ਡਾਕਟਰ ਅਜੀਤਪਾਲ ਸਿੰਘ ਐਮ ਡੀ
ਸਰਵਾਈਕਲ ਛੋਟੀ ਜਿਹੀ ਬਣਤਰ ਹੈ ਜੋ ਬੱਚੇਦਾਨੀ ਦੇ ਮੂੰਹ ‘ਤੇ ਸਥਿਤ ਹੁੰਦੀ ਹੈ l ਸਰਵਾੲਕਲ ਕੈਂਸਰ ਸਰਵਿਸ (ਬੱਚੇਦਾਨੀ ਦੇ ਮੂੰਹ) ਦੀ ਐਪੀਥੀਲੀਅਮ ਨਾਮਕ ਅੰਦਰੂਨੀ ਪਰਤ ਦੇ ਸੈੱਲਾਂ ‘ਚ ਇਹ ਅਸਮਾਨ ਸੂਖਮਦਰਸ਼ੀ ਤਬਦੀਲੀਆਂ ਨਾਲ ਸ਼ੁਰੂ ਹੁੰਦਾ ਹੈ। ਇਸ ਪੜਾਅ ਨੂੰ ਡਿਸਪਲੇਜ਼ੀਆ ਕਿਹਾ ਜਾਂਦਾ ਹੈ l ਜੇ ਤਬਦੀਲੀਆਂ ਜਾਰੀ ਰਹਿੰਦੀਆਂ ਹਨ ਤਾਂ ਇਹ ਸੈੱਲ ਕੈਂਸਰ ਦੇ ਹੋ ਸਕਦੇ ਹਨ ਤੇ ਇਹਨਾਂ ਦਾ ਵਾਧਾ ਕੰਟਰੋਲ ਤੋਂ ਬਾਹਰ ਹੋ ਜਾਂਦਾ ਹੈ। ਕੈਂਸਰ ਦੀ ਇਸ ਬਿਮਾਰੀ ਨੂੰ ਕਾਰਸੀਨੋਮਾ ਕਿਹਾ ਜਾਂਦਾ ਹੈ l ਅਜਿਹੇ ਵਾਇਰਸ ਦੀ ਇਨਫੈਕਸ਼ਨ (ਜਿਸ ਨੂੰ ਐਚਪੀਵੀ- ਹਿਊਮਨ ਪੈਪਲੋਮਾ ਵਾਇਰਸ) ਹੋ ਜਾਵੇ ਤਾਂ ਇਸ ਨਾਲ ਡਿਸਪਲੇਜ਼ੀਆ ਅਤੇ ਕੈਂਸਰ ਦਾ ਖਤਰਾ ਵਧ ਜਾਂਦਾ ਹੈ l ਅਜਿਹੇ ਪਾਰਟਨਰ ਨਾਲ ਸੰਭੋਗ (ਜਿਸਨੇ ਪਹਿਲਾਂ ਵੀ ਕਈਆਂ ਨਾਲ ਸੰਭੋਗ ਕੀਤਾ ਹੋਵੇ) ਕਰਨ ਨਾਲ ਵੀ ਇਹ ਰੋਗ ਹੋ ਸਕਦਾ ਹੈ। ਜਿਨ੍ਹਾਂ ਔਰਤਾਂ ‘ਚ ਔਰਗਨ ਟਰਾਂਸਪਲਾਂਟ ਹੋਇਆ ਹੋਵੇ, ਉਹਨਾਂ ‘ਚ ਵੀ ਇਸ ਬਿਮਾਰੀ ਹੋਣ ਦੀ ਸੰਭਾਵਨਾ ਰਹਿੰਦੀ ਹੈ l
ਸਰਵਾਈਕਲ ਕੈਂਸਰ ਦੇ ਸ਼ੁਰੂਆਤੀ ਲੱਛਣ:
ਖੂਨ ਵਗਣਾ, ਮਹਾਂਵਾਰੀ ਦੇ ਅੱਗੇ ਪਿੱਛੇ ਵੀ ਦਾਗ ਲੱਗਦੇ ਰਹਿਣਾ ਇਸ ਦੇ ਸ਼ੁਰੂਆਤੀ ਲੱਛਣ ਹਨ l ਹਾਲਾਂਕਿ ਬਹੁਤੇ ਕੇਸਾਂ ‘ਚ ਰੋਗ ਵਧ ਜਾਣ ਪਿੱਛੋਂ ਹੀ ਇਸ ਦਾ ਪਤਾ ਲੱਗਦਾ ਹੈ, ਪਰ ਪੈਪਸਮੀਰ ਟੈਸਟ ਨਾਲ ਇਸਦਾ ਪਤਾ ਲਾਇਆ ਜਾ ਸਕਦਾ ਹੈ, ਜੋ ਸਹੀ ਸਮੇਂ ਤੇ ਪਤਾ ਲੱਗ ਜਾਵੇ ਤਾਂ ਇਸ ਦਾ ਇਲਾਜ ਵੀ ਸੰਭਵ ਹੈ l ਹਾਲਾਂਕਿ ਇਸ ਲਈ ਵੈਕਸੀਨ ਵੀ ਮਿਲਦੀ ਹੈ ਜੋ 26 ਸਾਲ ਤੱਕ ਦੀਆਂ ਔਰਤਾਂ ਲਈ ਹੈ ਪਰ ਇਹ ਦੋ ਹੀ ਕਿਸਮ ਦੀ ਐਚਪੀਵੀ ਵਾਇਰਸ ਲਈ ਲਾਹੇਵੰਦ ਹੈ l ਵੈਸੇ ਤਾਂ ਇਹ ਕੈਂਸਰ ਕਿਸੇ ਵੀ ਨੌਜਵਾਨ ਤੇ ਸੈਕਸੂਅਲੀ ਸਰਗਰਮ ਔਰਤ ਨੂੰ ਹੋ ਸਕਦਾ ਹੈ, ਪਰ 40 ਸਾਲ ਦੀ ਉਮਰ ਪਾਰ ਕਰ ਜਾਣ ਪਿੱਛੋਂ ਇਸ ਦੀ ਸੰਭਾਵਨਾ ਵੱਧ ਜਾਂਦੀ ਹੈ। ਸ਼ੁਰੂਆਤੀ ਪੜਾਅ ‘ਤੇ ਜੇ ਸਰਵਾਈਕਲ ਕੈਂਸਰ ਦਾ ਪਤਾ ਲੱਗ ਜਾਵੇ ਤਾਂ ਉਸ ਤੋਂ ਮੁਕਤੀ ਪਾਈ ਜਾ ਸਕਦੀ ਹੈ, ਇਹ ਪਰ ਜਦੋਂ ਹੋ ਜਾਵੇ ਤਾਂ ਇਸ ਤੋਂ ਬਚਣਾ ਥੋੜਾ ਮੁਸ਼ਕਿਲ ਹੋ ਜਾਂਦਾ ਹੈ l ਅਜਿਹੇ ‘ਚ ਬਿਹਤਰ ਰਹਿੰਦਾ ਹੈ ਕਿ ਔਰਤਾਂ ਹਰ ਤਿੰਨ ਸਾਲਾਂ ਚ ਇੱਕ ਵਾਰੀ ਪੈਪਸਮੀਅਰ ਟੈਸਟ ਕਰਵਾਉਂਦੀਆਂ ਰਹਿਣ l
ਮੁੱਖ ਲੱਛਣ :
ਨਜਾਇਜ਼ (ਬੇਹਿਸਾਬਾ) ਖੂਨ ਪੈਣਾ ਜਾਂ ਬੇਹਤਰਤੀਬਾ ਖੂਨ ਪੈਣਾ, ਸੰਭੋਗ ਪਿੱਛੋਂ ਵੱਧ ਮਾਤਰਾ ‘ਚ ਖੂਨ ਪੈਣਾ ਜਾਂ ਫਿਰ ਤੇਜ਼ ਦਰਦ ਹੋਣਾ ਇਸ ਦਾ ਮੁੱਖ ਲੱਛਣ ਹੋ ਸਕਦਾ ਹੈ l ਇਸ ਤੋਂ ਇਲਾਵਾ ਮੀਨੋਪਾਜ਼ (ਮਾਂਹਬੰਦੀ) ਤੋਂ ਪਿੱਛੋਂ ਵੀ ਸਰਵਾਈਕਲ ਕੈਂਸਰ ‘ਚ ਸਬੰਧ ਬਣਾਉਣ ‘ਤੇ ਖੂਨ ਵਗਣਾ ਵੀ ਇਸ ‘ਚ ਸ਼ਾਮਲ ਹੈ l
ਸਫੈਦ ਪਾਣੀ ਪੈਣਾ (ਲਿਕੋਰੀਆ):
ਅਕਸਰ ਬੇ-ਵਜ੍ਹਾ ਸਫੈਦ ਤੇ ਬਦਬੂਦਾਰ ਪਾਣੀ ਪੈਣਾ ਵੀ ਸਰਵਾਈਕਲ ਕੈਂਸਰ ਦਾ ਲੱਛਣ ਹੈ l ਇਸ ਨੂੰ ਨਜ਼ਰ ਅੰਦਾਜ਼ ਨਾ ਕਰੋ l ਔਰਤਾਂ ਨੂੰ ਚਾਹੀਦਾ ਹੈ ਕਿ ਉਹ ਜਦੋਂ ਵੀ ਔਰਤ ਰੋਗਾਂ ਦੇ ਮਾਹਰ ਡਾਕਟਰ ਕੋਲ ਜਾਣ ਤਾਂ ਇਸ ਬਾਰੇ ਗੱਲ ਜਰੂਰ ਕਰਨ ਤੇ ਟੈਸਟ ਵੀ ਜਰੂਰ ਕਰਾਉਣ l
ਪੇਟ ਦੇ ਹੇਠਲੇ ਹਿੱਸੇ (ਪੇਡੂ) ‘ਚ ਦਰਦ:
ਆਮ ਕਰਕੇ ਮਹਾਂਵਾਰੀ ਦੌਰਾਨ ਪੇਟ ਦੇ ਹੇਠਲੇ ਹਿੱਸੇ ਭਾਵ ਪੇਡੂ ‘ਚ ਦਰਦ ਹੁੰਦਾ ਹੈ ਪਰ ਜੇ ਆਪ ਦੇ ਮਹਾਂਵਾਰੀ ਦੀ ਤਰੀਕ ਤੋਂ ਇਲਾਵਾ ਵੀ ਤੇਜ਼ ਜਾਂ ਹਲਕਾ ਦਰਦ ਹੋਵੇ ਤਾਂ ਇਸ ਨੂੰ ਅਣਗੌਲਿਆ ਨਾ ਕਰੋ l ਇਸ ਬਾਰੇ ਫੌਰਨ ਡਾਕਟਰ ਨਾਲ ਗੱਲ ਕਰੋ l
ਪਿਸ਼ਾਬ ਦੀ ਥੈਲੀ (ਬਲੈਡਰ) ਚ ਦਰਦ ਹੋਣਾ :
ਇਹ ਸਰਵਾਈਕਲ ਕੈਂਸਰ ਦਾ ਪਹਿਲਾ ਲੱਛਣ ਹੈ l ਇਹ ਲੱਛਣ ਉਦੋਂ ਦਿਸਦਾ ਹੈ ਜਦ ਕੈਂਸਰ ਪੇਸ਼ਾਬ ਦੇ ਬਲੈਡਰ/ਥੈਲੀ ਤੱਕ ਪਹੁੰਚ ਚੁੱਕਿਆ ਹੋਏ l ਇਸ ਦੇ ਨਾਲ ਹੀ ਪੀਰੀਅਡਜ਼ ਦਰਮਿਆਨ ਸਪਾਟਿੰਗ ਜਾਂ ਸੰਭੋਗ ਪਿੱਛੋਂ ਖੂਨ ਪੈਣਾ ਵੀ ਇਕ ਲੱਛਣ ਹੈ l ਅਜਿਹਾ ਬੱਚੇਦਾਨੀ ਦੇ ਮੂੰਹ ਦੀ ਜਲਣ ਕਰਕੇ ਹੁੰਦਾ ਹੈ, ਜੋ ਕਿ ਸੈਕਸ ਸਮੇਂ ਜਾਂ ਪੀਰੀਅਡ/ਮਹਾਂਵਾਰੀ ਦਰਮਿਆਨ ਤੇਜ਼ ਹੋ ਜਾਂਦੀ ਹੈ l
ਸਰਵਾਈਕਲ ਕੈਂਸਰ ਦਾ ਕਾਰਨ :
ਇਹ ਬਿਮਾਰੀ ਬੱਚੇਦਾਨੀ ਦੇ ਸੈਲਾਂ ਦੇ ਬੇਲਗਾਮ ਵਾਧੇ ਕਾਰਨ ਹੁੰਦੀ ਹੈ l ਬਹੁਤੇ ਸਰਵਾਈਕਲ ਕੈਂਸਰ ਦੇ ਮਾਮਲੇ ਫਲੈਟ ਤੇ ਸੂਖਸ਼ਮ ਸੈਲਾਂ ਦੇ ਵਾਧੇ ਕਾਰਨ ਹੁੰਦੇ ਹਨ l ਇਹ ਕੈਂਸਰ ਹਿਊਮਨ ਪੈਪੀਲੋਮਾ ਵਾਇਰਸ (ਐਚਪੀਵੀ ਵਾਇਰਸ) ਕਾਰਨ ਹੁੰਦਾ ਹੈ l ਸਰਵਾਈਕਲ ਕੈਂਸਰ ਦੇ ਕੁਝ ਖਾਸ ਜੋਖਮ ਕਾਰਨ ਵੀ ਹਨ,ਜਿਵੇਂ ਐਚਪੀਵੀ ਇਨਫੈਕਸ਼ਨ ਇੱਕ ਤੋਂ ਵੱਧ ਪਾਰਟਨਰ ਅਤੇ ਪਿਤਾਪੁਰਖੀ/ਜਮਾਂਦਰੂ ਸਰਵਾਈਕਲ ਕੈਂਸਰ ਦਾ ਇਤਿਹਾਸ ਪਰਿਵਾਰ ਵਿੱਚ l
ਸਰਵਾਈਕਲ ਕੈਂਸਰ ਦਾ ਸ਼ੱਕ ਪੈਂਦੇ ਹੀ ਤੁਰੰਤ ਡਾਕਟਰ ਨਾਲ ਸੰਪਰਕ ਕਰੋ ਜਦੋਂ ਤੁਹਾਨੂੰ ਪੇਟ ਦਰਦ, ਵਜਨ ਘਟਣਾ, ਯੋਨੀ ‘ਚ ਅਸਧਾਰਨ ਰਸਾਅ, ਅਸਧਾਰਨ ਤੇ ਬੇਤਰਤੀਬੀ ਮਹਾਂਵਾਰੀ, ਮਹਾਂਵਾਰੀ ਪਿੱਛੋਂ ਵੀ ਦਰਦ ਅਤੇ ਖੂਨ, ਸੰਭੋਗ ਦੌਰਾਨ ਦਰਦ ਅਤੇ ਖੂਨ ਵਗਣਾ ਉਕਤ ਲੱਛਣ ਸ਼ੱਕ ਤਾਂ ਪੈਦਾ ਕਰਦੇ ਹਨ ਪਰ ਪੱਕਾ ਨਹੀਂ ਕਿ ਤੁਹਾਨੂੰ ਕੈਂਸਰ ਵੀ ਹੋਵੇ l ਸਪਸ਼ਟ ਯੋਨਿਕ ਖੂਨ ਦਾ ਰਿਸਾਅ, ਇਸ ਗੱਲ ਦਾ ਸੰਕੇਤ ਵੀ ਹੋ ਸਕਦਾ ਹੈ ਕਿ ਕੈਂਸਰ ਆਸਪਾਸ ਦੀਆਂ ਰਕਤ ਨਾਲੀਆਂ ਜਾਂ ਧਮਨੀਆਂ ਚ ਫੈਲ ਚੁੱਕਿਆ ਹੋਵੇ l ਇਸ ਦਾ ਹਸਪਤਾਲ ਅੰਦਰ ਤੁਰੰਤ ਡਾਕਟਰੀ ਇਲਾਜ ਹੋਣ ਦੀ ਲੋੜ ਹੁੰਦੀ ਹੈ l
ਸਰਵਾਈਕਲ ਕੈਂਸਰ ਦੁਨੀਆਂ ‘ਚ ਤੀਜੇ ਸਭ ਤੋਂ ਵੱਧ ਹੋਣ ਵਾਲੇ ਕੈਂਸਰ ਵਿੱਚੋਂ ਹੈ l ਕੌਮੀ ਕੈਂਸਰ ਇੰਸਟੀਚਿਊਟ ਦੀ ਰਿਪੋਰਟ ਮੁਤਾਬਕ ਕੈਂਸਰ ‘ਚ ਇੱਕ ਤਿਹਾਈ ਮੌਤਾਂ ਦਾ ਕਾਰਨ ਗਲਤ ਜੀਵਨਸ਼ੈਲੀ ਤੇ ਖਾਣਪਾਣ ਹੁੰਦਾ ਹੈ l ਸਹੀ ਆਹਾਰ ਜਿੰਨ੍ਹਾਂ ‘ਚ ਕੈਂਸਰ ਨਾਲ ਲੜਨ ਦੀ ਸਮਰਥਾ ਤੇ ਐਂਟੀ ਆਕਸੀਡੈਂਟ ਹੋਣ ਲੈਣਾ ਚਾਹੀਦਾ ਹੈ l ਅਦਰਕ, ਵਿਟਾਮਿਨ ਏ ਬੀ ਜਿਵੇਂ ਗਾਜਰ, ਨਰੰਗੀ, ਅੰਡੇ ਤੇ ਜਿਗਰ ਵਾਲੀਆਂ ਚੀਜਾਂ, ਡੇਅਰੀ ਵਸਤਾਂ ਦੀ ਵਰਤੋਂ ਫਾਇਦੇਮੰਦ ਹੈ l ਫੁੱਲਗੋਭੀ, ਪਤਗੋਭੀ, ਮਿੱਠੇ ਆਲੂ, ਦਾਣਿਆਂ ਵਾਲੀਆਂ ਸਬਜ਼ੀਆਂ ਜਿਵੇਂ ਮਟਰ, ਸੇਮ (ਉੱਚ ਫਾਇਬਰ,ਪ੍ਰੋਟੀਨਯੁਕਤ) ਵਰਤੇ ਜਾਣ l ਖੂੰਬਾਂ/ਮਸ਼ੁਰੂਮ ਤੇ ਖੁਰਮਾਨੀ (ਵਿਟਾਮਨ ਬੀ-17 ਯੁਕਤ) ਤੇ ਫਲ ਫਾਇਦੇਮੰਦ ਹੁੰਦੇ ਹਨ l ਕੈਂਸਰ ਦਾ ਡਾਕਟਰੀ ਇਲਾਜ ਮੁੱਖ ਹੁੰਦਾ ਹੈ l ਇਹ ਇਲਾਜ ਕੈਂਸਰ ਦੀਆਂ ਬਾਕੀ ਕਿਸਮਾਂ ਵਰਗਾ ਹੀ ਹੁੰਦਾ ਹੈ। ਸਰਜਰੀ, ਰੇਡੀਓਥੈਰਪੀ ਅਤੇ ਕੀਮੋਥੈਰਪੀ ਤਿੰਨੋ ਵਿਧੀਆਂ ਲੋੜ ਅਨੁਸਾਰ ਅਪਣਾਈਆਂ ਜਾਂਦੀਆਂ ਹਨ l
* ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ
98156 29301