ਮੋਹਾਲੀ 11 ਜੁਲਾਈ (ਦੇਸ਼ ਕਲਿੱਕ ਬਿਓਰੋ)
ਸੈਰੇਬਰਲ ਪੈਲਸੀ ਸਪੋਰਟਸ ਸੋਸਾਇਟੀ ਆਫ ਪੰਜਾਬ ਵੱਲੋਂ ਸੈਰੇਬਰਲ ਪੈਲਸੀ (ਦਿਮਾਗ ਦਾ ਲਕਵਾ) ਨਾਲ ਪੀਡ਼ਤ ਬੱਚਿਆਂ ਦੇ ਚੰਡੀਗਡ਼੍ਹ ਅਤੇ ਮੁਹਾਲੀ ਸਿਟੀ ਦੀਆਂ ਟੀਮਾਂ ਵਿਚ ਫੁੱਟਬਾਲ ਮੈਚ ਕਰਵਾਇਆ ਗਿਆ। ਇਹ ਮੁਕਾਬਲੇ ਫੇਜ਼ 10 ਮੁਹਾਲੀ ਦੇ ਸਰਕਾਰੀ ਮਿਡਲ ਸਕੂਲ ਵਿੱਚ ਕਰਵਾਏ ਗਏ ਇਸ ਮੌਕੇ ਮੁੱਖ ਮਹਿਮਾਨ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਮੌਕੇ ਮੇਅਰ ਦਿੱਤੀ ਸਿੱਧੂ ਨੇ ਸੰਸਥਾ ਵੱਲੋਂ ਕਰਵਾਏ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਪੈਸ਼ਲ ਬੱਚੇ ਹਰ ਤਰ੍ਹਾਂ ਦੀ ਸਹੂਲਤ ਦੇ ਹੱਕਦਾਰ ਹਨ ਅਤੇ ਹੋਰਨਾਂ ਸੰਸਥਾਵਾਂ ਨੂੰ ਵੀ ਇਨ੍ਹਾਂ ਵਾਸਤੇ ਵੱਧ ਚਡ਼੍ਹ ਕੇ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਐਲਾਨ ਕੀਤਾ ਕਿ ਮੁਹਾਲੀ ਨਗਰ ਨਿਗਮ ਵੱਲੋਂ ਗਮਾਡਾ ਤੋਂ ਹਾਸਲ ਕੀਤੇ ਜਾਣ ਵਾਲੇ ਸਪੋਰਟਸ ਸਟੇਡੀਅਮ ਵਿਚ ਇਨ੍ਹਾਂ ਬੱਚਿਆਂ ਵਾਸਤੇ ਵਿਸ਼ੇਸ਼ ਸਮਾਂ ਰੱਖਿਆ ਜਾਵੇਗਾ ਤਾਂ ਜੋ ਇਹ ਬੱਚੇ ਉੱਥੇ ਪ੍ਰੈਕਟਿਸ ਕਰ ਸਕਣ ਅਤੇ ਵੱਖ ਵੱਖ ਖੇਡਾਂ ਵਿੱਚ ਸ਼ਾਮਲ ਹੋ ਸਕਣ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਨ੍ਹਾਂ ਵਿਸ਼ੇਸ਼ ਬੱਚਿਆਂ ਵਾਸਤੇ ਮੋਹਾਲੀ ਵਿੱਚ ਕੇਂਦਰ ਖੋਲ੍ਹਣ ਸਬੰਧੀ ਵੀ ਉਹ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਗੱਲ ਕਰਨਗੇ।(advt52)
ਇਸ ਮੌਕੇ ਮੇਅਰ ਜੀਤੀ ਸਿੱਧੂ ਵੱਲੋਂ ਇਨਾਮਾਂ ਦੀ ਵੰਡ ਕੀਤੀ ਗਈ ਅਤੇ ਉਨ੍ਹਾਂ ਨੇ ਸੰਸਥਾ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਕੌਂਸਲਰ ਕੁਲਵੰਤ ਸਿੰਘ ਕਲੇਰ, ਕੌਂਸਲਰ ਨਰਪਿੰਦਰ ਸਿੰਘ ਰੰਗੀ, ਕੌਂਸਲਰ ਜਤਿੰਦਰ ਕੌਰ, ਸੰਸਥਾ ਦੇ ਚੇਅਰਮੈਨ ਰਿਟਾਇਰਡ ਆਈਪੀਐਸ ਸ੍ਰੀ ਲੇਖੀ, ਪ੍ਰਧਾਨ ਅਜੀਤ ਸਿੰਘ ਮੁੱਖ ਆਰਗੇਨਾਈਜ਼ਰ ਤੋਂ ਇਲਾਵਾ ਸਕੂਲ ਸਟਾਫ ਤੇ ਬੱਚਿਆਂ ਦੇ ਨੁਮਾਇੰਦੇ ਆਦਿ ਮੌਜੂਦ ਸਨ। ਅੰਤ ਵਿਚ ਸਮਾਜ ਸੇਵੀ ਕਰਮਜੀਤ ਸਿੰਘ ਲਾਡੀ ਵਲੋਂ ਦੁੱਧ ਅਤੇ ਕੇਲੇ ਵਰਤਾਏ ਗਏ।