ਚੰਡੀਗੜ੍ਹ, 20 ਜੂਨ, ਦੇਸ਼ ਕਲਿੱਕ ਬਿਊਰੋ :
ਪੰਜਾਬ ਸਰਕਾਰ ਵਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਾਰ ਸੌ ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਜਾ ਲੜੀਵਾਰ ਪ੍ਰੋਗਰਾਮਾਂ ਤਹਿਤ ਪੰਜਾਬ ਕਲਾ ਪਰਿਸ਼ਦ ਵਲੋਂ ਇਕ ਵੈਬੀਨਾਰ ਗੁਰੂ ਤੇਗ ਬਹਾਦਰ ਜੀ ਬਾਰੇ ਰਚੇ ਗਏ ਵੱਖ ਵੱਖ ਨਾਟਕਾਂ ਬਾਰੇ ਕਰਵਾਇਆ ਗਿਆ। ਉਰਦੂ ਸ਼ਾਇਰ ਨਾਸਿਰ ਨਕਵੀ ਦੀ ਗੁਰੂ ਜੀ ਬਾਰੇ ਉਰਦੂ ਨਜਮ ਵੀ ਸੁਣਾਉਣ ਨਾਲ ਵੈਬੀਨਾਰ ਦਾ ਆਰੰਭ ਹੋਇਆ। ਪਰਿਸ਼ਦ ਦੇ ਉਪ ਚੇਅਰਮੈਨ ਡਾ. ਯੋਗਰਾਜ ਨੇ ਆਰੰਭਕ ਸ਼ਬਦ ਆਖਦਿਆਂ ਨਾਟਕਾਂ ਬਾਰੇ ਮੁੱਖ ਬੁਲਾਰੇ ਸ਼੍ਰੋਮਣੀ ਨਾਟਕਕਾਰ ਡਾ ਸਤੀਸ਼ ਕੁਮਾਰ ਵਰਮਾ ਦੀ ਪਾਠਕਾਂ ਤੇ ਸਰੋਤਿਆਂ ਨਾਲ ਜਾਣ ਪਛਾਣ ਕਰਵਾਈ ਤੇ ਉਨਾ ਦੀ ਨਾਟਕ ਤੇ ਸਾਹਿਤ ਖੇਤਰ ਵਿਚ ਘਾਲੀ ਗਈ ਘਾਲਣਾ ਬਾਬਤ ਵਿਚਾਰ ਨਾਲ ਚਾਨਣਾ ਪਾਇਆ। ਡਾ ਯੋਗਰਾਜ ਨੇ ਕਿਹਾ ਕਿ ਡਾ ਵਰਮਾ ਨੇ ਕਲਾ ਖੇਤਰ ਵਿਚ ਇਕ ਸੰਸਥਾ ਜਿੰਨਾ ਕੰਮ ਕੀਤਾ ਤੇ ਕਰ ਰਹੇ ਹਨ। ਵੈਬੀਨਾਰ ਦਾ ਸੰਚਾਲਨ ਕਰਦਿਆਂ ਕਲਾ ਪਰਿਸ਼ਦ ਦੇ ਜਨਰਲ ਸਕੱਤਰ ਡਾ ਲਖਵਿੰਦਰ ਜੌਹਲ ਨੇ ਗੁਰੂ ਤੇਗ ਬਹਾਦਰ ਜੀ ਬਾਰੇ ਰਚੀ ਆਪਣੀ ਇਕ ਗਜਲ ਵੀ ਪੇਸ਼ ਕੀਤੀ ਤੇ ਭਾਗ ਲੈ ਰਹੇ ਸਰੋਤਿਆਂ ਦਾ ਸਵਾਗਤ ਵੀ ਕੀਤਾ।
ਡਾ. ਸਤੀਸ਼ ਕੁਮਾਰ ਵਰਮਾ ਨੇ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਵਖ ਵਖ ਨਾਟਕਕਾਰਾਂ ਵਲੋਂ ਰਚੇ ਗਏ ਨਾਟਕਾਂ ਬਾਰੇ ਤਫਸੀਲੀ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ ਤਕ ਗੁਰੂ ਜੀ ਬਾਰੇ 24 ਨਾਟਕਾਂ ਦੀ ਸਿਰਜਣਾ ਹੋਈ। ਡਾ. ਵਰਮਾ ਨੇ ਦਸਿਆ ਕਿ ਵੱਖ ਵੱਖ ਸਮੇਂ ਆਈਆਂ ਗੁਰੂ ਸਾਹਿਬਾਨ ਦੀਆਂ ਜਨਮ ਸ਼ਤਾਬਦੀਆਂ ਨੇ ਉਦੋਂ ਵੱਡਾ ਰੰਗ ਮੰਚ ਦਰਸ਼ਕ ਪੈਦਾ ਕੀਤਾ, ਜਦ ਨਾਟਕਾਂ ਨੂੰ ਲੱਖਾਂ ਲੋਕਾਂ ਸਾਹਮਣੇ ਖੇਡਿਆ ਗਿਆ। ਡਾ ਵਰਮਾ ਨੇ ਹਰਪਾਲ ਟਿਵਾਣਾ,ਡਾ ਹਰਚਰਨ ਸਿੰਘ, ਗੁਰਚਰਨ ਸਿੰਘ ਜਸੂਜਾ, ਡਾ ਗੁਰਦਿਆਲ ਸਿੰਘ ਫੁੱਲ, ਸੋਹਣ ਸਿੰਘ ਸੀਤਲ, ਡਾ ਸੁਰਜੀਤ ਸਿੰਘ ਸੇਠੀ, ਸ਼ਹਰਯਾਰ, ਸਤਿੰਦਰ ਨੰਦਾ ਤੇ ਕੇਵਲ ਧਾਲੀਵਾਲ ਵਲੋਂ ਰਚੇ ਗਏ ਵੱਖ ਵੱਖ ਨਾਟਕਾਂ ਦੀ ਚਰਚਾ ਕੀਤੀ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਵੈਬੀਨਾਰ ਦੇ ਅੰਤ ਉਤੇ ਭਾਗ ਲੈਣ ਵਾਲਿਆਂ ਦਾ ਰਸਮੀ ਤੌਰ ਉਤੇ ਧੰਨਵਾਦ ਕਰਦਿਆਂ ਕਿਹਾ ਕਿ ਇਤਿਹਾਸਕ ਨਾਟਕ ਸਾਡੇ ਪੁਰਖਿਆਂ ਦੀ ਕਦਰ ਤੇ ਵਾਰਿਸਾਂ ਦੀ ਨਜਰ ਹਨ ਤੇ ਵਾਰਿਸਾਂ ਨੂੰ ਨਜਰ ਦੇਣੀ ਅਤਿ ਜਰੂਰੀ ਹੈ। ਡਾ ਪਾਤਰ ਨੇ ਕਿਹਾ ਕਿ ਅਜ ਨਵੇਂ ਨਾਟਕੀ ਚਿਹਰਿਆਂ ਦੀ ਵੱਡੀ ਲੋੜ ਹੈ। ਉਨਾ ਗੁਰੂ ਤੇਗ ਬਹਾਦਰ ਜੀ ਦੀ ਸ਼ਖਸੀਅਤ, ਕੁਰਬਾਨੀ ਤੇ ਜੀਵਨ ਸੰਦੇਸ਼ ਬਾਰੇ ਵੀ ਚਾਨਣਾ ਪਾਇਆ। ਇਸ ਵੈਬੀਨਾਰ ਵਿਚ ਵਿਦਵਾਨਾਂ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਦੇ ਖੋਜਾਰਥੀਆਂ ਤੇ ਵਿਦਿਆਰਥੀਆਂ ਨੇ ਵੀ ਭਾਗ ਲਿਆ। ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਇੰਚਾਰਜ ਨਿੰਦਰ ਘੁਗਿਆਣਵੀ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਕਲਾ ਪਰਿਸ਼ਦ ਵਲੋਂ ਵੱਖ ਵੱਖ ਪ੍ਰੋਗਰਾਮ ਉਲੀਕੇ ਗਏ ਹਨ, ਜੋ ਨਿਕਟ ਭਵਿਖ ਵਿੱਚ ਕਰਵਾਏ ਜਾਣਗੇ।