ ਬਾਰੇ ਹੀ ਨਹੀਂ, ਮੁਨੁੱਖੀ ਜੀਵਨ ਦੇ ਅੰਤਰੀਵੀ ਅਤੇ ਬਾਹਰਲੇ ਮੌਸਮਾਂ ਦੀ ਵੀ ਗੱਲ ਕੀਤੀ ਗਈ ਹੈ । ਇਸ ਸੰਗ੍ਰਿਹ ਵਿਚ ਕਵਿਤਾ ਰਾਹੀਂ ਭੂਤ, ਵਰਤਮਾਨ ਅਤੇ ਭਵਿੱਖ ਦੇ ਕਾਲਾਂ ਦੀ ਹੋਈ ਗੱਲ ਵੀ ਬੜੀ ਅਹਿਮ ਹੈ ।
ਡਾ. ਯੋਗਰਾਜ ਅੰਗਰੀਸ਼ ਨੇ ਕਿਹਾ ਕਿ 'ਨਵੀਂ ਵਿਸ਼ਵ ਕਵਿਤਾ' ਵਿਚ ਗੁਰਦੇਵ ਚੌਹਾਨ ਨੇ ਨੋਬਲ ਜੇਤੂਆਂ ਸਮੇਤ ਹਿੰਦੀ ਅਤੇ ਪੰਜਾਬੀ ਕਵੀਆਂ ਦੀ ਰਚੀ ਰੰਗ,ਰੰਗ ਦੀ ਕਵਿਤਾ ਦੀ ਚੋਣ ਕਰਕੇ ਵਿਸ਼ਵ ਕਵਿਤਾ ਨਾਲ ਨਿਆਂ ਕੀਤਾ ਹੈ ।
ਅਨੁਵਾਦ ਲਈ ਰਚਨਾਵਾਂ ਦੀ ਸ਼ਿਲਪੀ ਅਤੇ ਵਿਚਾਰਕ ਵਿਵਿਧਤਾ ਨੂੰ ਵੀ ਲੋੜੀਂਦੀ ਤਰਜ਼ੀਹ ਦਿੱਤੀ ਗਈ ਹੈ ਤਾਂ ਕਿ ਵੱਧ ਤੋਂ ਵੱਧ ਕਾਵਿ-ਪ੍ਰਯੋਗ ਅਤੇ ਸੋਚ-ਬਿੰਦੂ ਪਕੜੇ ਜਾ ਸਕਣ।
ਡਾ. ਜਸਪਾਲ ਸਿੰਘ ਨੇ ਕਿਹਾ ਕਿ 'ਮੱਕੀ ਦਾ ਗੀਤ' ਕਾਵ ਪੁਸਤਕ ਵਿਚ ਕਵੀ ਦਾ ਪਿੰਡ ਤੋਂ ਸ਼ਹਿਰ ਤੀਕ ਦਾ ਸਫ਼ਰ ਝਲਕਦਾ ਹੈ । ਇਹ ਕਵਿਤਾਵਾਂ ਪੜ੍ਹਦਾ ਪਾਠਕ ਸੁਪਨੇ ਅਤੇ ਹਕੀਕਤ ਦੇ ਵਿਚਾਲੇ ਵਿਚਰਦਾ ਹੈ । ਉਸ ਦੇ ਹੁਣ ਤੀਕ ਪੰਜ ਕਾਵਿ-ਸੰਗ੍ਰਿਹ, ਤਿੰਨ ਵਾਰਤਕ ਪੁਸਤਕਾਂ, ਦੋ ਵਿਅੰਗ ਪੁਸਤਕਾਂ ਅਤੇ ਕਈ ਪੁਸਤਕਾਂ ਦੇ ਅੰਗਰੇਜੀ ਅਨੁਵਾਦ ਤੇ ਸੰਪਾਦਿਤ ਪੁਸਤਕਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਦੋ ਵਿਅੰਗ ਪੁਸਤਕਾਂ ਹਿੰਦੀ ਵਿਚ ਵੀ ਅਨੁਵਾਦ ਹੋ ਚੁੱਕੀਆਂ ਹਨ। ਉਹ ਕਈ ਸਾਲਾਂ ਤੋਂ ਕੈਨੇਡਾ ਤੋਂ ਸਾਊਥ ਏਸ਼ੀਅਨ ਅਨਸਾਂਬਲ ਨਾਂ ਦਾ ਅੰਗਰੇਜ਼ੀ ਤ੍ਰੈ-ਮਾਸਕ,ਛਿਮਾਹੀ ਮੈਗਜ਼ੀਨ ਦਾ ਵੀ ਪਰੋਫੈਸਰ ਰਾਜੇਸ਼ ਸ਼ਰਮਾ ਨਾਲ ਰਲ ਕੇ ਸਹਿ-ਸੰਪਾਦਨ ਕਰ ਰਿਹਾ ਹੈ।
ਸਮਾਗਮ ਦੇ ਪ੍ਰਧਾਨ ਡਾ. ਮਨਮੋਹਨ ਨੇ ਕਿਹਾ ਕਿ ਗੁਰਦੇਵ ਚੌਹਾਨ ਆਪਣੀਆਂ ਕਵਿਤਾਵਾਂ, ਵਾਰਤਕ ਅਤੇ ਅੰਗਰੇਜ਼ੀ ਪੰਜਾਬੀ ਵਿਚ ਅਨੁਵਾਦਿਤ ਲਿਖਤਾਂ ਕਰਕੇ ਪਹਿਲਾਂ ਹੀ ਚਰਚਾ ਵਿਚ ਹੈ । ਪ੍ਰੋਜੇਕ ਅਤੇ ਮੋਜੇਕ ਰਚਨਾ ਦੀ ਵਿਆਖਿਆ ਕਰਦਿਆਂ ਉਨਾਂ ਕਿਹਾ ਕੇ 'ਮੱਕੀ ਦਾ ਗੀਤ' ਕਾਵ ਪੁਸਤਕ ਵਿਚਲੀਆਂ ਕਵਿਤਾਵਾਂ ਭਾਵੇਂ 35 ਸਾਲ ਪਹਿਲਾਂ ਲਿਖੀਆਂ ਗਈਆਂ ਪਰ ਅੱਜ ਵੀ ਇਹ ਸਾਰੀਆਂ ਕਵਿਤਾਵਾਂ ਜਿਆਦਾ ਸਾਰਥਕ ਤੇ ਅਰਥ ਭਰਭੂਰ ਹਨ । ਭਾਸ਼ਾ ਯੋਗਤਾ, ਭਾਸ਼ਾ ਦੀ ਸ਼ਿਲਪਕਾਰੀ ਅਤੇ ਕਾਵਿਕ ਭਾਸ਼ਾ ਕਾਰਨ ਇਹ ਸਰਵ ਕਾਲੀ ਕਵਿਤਾਵਾਂ ਹਨ ।
ਰੀਲੀਜ਼ ਸਮਾਗਮ ਵਿਚ ਸ਼ਾਇਰ ਗੁਲ ਚੌਹਾਨ, ਜਗਦੀਪ ਸਿੱਧੂ, ਕਹਾਣੀਕਾਰ ਤੇ ਅਦਾਕਾਰ ਗੋਵਰਧਨ ਗੱਬੀ ਅਤੇ ਗੁਰਮੀਤ ਸਿੰਘ ਆਦਿ ਸ਼ਾਮਲ ਹੋਏ ।