ਚੰਡੀਗੜ੍ਹ : 25 ਮਈ (ਦੇਸ਼ ਕਲਿੱਕ ਬਿਓਰੋ)
ਕਰੋਨਾ ਮਹਾਂਮਾਰੀ ਦੇ ਚਲਦਿਆਂ ਛੇਵੇਂ ਪੇ ਕਮਿਸ਼ਨ ਦੇ ਵਿਰੋਧ ਵਿੱਚ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਡਾਕਟਰ ਵੀ ਹੜਤਾਲੀ ਮੁਲਾਜ਼ਮਾਂ ਨਾਲ ਰਲ ਗਏ ਹਨ। ਜਿਸ ਕਾਰਨ ਸਰਕਾਰੀ ਹਸਪਤਾਲਾਂ ਦਾ ਸਾਰਾ ਕੰਮ ਠੱਪ ਹੋ ਕੇ ਰਹਿ ਗਿਆ।
ਡਾਕਟਰਾਂ ਦਾ ਰੋਸ ਹੈ ਕਿ ਪੇ ਕਮਿਸ਼ਨ ਨੇ ਉਨ੍ਹਾਂ ਦੀ ਬੇਸਿਕ ਪੇ ਤੋਂ ਨਾਨ ਪ੍ਰੈਕਟਿਸਿੰਗ ਅਲਾਊਂਸ ਨੂੰ ਖਤਮ ਕਰਨ ਦੀ ਸਿਫਾਰਸ਼ ਕਰ ਦਿੱਤੀ ਹੈ। ਡਾਕਟਰਾਂ ਦੀ ਹੜਤਾਲ ਕਾਰਨ ਓ ਪੀ ਡੀ ਦਾ ਕੰਮ ਕਾਜ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ ਜਦੋਂ ਕਿ ਐਮਰਜੈਂਸੀ ਸੇਵਾਵਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਹਸਪਤਾਲ ਵਿੱਚ ਦਾਖਲ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਡਾਕਟਰਾਂ ਦੇ ਮਸਲੇ ਗ਼ਲਬਾਤ ਰਾਹੀਂ ਹੱਲ ਕਰਨੇ ਚਾਹੀਦੇ ਹਨ।
ਲੋਕ ਇਸ ਗੱਲੋਂ ਵੀ ਦੁਖੀ ਹਨ ਕਿ ਪ੍ਰਾਈਵੇਟ ਹਸਪਤਾਲਾਂ ਦੇ ਮਹਿੰਗੇ ਇਲਾਜ ਕਾਰਨ ਉਹ ਉੱਥੇ ਜਾ ਨਹੀਂ ਸਕਦੇ ਅਤੇ ਜੇਕਰ ਇੱਥੇ ਰਹਿੰਦੇ ਹਨ ਤਾਂ ਹੜਤਾਲ ਕਾਰਨ ਮਰੀਜ਼ਾਂ ਦੀ ਦੇਖਭਾਲ ਨਹੀਂ ਕੀਤੀ ਜਾਵੇਗੀ। ਹੜਤਾਲ ਦਾ ਸੱਦਾ ਜੁਆਇੰਟ ਪੰਜਾਬ ਗੌਰਮਿੰਟ ਡਾਕਟਰਜ਼ ਕੋਆਰਡੀਨੈਂਸ ਕਮੇਟੀ ਵੱਲੋਂ ਦਿੱਤਾ ਗਿਆ ਹੈ। ਜਿਸ ਵਿੱਚ ਪੰਜਾਬ ਰਾਜ ਵੈਟਨਰੀ ਆਫੀਸਰਜ਼ ਐਸੋਸੀਏਸ਼ਨ, ਪੰਜਾਬ ਮੈਡੀਕਲ ਟੀਚਰਜ਼ ਐਸੋਸੀਏਸ਼ਨ, ਰੂਰਲ ਮੈਡੀਕਲ ਆਫੀਸਰ ਐਸੋਸੀਏਸ਼ਨ, ਪੰਜਾਬ ਡੈਂਟਲ ਮੈਡੀਕਲ ਆਫੀਸਰਜ਼ ਐਸੋਸੀਏਸ਼ਨ ਅਤੇ ਪੰਜਾਬ ਆਯੁਵੈਦਿਕ ਆਫੀਸਰਜ਼ ਐਸੋਸੀੲਸ਼ਨ ਸ਼ਾਮਲ ਹਨ।