ਚੰਡੀਗੜ੍ਹ, 24 ਜੂਨ (ਦੇਸ਼ ਕਲਿੱਕ ਬਿਓਰੋ)
ਅੱਜ ਚੰਡੀਗੜ੍ਹ 'ਚ ਪੰਜਾਬ ਦੇ ਹੈਂਡੀਕੈਪ ਖਿਡਾਰੀਆਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਦਾ ਘਿਰਾਓ ਕੀਤਾ ਗਿਆ। ਖਿਡਾਰੀਆਂ ਦਾ ਕਹਿਣਾ ਹੈ ਕਿ ਦੇਸ਼ ਲਈ ਮੈਡਲ ਜਿੱਤਣ ਤੋਂ ਬਾਅਦ ਵੀ ਸਰਕਾਰ ਵੱਲੋਂ ਸਦਾ ਉਨ੍ਹਾਂ ਨੂੰ ਅਣਦੇਖਿਆਂ ਕੀਤਾ ਗਿਆ ਅਤੇ ਕੋਈ ਵੀ ਸਹੂਲਤ ਜਾਂ ਸਰਕਾਰੀ ਨੌਕਰੀ ਨਹੀਂ ਦਿੱਤੀ ਗਈ ਅਤੇ ਉਹ ਆਪਣੇ ਮੈਡਲ ਸਰਕਾਰ ਨੂੰ ਵਾਪਿਸ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ਅਸੀਂ ਸਿਰਤੋੜ ਮਿਹਨਤ ਕਰਕੇ ਦੇਸ਼ ਵਿਦੇਸ਼ ਵਿੱਚ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ ਪਰ ਅੱਜ ਅਸੀਂ ਸਰਕਾਰ ਦੀ ਅਣਦੇਖੀ ਕਾਰਨ ਰੋਜ਼ੀ ਰੋਟੀ ਤੋਂ ਮੁਥਾਜ ਹਾਂ।
ਇਸ ਦੌਰਾਨ ਹੀ ਉਨ੍ਹਾਂ ਵੱਲੋਂ ਸੀ ਕੈਪਟਨ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਪੁਲਿਸ ਨੇ ਉਨ੍ਹਾਂ ਨੂੰ ਉੱਥੇ ਜਾਣ ਤੋਂ ਰੋਕਦੀ ਰਹੀ ਪਰ ਖਿਡਾਰੀ ਕੈਪਟਨ ਦੀ ਰਿਹਾਇਸ਼ ਵੱਲ ਵਧਣ ਲਈ ਬਜ਼ਿੱਦ ਸਨ। ਇਸ ਕਸਮਕਸ਼ ਵਿੱਚ ਖਿਡਾਰੀਆਂ ਦੇ ਮੈਡਲ ਵੀ ਟੁੱਟ ਗਏ। ਪੁਲਿਸ ਵੱਲੋਂ ਕਈ ਖਿਡਾਰੀਆਂ ਨੂੰ ਹਿਰਾਸਤ 'ਚ ਲੈ ਲਿਆ ਗਿਆ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਲੀਡਰ ਵੀ ਖਿਡਾਰੀਆਂ ਦੀ ਹਮਾਇਤ ਲਈ ਪਹੁੰਚ ਗਏ ਅਤੇ ਪੁਲਿਸ ਵੱਲੋਂ ਉਨ੍ਹਾਂ ਨੂੰ ਵੀ ਹਿਰਾਸਤ 'ਚ ਲੈ ਲਿਆ ਗਿਆ।