ਚੰਡੀਗੜ੍ਹ, 29 ਮਈ, ਹਰਦੇਵ ਚੌਹਾਨ :
ਪੰਜਾਬ ਸਾਹਿਤ ਅਕਾਡਮੀ, ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਅਤੇ ਟੀ,ਐੱਸ, ਸੈਂਟਰਲ ਸਟੇਟ ਲਾਇਬ੍ਰੇਰੀ ਚੰਡੀਗੜ੍ਹ ਵਲੋਂ ਸਾਝੇ ਤੌਰ ਤੇ ਪ੍ਰਵਾਸੀ ਸ਼ਾਇਰ ਮਹਿੰਦਰ ਪ੍ਰਤਾਪ ਦਾ ਰੂਬਰੂ ਤੇ ਸਨਮਾਨ ਸਮਾਗਮ ਹੋਇਆ। ਲਾਇਬਰੇਰੀਅਨ ਡਾ. ਨੀਜ਼ਾ ਸਿੰਘ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਲਾਇਬਰੇਰੀ ਬਾਰੇ ਜਾਣਕਾਰੀ ਸਾਂਝੀ ਕੀਤੀ । ਸਾਹਿਤ ਵਿਗਿਆਨ ਕੇਂਦਰ ਦੇ ਪ੍ਰਧਾਨ ਸ੍ਰੀ ਸੇਵੀ ਰਾਇਤ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਗੁਰਦੀਪ ਸਿੰਘ ਬਾਜਵਾ ਨੇ ਪਰਵਾਸੀ ਜੀਵਨ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ।
ਥੋੜ੍ਹਾ ਰੰਗ ਬਦਲਣ ਲਈ ਬਲਵਿੰਦਰ ਸਿੰਘ ਢਿੱਲੋਂ ਅਤੇ ਸਿਮਰਜੀਤ ਗਰੇਵਾਲ ਨੇ ਗੀਤ ਪੇਸ਼ ਕੀਤੇ । ਡਾ. ਬਲਵਿੰਦਰ ਸਿੰਘ ਨੇ ਮਹਿੰਦਰ ਪ੍ਰਤਾਪ ਨਾਲ ਇਕਠਿਆ ਪੜ੍ਹਾਈ ਕਰਨ ਦੀ ਖੁਸ਼ੀ ਬਾਰੇ ਦੱਸਿਆ।
ਮਹਿੰਦਰ ਪ੍ਰਤਾਪ ਨੇ ਆਪਣੇ ਸੰਘਰਸ਼ਮਈ ਜੀਵਨ ਬਾਰੇ ਦੱਸਿਆ ਕਿ ਪਹਿਲਾਂ ਉਹ ਜਰਮਨੀ ਗਿਆ,ਡੱਚ ਜੁਬਾਨ ਸਿੱਖੀ ਤੇ ਫਿਰ ਕੇਨੈਡਾ ਸੈਟਲ ਹੋ ਗਏ। ਹੁਣ ਉਹ ਕੈਨੇਡਾ 'ਚ ਭਾਰਤੀ ਵਿਦਿਆਰਥੀਆਂ ਦੀ ਭਲਾਈ ਅਤੇ ਪ੍ਰਾਪਰਟੀ ਕੰਸਲਟੈਂਟ ਦਾ ਕੰਮ ਕਰਦੇ ਹਨ। ਵਿਹਲ ਮਿਲਦੀ ਹੈ ਤਾਂ ਕਵਿਤਾ ਲਿਖਦੇ ਹਨ। ਹੁਣ ਤੱਕ ਇਕ ਪੰਜਾਬੀ ਕਵਿਤਾਵਾਂ ਦੀ, ਇਕ ਹਿੰਦੀ ਕਵਿਤਾਵਾਂ ਦੀ ਅਤੇ ਇਕ ਪੰਜਾਬੀ ਕਹਾਣੀਆਂ ਦੀ ਕਿਤਾਬ ਛਪ ਚੁੱਕੀ ਹੈ। ਦੋ ਕਿਤਾਬਾਂ ਛਪਾਈ ਅਧੀਨ ਹਨ। ਉਨਾਂ ਨੇ ਸੰਵੇਦਨਾ ਭਰਪੂਰ ਕਵਿਤਾਵਾਂ ਵੀ ਸੁਣਾਈਆਂ ਤੇ ਸਰੋਤਿਆਂ ਵਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ।
ਦਵਿੰਦਰ ਕੌਰ ਢਿੱਲੋਂ ਨੇ ਗੀਤ ਗਾ ਕੇ ਸਭ ਦਾ ਮਨ ਮੋਹਇਆ। ਹਰਦੇਵ ਚੌਹਾਨ ਅਤੇ ਸ੍ਰੀਮਤੀ ਸਤਨਾਮ ਕੌਰ ਨੇ ਡਾਕਟਰ ਸਰਬਜੀਤ ਕੌਰ ਸੋਹਲ, ਪ੍ਰਧਾਨ ਪੰਜਾਬ ਸਾਹਿਤ ਅਕਾਦਮੀ ਦੁਆਰਾ ਭੇਜਿਆ ਸਨਮਾਨ ਪੱਤਰ ਅਤੇ ਸ਼ਾਲ ਮਹਿੰਦਰ ਪ੍ਰਤਾਪ ਨੂੰ ਸੌਂਪਿਆ।
ਸੇੇਵੀ ਰਾਇਤ ਨੇ ਵੀ ਮਹਿਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਖੁਸ਼ੀ ਪ੍ਰਗਟ ਕੀਤੀ।
ਸਟੇਜ ਦੀ ਸਮੁੱਚੀ ਕਾਰਵਾਈ ਗੁਰਦਰਸ਼ਨ ਸਿੰਘ ਮਾਵੀ ਨੇ ਨਿਭਾਈ। ਇਸ ਮੌਕੇ ਚੰਡੀਗੜ੍ਹ, ਮੋਹਾਲੀ, ਪੰਚਕੂਲਾ, ਰਾਜਪੁਰਾ,ਖਰੜ ਅਤੇ ਕੁਰਾਲੀ ਤੋਂ ਵੱਡੀ ਗਿਣਤੀ ਵਿਚ ਕਵੀ, ਲੇਖਕ, ਪਤਵੰਤੇ ਸੱਜਣ ਅਤੇ ਮਹਿੰਦਰ ਪ੍ਰਤਾਪ ਦੇ ਚਹੇਤੇ ਮੌਜੂਦ ਸਨ।