ਮੋਹਾਲੀ: 1 ਜੁਲਾਈ (ਦੇਸ਼ ਕਲਿੱਕ ਬਿਓਰੋ)
ਕੌਮੀ ਡਾਕਟਰ ਦਿਵਸ ਮੌਕੇ, ਸੈਨਾ ਦੇ ਪੱਛਮੀ ਕਮਾਂਡ ਵੱਲੋਂ ਕੋਵਿਡ ਦੀ ਦੂਜੀ ਲਹਿਰ ਦੌਰਾਨ ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦੇ ਸਿਹਤ ਸੰਭਾਲ ਕਰਮਚਾਰੀਆਂ ਦੀ ਸਹਾਇਤਾ ਲਈ ਉਹਨਾਂ ਦੀ ਬੇਨਤੀ 'ਤੇ ਆਏ ਬੈਟਲ ਫੀਲਡ ਨਰਸਿੰਗ ਅਸਿਸਟੈਂਟਸ (ਬੀ.ਐੱਫ.ਐੱਨ.ਏਜ਼) ਨੂੰ ਨਿੱਘੀ ਵਿਦਾਇਗੀ ਦਿੰਦਿਆਂ ਡਾਇਰੈਕਟਰ ਪ੍ਰਿੰਸੀਪਲ ਭਵਨੀਤ ਭਾਰਤੀ ਨੇ ਆਪਣੇ ਫੈਕਲਟੀ ਮੈਂਬਰਾਂ ਦੀ ਤਰਫੋਂ ਸਮੂਹ ਬੀ.ਐੱਫ.ਐਨ.ਏਜ਼ ਵੱਲੋਂ ਇਸ ਮੁਸ਼ਕਲ ਸਮੇਂ ਦੌਰਾਨ ਉਹਨਾਂ ਦੇ ਸਹਿਯੋਗ ਅਤੇ ਸ਼ਲਾਘਾਯੋਗ ਕੰਮ ਦੀ ਸ਼ਲਾਘਾ ਅਤੇ ਧੰਨਵਾਦ ਕੀਤਾ।
ਉਹਨਾਂ ਦੱਸਿਆ ਕਿ ਆਰਮੀ ਸੀ.ਡੀ.ਆਰ. ਪੱਛਮੀ ਕਮਾਂਡ ਲੈਫਟੀਨੈਂਟ ਜਨਰਲ ਆਰ.ਪੀ. ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਫੌਜ ਨੇ ਦੂਜੀ ਲਹਿਰ ਦੌਰਾਨ ਕੋਵਿਡ-19 ਵਿਰੁੱਧ ਲੜਾਈ ਲਈ ਸਿਵਲ ਸੈਕਟਰ ਨੂੰ ਆਪਣਾ ਪੂਰਾ ਸਮਰਥਨ ਦਿੱਤਾ। ਫੌਜ ਦੇ ਪੱਛਮੀ ਕਮਾਂਡ ਫੌਜ ਦੇ ਬੈਟਲ ਫੀਲਡ ਨਰਸਿੰਗ ਅਸਿਸਟੈਂਟਸ (ਬੀ.ਐੱਫ.ਐੱਨ.ਏਜ਼) ਨੇ ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵਿਖੇ 25 ਮਈ 2021 ਨੂੰ ਆਪਣੀ ਡਿਊਟੀਆਂ ਸੰਭਾਲੀਆਂ। ਉਹਨਾਂ ਨੇ ਕੋਵਿਡ-19 ਪਾਜ਼ੇਟਿਵ ਅਤੇ ਬਲੈਕ ਫੰਗਸ ਦੇ ਮਰੀਜ਼ਾਂ ਦੀ ਦੇਖਭਾਲ ਲਈ ਆਪਣੇ ਸਿਵਲ ਸਹਿਯੋਗੀਆਂ ਨਾਲ ਪੂਰੀ ਲਗਨ ਅਤੇ ਮੋਢੇ ਨਾਲ ਮੋਢਾ ਜੋੜ ਕੇ ਅਣਥੱਕ ਮਿਹਨਤ ਕੀਤੀ।
ਉਹਨਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਕੋਵਿਡ-19 ਦੇ ਕੇਸਾਂ ਵਿੱਚ ਆਈ ਗਿਰਾਵਟ ਦੇ ਮੱਦੇਨਜ਼ਰ ਸਿਹਤ ਸੰਭਾਲ ਪ੍ਰਣਾਲੀ 'ਤੇ ਦਬਾਅ ਘਟਣ ਨਾਲ ਬੀ.ਐਫ.ਐਨ.ਏ. ਆਪਣੀ ਡਿਊਟੀ ਫੌਜ ਵਿੱਚ ਵਾਪਸ ਸੰਭਾਲ ਲੈਣਗੇ।
ਕਰਨਲ ਜਸਦੀਪ ਸੰਧੂ, ਡਾਇਰੈਕਟਰ, ਸਿਵਲ ਮਿਲਟਰੀ ਅਫੇਅਰਜ਼, ਪੱਛਮੀ ਕਮਾਂਡ, ਜਿਹਨਾਂ ਨੂੰ ਇਸ ਮੌਕੇ ਵਿਸ਼ੇਸ਼ ਤੌਰ 'ਤੇ ਬੁਲਾਇਆ ਗਿਆ ਸੀ, ਨੇ ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦੇ ਫੈਕਲਟੀ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਬੀ.ਐੱਫ.ਐੱਨ.ਏਜ਼ ਕੋਲ ਨਾਗਰਿਕਾਂ ਨਾਲ ਕੰਮ ਕਰਨ ਦਾ ਸੁਨਹਿਰੀ ਮੌਕਾ ਸੀ ਅਤੇ ਉਨ੍ਹਾਂ ਲਈ ਇਹ ਸਿੱਖਣ ਦਾ ਵਧੀਆ ਤਜ਼ਰਬਾ ਰਿਹਾ।”
ਡਾ. ਕਰਨ ਅਗਰਵਾਲ ਅਤੇ ਡਾ. ਸੋਨੀਆ ਨੇ ਕਿਹਾ ਕਿ ਬੀ.ਐੱਫ.ਐਨ.ਏਜ਼ ਨਾਲ ਮਿਲ ਕੇ ਕੰਮ ਕਰਨ ਨਾਲ ਉਨ੍ਹਾਂ ਸਾਰਿਆਂ ਵਿਚ ਅਨੁਸ਼ਾਸਨ ਅਤੇ ਮੁਸ਼ਕਲ ਭਰੇ ਹਾਲਤਾਂ ਵਿਚ ਕੰਮ ਕਰਨ ਦੀ ਭਾਵਨਾ ਪੈਦਾ ਹੋਈ।