ਜ਼ਿਲ੍ਹਾ ਹਸਪਤਾਲ ਵਿਖੇ ਵਿਸ਼ਵ ਤਪਦਿਕ ਦਿਵਸ ਮਨਾਇਆ
ਦਲਜੀਤ ਕੌਰ
ਸੰਗਰੂਰ, 24 ਮਾਰਚ, 2024: ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ.ਕਿਰਪਾਲ ਸਿੰਘ ਦੀ ਅਗਵਾਈ ਵਿੱਚ ਜਿਲਾ ਹਸਪਤਾਲ ਸੰਗਰੂਰ ਵਿਖੇ ਵਿਸ਼ਵ ਤਪਦਿਕ ਦਿਵਸ ਮਨਾਇਆ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਕਿਰਪਾਲ ਸਿੰਘ ਨੇ ਦੱਸਿਆ ਕਿ ਸਾਲ 2025 ਦੇ ਅੰਤ ਤੱਕ ਭਾਰਤ ਨੂੰ ਟੀਬੀ ਮੁਕਤ ਬਣਾਉਣ ਦਾ ਟੀਚਾ ਮਿਥਿਆ ਗਿਆ ਅਤੇ ਹਰ ਕਿਸਮ ਦੀ ਟੀਬੀ ਦਾ ਇਲਾਜ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਉਪਲਬਧ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਟੀਬੀ ਦੇ ਹਰੇਕ ਮਰੀਜ਼ ਨੂੰ ਇਲਾਜ ਦੌਰਾਨ ਨਿਕਸ਼ੇ ਪੋਸ਼ਣ ਯੋਜਨਾ ਅਧੀਨ ਪੌਸ਼ਟਿਕ ਖੁਰਾਕ ਵੀ ਦਿੱਤੀ ਜਾਂਦੀ ਹੈ।
ਇਸ ਮੌਕੇ ਡਾ. ਰਾਹੁਲ ਗੁਪਤਾ ਨੇ ਦੱਸਿਆ ਕਿ ਟੀਬੀ ਲਾਗ ਦੀ ਬਿਮਾਰੀ ਹੈ ਅਤੇ ਇਸ ਦਾ ਬੈਕਟੀਰੀਆ ਸਾਹ ਰਾਹੀ ਫੈਲਦਾ ਹੈ ਅਤੇ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਬੈਕਟੀਰੀਆ ਦੇ ਕਣ ਛਿਕਣ ਜਾਂ ਖੰਘ ਰਾਹੀਂ ਫੈਲਦੇ ਹਨ। ਛਾਤੀ ਰੋਗਾਂ ਦੇ ਮਾਹਿਰ ਡਾ. ਨੈਨਸੀ ਗਰਗ ਨੇ ਦੱਸਿਆ ਕਿ ਦੋ ਹਫਤੇ ਤੋਂ ਜਿਆਦਾ ਖਾਂਸੀ, ਮਿੰਨਾ ਮਿੰਨਾ ਬੁਖਾਰ ,ਰਾਤ ਨੂੰ ਤਰੇਲੀਆਂ ਆਉਣੀਆਂ, ਵਜਨ ਘੱਟ ਹੋ ਜਾਣਾ ਅਤੇ ਭੁੱਖ ਨਾ ਲੱਗਣਾ ਟੀਬੀ ਦੇ ਮੁੱਖ ਲੱਛਣ ਹਨ।ਅਜਿਹੇ ਲੱਛਣ ਆਉਣ ਤੇ ਤੁਰੰਤ ਸਰਕਾਰੀ ਹਸਪਤਾਲ ਵਿੱਚ ਜਾਂਚ ਕਰਵਾਉਣੀ ਚਾਹੀਦੀ।ਜਾਗਰੂਕਤਾ ਕੈਂਪ ਦੌਰਾਨ ਡਾ. ਗੁਨਤਾਸ ਕੌਰ ਨੇ ਟੀਬੀ ਤੋਂ ਬਚਾਅ ਤੇ ਇਸ ਨੂੰ ਫੈਲਣ ਤੋਂ ਰੋਕਣ ਲਈ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੰਘ ਜਾਂ ਛਿੱਕ ਤੋਂ ਪਹਿਲਾਂ ਮੂੰਹ ਨੱਕ ਨੂੰ ਢੱਕ ਕੇ ਰੱਖੋ, ਵਾਰ ਵਾਰ ਹੱਥ ਧੋਵੋ ਅਤੇ ਖੁੱਲੇ ਥਾਂ ਤੇ ਨਾ ਥਕੋ।
ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ.ਵਿਕਾਸ ਧੀਰ , ਡਾ. ਕਰਮਦੀਪ ਕਾਹਲ, ਜਿਲ੍ਹਾ ਮਾਸ ਮੀਡੀਆ ਅਫਸਰ ਕਰਨੈਲ ਸਿੰਘ, ਸੀਨੀਅਰ ਫਾਰਮੇਸੀ ਅਫ਼ਸਰ, ਅਨਿਲ ਕੁਮਾਰ, ਵਿਸ਼ਾਲਦੀਪ ਸ਼ਰਮਾ, ਪਰਮਿੰਦਰ ਸਿੰਘ, ਅਮਿਤ ਸ਼ਰਮਾ, ਹਰਜਿੰਦਰ ਕੌਰ, ਗੁਰਪ੍ਰੀਤ ਕੌਰ, ਗੁਰਪ੍ਰੀਤ ਵਾਲੀਆ, ਅਵਨੀਤ ਕੌਰ, ਹਰਪਾਲ ਕੌਰ ਅਤੇ ਆਮ ਲੋਕ ਹਾਜ਼ਰ ਸਨ।