ਛਾਜਲੀ -20 ਜੂਨ (ਲਾਡੀ ਛਾਜਲੀ)
''ਪੰਜਾਬ ਦੇ ਲੋਕ ਪੱਖੀ ਸਭਿਆਚਾਰ, ਲੋਕ ਪੱਖੀ ਅਤੇ ਇਨਕਲਾਬੀ ਗਾਇਕੀ, ਗੀਤਕਾਰੀ ਅਤੇ ਸਮਾਜਿਕ ਤਬਦੀਲੀ ਲਈ ਤਾਂਘ ਰਹੀ ਕਲਮਕਾਰੀ ਦੇ ਪਹਿਰੇਦਾਰ ਫਨਕਾਰਾਂ ਦੀ ਗਿਣਤੀ ਅੱਜ ਕੱਲ੍ਹ ਬਹੁਤ ਜ਼ਿਆਦਾ ਨਹੀਂ ਹੈ । ਅਜਿਹੇ ਬਹੁਪੱਖੀ ਕਲਾਕਾਰਾਂ ਨੂੰ ਸਾਂਭਣਾ ਸਮਾਜ ਦੀ ਜ਼ਿੰਮੇਵਾਰੀ ਹੈ ।'' ਉਪਰੋਕਤ ਗੱਲ ਕਰਦਿਆਂ ਕਾਮਰੇਡ ਸੰਪੂਰਨ ਸਿੰਘ ਐਡਵੋਕੇਟ ਛਾਜਲੀ ਨੇ ਕਿਹਾ ਕਿ "ਮਾਸਟਰ ਦੇਸ ਰਾਜ ਛਾਜਲੀ (ਸੰਚਾਲਕ ਲੋਕ ਸੰਗੀਤ ਮੰਡਲੀ ਛਾਜਲੀ -ਸੰਗਰੂਰ ) ਅਜਿਹੀ ਵੰਨਗੀ ਦੇ ਹੀ ਇੱਕ ਕਲਾਕਾਰ ਹਨ । ਉਨ੍ਹਾਂ ਨੇ ਸਾਰੀ ਜ਼ਿੰਦਗੀ ਲੋਕਾਂ ਲਈ ਲਿਖਿਆ, ਗਾਇਆ ਅਤੇ ਖੁਦ ਵੀ ਲੋਕ ਸੰਘਰਸ਼ਾਂ ਦਾ ਹਿੱਸਾ ਰਹੇ ਹਨ ।" ਮਾਸਟਰ ਦੇਸ ਰਾਜ ਛਾਜਲੀ ਨੇ ਲੋਕ ਗਾਇਕੀ ਦੀ ਜਿੰਦ ਜਾਨ ਰਵਾਇਤੀ ਲੋਕ ਸਾਜ਼ਾਂ, ਸਾਰੰਗੀ ਅਤੇ ਅਲਗੋਜ਼ਿਆਂ ਨੂੰ ਜਿੰਦਾ ਰੱਖਿਆ ਹੈ ।
ਉਨ੍ਹਾਂ ਨੇ ਖੁਦ ਸਾਰੰਗੀਆਂ ਬਣਾ ਕੇ ਦੂਜੇ ਕਲਾਕਾਰਾਂ ਦੇ ਮੋਢਿਆਂ ਉੱਤੇ ਸਜਾਈਆਂ ।ਦੇਸ ਰਾਜ ਨੇ ਰਵਾਇਤੀ ਛੰਦ ਵਿਧਾ ਵਿਚ ਲਿਖ ਕੇ ਲੋਕ ਤਰਜ਼ਾਂ ਤੇ ਹੀ ਗਾਉਣ ਨੂੰ ਤਰਜੀਹ ਦਿੱਤੀ ।ਉਸਨੇ ਪੈਪਸੂ ਦੀ ਮੁਜਾ਼ਰਾ ਲਹਿਰ ਬਾਰੇ ਡੂੰਘੀ ਅਤੇ ਵਿਸਥਾਰਤ ਖੋਜ ਕੀਤੀ ਹੈ ।ਦੇਸ ਰਾਜ ਛਾਜਲੀ ਇੱਕ ਬਹੁ ਪੱਖੀ ਕਲਾਕਾਰ ਹੋਣ ਦੇ ਨਾਲ ਨਾਲ ਵਧੀਆ ਅਧਿਆਪਕ ਵੀ ਰਿਹਾ ਹੈ । ਉਸਨੇ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ ਨਾਲ ਲੋਕ ਕਲਾਵਾਂ ਰਾਹੀਂ ਸਿੱਖਿਅਤ ਕਰਨ ਲਈ ਨਵੇਂ ਨਵੇਂ ਤਜਰਬੇ ਕੀਤੇ ।ਉਹ ਹਮੇਸ਼ਾਂ ਨਕਲ ਵਿਰੋਧੀ ਰਿਹਾ ਅਤੇ ਬੱਚਿਆਂ ਦੇ ਸਰਵਪੱਖੀ ਵਿਕਾਸ ਦਾ ਹਾਮੀ ਰਿਹਾ । ਉਹ ਬਤੌਰ ਪ੍ਰਿੰਸੀਪਲ ਸੇਵਾ ਮੁਕਤ ਹੋਏ । ਮੌਜੂਦਾ ਦੌਰ ਵਿੱਚ ਚੱਲ ਰਹੇ ਤਿੰਨ ਕਾਲ਼ੇ ਕਾਨੂੰਨ ਵਿਰੋਧੀ ਕਿਸਾਨ ਅੰਦੋਲਨ ਤੋਂ ਵੀ ਦੇਸ ਰਾਜ ਛਾਜਲੀ ਅਣਭਿੱਜ ਨਹੀਂ ਰਿਹਾ ।ਉਸ ਨੇ ਛੱਬੀ ਨਵੰਬਰ ਤੋਂ ਸ਼ੁਰੂ ਹੋਏ ਦਿੱਲੀ ਮੋਰਚੇ ਬਾਰੇ ਨਿੱਤ ਦੀਆਂ ਘਟਨਾਵਾਂ ਬਾਰੇ ਹਰ ਰੋਜ ਇੱਕ ਛੰਦ ਲਿਖਣਾ ਸ਼ੁਰੂ ਕੀਤਾ । ਇਸਨੂੰ ਇੱਕ ਕਿਤਾਬ "ਜੰਗਨਾਮਾ ਭਾਰਤ ਤੇ ਦਿੱਲੀ " ਦੇ ਰੂਪ ਵਿੱਚ ਛਪਵਾ ਕੇ ਮੋਰਚੇ ਦੇ ਸਾਰੇ ਬਾਰਡਰਾਂ ਦੀਆਂ ਸਟੇਜਾਂ ਤੋਂ ਰਿਲੀਜ਼ ਕੀਤਾ ।ਇਹ ਲਿਖਣਾ ਬਾਦਸਤੂਰ ਜਾਰੀ ਸੀ ਪਰ ਅਚਾਨਕ ਵਾਪਰੀ ਇੱਕ ਘਟਨਾ ਨੇ ਦੇਸ ਰਾਜ ਛਾਜਲੀ ਨੂੰ ਕੁੱਝ ਸਮੇਂ ਲਈ ਕਲਮ ਅਤੇ ਸਟੇਜ ਨਾਲੋਂ ਜੁਦਾ ਕਰ ਦਿੱਤਾ ਹੋਇਆ ਹੈ । ਤਿੰਨ ਅਪ੍ਰੈਲ ਨੂੰ ਇੱਕ ਸੜਕ ਹਾਦਸੇ ਵਿੱਚ ਉਨ੍ਹਾਂ ਦੀ ਇੱਕ ਲੱਤ ਨੂੰ ਕਾਫੀ ਨੁਕਸਾਨ ਪੁੱਜਾ ।ਸੱਟ ਦੀ ਗੰਭੀਰਤਾ ਅਤੇ ਕਰੋਨਾ ਕਾਲ ਦੀਆਂ ਉਲਝਣ ਤਾਣੀਆਂ ਕਾਰਨ ਉਨ੍ਹਾਂ ਦੀ ਇਲਾਜ ਪ੍ਰਕਿਰਿਆ ਲੰਮੀ ਹੋ ਗਈ ਹੈ । ਉਹ ਪਿਛਲੇ ਢਾਈ ਮਹੀਨਿਆਂ ਤੋਂ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਜੇਰੇ ਇਲਾਜ ਹਨ । ਫਿਲਹਾਲ ਦੇਸ ਰਾਜ ਛਾਜਲੀ ਦੀ ਸਾਰੰਗੀ, ਅਲਗੋਜ਼ੇ ਅਤੇ ਕਲਮ ਉਨ੍ਹਾਂ ਦੇ ਜਲਦੀ ਸਿਹਤਯਾਬ ਹੋ ਕੇ ਮੁੜ ਸਟੇਜਾਂ ਉੱਤੇ ਸਾਫ਼ ਸੁਥਰੀ ਗਾਇਕੀ ਦੀ ਹੇਕ ਦੀ ਇੰਤਜ਼ਾਰ ਵਿੱਚ ਆਸਵੰਦ ਹਨ ।
ਕਾਮਰੇਡ ਸੰਪੂਰਨ ਸਿੰਘ ਛਾਜਲੀ , ਅਮਰਪ੍ਰੀਤ ਸੂਚ ਕਨੈਡਾ, ਡਾ. ਤੇਜਵੰਤ ਮਾਨ ,ਮੈਡਮ ਰਮਾ ਰਤਨ ਚੰਡੀਗੜ੍ਹ , ਡਾ. ਮੀਤ ਖਟੜਾ, ਰਣਜੀਤ ਗਿੱਲ ਸਾਰੰਗ ਸਟੂਡਿਓ ਬਰਨਾਲਾ, ਡਾ.ਸਾਹਿਬ ਸਿੰਘ ਚੰਡੀਗੜ੍ਹ ਨਾਟਕਕਾਰ, ਸੈਮੂਅਲ ਜੋਹਨ ਪ੍ਰਸਿੱਧ ਰੰਗ ਕਰਮੀ , ਮੈਡਮ ਮਨਜੀਤ ਅੋਲਖ ਮਾਨਸਾ ਪਤਨੀ ਸਵ.ਪ੍ਰੋ. ਅਜਮੇਰ ਸਿੰਘ ਅੋਲਖ ਨਾਟਕਕਾਰ, ਕਰਮਜੀਤ ਅਨਮੋਲ ਫ਼ਿਲਮੀ ਅਦਾਕਾਰ,ਲੋਕ ਗਾਇਕ ਪੰਮੀ ਬਾਈ, ਪ੍ਰੀਤਮ ਰੂਪਾਲ, ਡਾ. ਬਲਦੇਵ ਸਿੰਘ ਸਪਤਰਿਸੀ਼ ਪਬਲੀਕੇਸ਼ਨ ਚੰਡੀਗੜ੍ਹ , ਮਾਸਟਰ ਦਰਬਾਰ ਸਿੰਘ ਚੱਠੇ ਸੇਖਵਾਂ , ਕਾਮਰੇਡ ਲਛਮਣ ਅਲੀਸ਼ੇਰ, ਕਾਮਰੇਡ ਭੀਮ ਸਿੰਘ ਆਲਮਪੁਰ, ਕਰਮ ਸਿੰਘ ਸੱਤ ਛਾਜਲੀ ,ਸੁਖਦੇਵ ਪਟਵਾਰੀ ਸੀਨੀਅਰ ਪੱਤਰਕਾਰ ਮੁਹਾਲੀ , ਮਾਸਟਰ ਗੁਰਦਿਆਲ ਸਿੰਘ ਸਰਾਓ , ਮਾਸਟਰ ਬਲਬੀਰ ਚੰਦ ਲੋਗੋਵਾਲ (ਸੰਪਾਦਕ ਤਰਕਸ਼ੀਲ ਮੈਗਜ਼ੀਨ ) , ਜੁਗਰਾਜ ਧੌਲਾ ਲੋਕ ਗਾਇਕ , ਜਗਦੀਸ਼ ਪਾਪੜਾ ਲੋਕ ਗਾਇਕ , ਜਗਸੀਰ ਜੀਂਦਾ ਲੋਕ ਗਾਇਕ , ਜਸਵੀਰ ਲਾਡੀ ਲੋਕ ਸੰਗੀਤ ਮੰਡਲੀ ਛਾਜਲੀ , ਤੇਜੀ ਗਿੱਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ , ਦੇਸ ਰਾਜ ਲਚਕਾਣੀ ਪ੍ਰਸਿੱਧ ਢਾਡੀ , ਚੂਹੜ ਖਾਨ ਚੋਟੀਆਂ ਅਲਗ਼ੋਜ਼ਾ ਵਾਦਕ , ਸ਼ੇਰ ਸਿੰਘ ਮਾਹਮਦਪੁਰ ਸਾਬਕਾ ਡਾਇਰੈਕਟਰ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ, ਹਰਦਿਆਲ ਥੂਹੀ ਪ੍ਰਸਿੱਧ ਲੇਖਕ ਅਤੇ ਮਹਿੰਦਰ ਸਿੰਘ ਪਾਤੜਾਂ ਲੋਕ ਗਾਇਕ ਨੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਦੇਸ ਰਾਜ ਛਾਜਲੀ, ਲੋਕ ਪੱਖੀ ਸਭਿਆਚਾਰ, ਲੋਕ ਸਾਜ਼ਾਂ ਦੇ ਪ੍ਰੇਮੀ ਅਤੇ ਲੋਕ ਪੱਖੀ ਤੇ ਇਨਕਲਾਬੀ ਗਾਇਕੀ ਨੂੰ ਪਿਆਰ ਕਰਨ ਵਾਲੇ ਆਪਣੇ ਅਨੇਕਾਂ ਚਹੇਤੇ ਸਰੋਤਿਆਂ, ਸੱਜਣਾਂ ਮਿੱਤਰਾਂ ਅਤੇ ਸ਼ੁਭਚਿੰਤਕਾਂ ਦੀਆਂ ਦੁਆਵਾਂ ਸਦਕਾ ਜਲਦੀ ਸਿਹਤਯਾਬ ਹੋ ਕੇ ਮੁੜ ਸਟੇਜਾਂ ਦਾ ਸ਼ਿੰਗਾਰ ਬਣਨਗੇ ਅਤੇ ਆਪਣੀ ਕਲਮ ਨੂੰ ਲੋਕ ਹੱਕਾਂ ਦੀ ਰਾਖੀ ਲਈ ਚੱਲ ਰਹੇ ਸੰਘਰਸ਼ਾਂ ਦੇ ਹਾਣ ਦੀ ਦਾਸਤਾਨ ਲਿਖਣ ਵਿੱਚ ਜੁਟ ਜਾਣਗੇ ।