--- ਯਸ਼ਪਾਲ ---
'ਵੈਰੀ ਸਦਾ ਹੀ ਵੈਰੀ ਰਹੇਗਾ' - ਇਹ ਦੁਨਿਆਵੀ ਸੱਚ ਨਹੀਂ ਹੈ। ਮਨੁੱਖੀ ਸੁਭਾਅ ਦੀ ਚੰਚਲਤਾ ਤੇ ਕਮਜ਼ੋਰੀ ਬੜੇ ਹੀ ਅਜੀਬੋ-ਗਰੀਬ ਸੰਗੀ ਬਣਾ ਲੈਂਦੀ ਹੈ। ਅੱਜ ਦਾ ਕੱਟੜ ਵੈਰੀ, ਕੱਲ੍ਹ ਦਾ ਜਿਗਰੀ ਯਾਰ ਵੀ ਹੋ ਸਕਦਾ ਹੈ ਤੇ ਇਸਦੇ ਉਲਟ ਵੀ। ਪਰੰਤੂ ਮਨੁੱਖੀ ਸਰੀਰ ਦੇ ਸੂਖਮ ਬ੍ਰਹਿਮੰਡ ਅੰਦਰ ਰੋਗ ਜਨਕ ਵੈਰੀ ਆਪਣੀ ਬਦਨੀਤ ਕਦੇ ਵੀ ਨਹੀਂ ਤਿਆਗਦੇ। ਜੇ ਉਹ ਸਰੀਰ ਦੀਆਂ ਰੱਖਿਆ ਟੁਕੜੀਆਂ ਹੱਥੋਂ ਹਾਰ ਖਾ ਵੀ ਜਾਣ ਤਾਂ ਉਹ ਵਕਤੀ ਤੌਰ 'ਤੇ ਹੀ ਪਿੱਛੇ ਹਟਦੇ ਹਨ। ਉਹ ਦੜ ਵੱਟ ਕੇ ਬੈਠ ਜਾਂਦੇ ਹਨ ਤੇ ਮੁੜ ਸੰਭਵ ਮੌਕਾ ਮਿਲਦੇ ਹੀ ਸਿਰ ਚੁੱਕ ਲੈਂਦੇ ਹਨ। ਜਦ ਵੀ ਉਨ੍ਹਾਂ ਲਈ ਹਾਲਾਤ ਸੁਖਾਵੇਂ ਬਣਦੇ ਹਨ, ਉਹ ਵਾਰ-ਵਾਰ ਹਮਲਾ ਕਰਦੇ ਰਹਿੰਦੇ ਹਨ।
ਹਮਲਾਵਰ-ਵੈਰੀ ਦੇ ਮੁਹਾਂਦਰੇ ਦੀ ਪੱਕੀ ਪਹਿਚਾਣ
ਇਸ ਖਾਤਰ ਸਰੀਰ ਦੇ ਸੁਰੱਖਿਆ ਢਾਂਚੇ ਨੇ ਇੱਕ ਹੋਰ ਵਿਸ਼ੇਸ਼ ਲੱਛਣ ਗ੍ਰਹਿਣ ਕਰ ਲਿਆ ਹੈ ਜਿਸ ਨੂੰ ਸੁਰੱਖਿਆ ਪ੍ਰਤੀਰੋਧੀ ਯਾਦਦਾਸ਼ਤ ਕਿਹਾ ਜਾਂਦਾ ਹੈ। ਇਹ ਯਾਦਦਾਸ਼ਤ ਲਿੰਫ-ਸੈਲਾਂ ਨੂੰ ਇਸ ਯੋਗ ਬਣਾਉਂਦੀ ਹੈ ਕਿ ਉਹ ਹਮਲਾਵਰਾਂ ਨਾਲ ਹੋਈ ਝੜਪ ਨੂੰ ਚੇਤੇ ਰੱਖਦੇ ਹਨ ਤਾਂ ਜੋ ਜੇ ਉਹ ਨਵਾਂ ਹਮਲਾ ਕਰਨ ਦੀ ਜ਼ੁਅੱਰਤ ਕਰਨ ਤਾਂ ਇਹ ਸੂਖਮ ਯੋਧੇ ਤੇਜੀ ਨਾਲ ਲਾਮਬੰਦ ਹੋ ਸਕਣ ਅਤੇ ਵਧੇਰੇ ਤਾਕਤ ਤੇ ਮਜਬੂਤੀ ਨਾਲ ਹਮਲੇ ਨੂੰ ਪਛਾੜ ਦੇਣ। ਪਹਿਲੀ ਵਾਰੀ ਵੈਰੀ ਨੂੰ ਵੇਖਣ ਸਮੇਂ ਸਾਡੇ ਸਰੀਰ ਦੇ ਪਹਿਰੇਦਾਰਾਂ (ਲਿੰਫ-ਸੈੱਲਜ਼) ਨੂੰ ਤੇ ਟੀ.ਐੱਚ. ਸੈੱਲਾਂ ਨੂੰ ਵੀ, ਇਹ ਯਕੀਨੀ ਬਣਾਉਣ ਵਿੱਚ ਕੁੱਝ ਸਮਾਂ ਲੱਗਦਾ ਹੈ ਕਿ ਘੁਸਪੈਠੀਆ ਵੈਰੀ ਹੀ ਹੈ ਤੇ ਉਨ੍ਹਾਂ ਵੱਲੋਂ ਕਮਾਂਡ ਹੈੱਡਕੁਆਰਟਰ ਤੱਕ ਸੰਕੇਤ ਪਹੁੰਚਾਉਣ 'ਚ ਤੇ ਨਾਲ ਗੋਲ਼ੀ-ਸਿੱਕਾ ਤਿਆਰ ਕਰਨ ਵਾਲੇ ਬੀ-ਸੈੱਲਾਂ ਨਾਲ ਸਰਗਰਮ ਤਾਲਮੇਲ ਕਰਨ ਵਿੱਚ ਕੁੱਝ ਹੋਰ ਸਮਾਂ ਲੰਘ ਜਾਂਦਾ ਹੈ। ਗੋਲ਼ੀ-ਸਿੱਕਾ ਤਿਆਰ ਕਰਨ ਵਾਲੇ ਕਾਰਖਾਨੇ ਹੌਲ਼ੀ-ਹੌਲ਼ੀ ਚਾਲ ਫੜਦੇ ਹਨ ਤੇ ਪੂਰੇ ਸਿਖਰ 'ਤੇ ਪਹੁੰਚਣ 'ਚ ਕੁੱਝ ਹੋਰ ਸਮਾਂ ਲਾਉਂਦੇ ਹਨ ਜਿਸਦੇ ਸਿੱਟੇ ਵਜੋਂ ਵੈਰੀ ਦੇ ਪਹਿਲੇ ਹਮਲੇ ਦੀ ਠੀਕ ਇਤਲਾਹ ਮਿਲਣ ਦੇ ਬਾਵਜੂਦ ਕੁੱਝ ਸਮੇਂ ਲਈ ਲੋੜੀਂਦਾ ਪ੍ਰਤੀਕਰਮ ਨਹੀਂ ਹੁੰਦਾ।
ਇਸ ਸੁਸਤ ਦੌਰ ਤੋਂ ਬਾਅਦ ਐਂਟੀ-ਬਾਡੀ (ਰੋਗ-ਨਾਸ਼ਕ) ਮਿਜ਼ਾਈਲ ਆਪਣਾ ਜਲਵਾ ਦਿਖਾਉਣਾ ਸ਼ੁਰੂ ਕਰਦੇ ਹਨ। ਪਹਿਲਾਂ ਪਹਿਲਾਂ ਇਕੱਲੇ ਇਕੱਲੇ ਜਾਂ ਦੋ ਦੋ 'ਚ। ਇਨ੍ਹਾਂ ਐਂਟੀ-ਬਾਡੀ ਮਿਜਾਇਲਾਂ ਨੂੰ ਜੋਰ ਫੜਨ ਤੇ ਪੂਰੀ ਤਾਕਤ ਨਾਲ ਟੱਕਰ ਲੈਣ 'ਚ ਹਫਤਾ ਜਾਂ ਦਸ ਦਿਨ ਵੀ ਲੰਘ ਸਕਦੇ ਹਨ। ਫਿਰ ਜਾ ਕੇ ਘਮਸਾਨੀ-ਯੁੱਧ ਸ਼ੁਰੂ ਹੁੰਦਾ ਹੈ। ਇਹ ਵੈਰੀ ਵੱਲੋਂ ਲਏ ਗਏ ਦਸਤਪੰਜੇ ਨਾਲ ਨਜਿੱਠਣ ਦੀ ਸ਼ੁਰੂਆਤ ਹੁੰਦੀ ਹੈ। ਵੈਰੀ ਨਿਸ਼ਚੇ ਹੀ ਤੇਜੀ ਨਾਲ ਅਲੋਪ ਹੋ ਜਾਂਦਾ ਹੈ। ਪਰੰਤੂ ਕੁੱਝ ਟੀ-ਸੈੱਲ ਆਪਣੇ ਨਾਲ ਵੈਰੀ ਦੀ 'ਐਂਟੀਜਨ ਪਛਾਣ ਪੱਤਰ ਫੀਤੀ' ਦਾ ਪੱਕਾ ਠੱਪਾ ਉਤਾਰ ਕੇ ਲੈ ਜਾਂਦੇ ਹਨ। ਇਹ ਯਾਦਦਾਸ਼ਤ ਲੰਬਾ ਸਮਾਂ ਕਾਇਮ ਰਹਿੰਦੀ ਹੈ ਤੇ ਕੁੱਝ ਮਾਮਲਿਆਂ ਵਿੱਚ ਵਿਅਕਤੀਆਂ ਦੇ ਸਾਰੇ ਜੀਵਨ ਕਾਲ ਤੱਕ ਵੀ। ਜੇ ਵੈਰੀ ਸਬਕ ਨਹੀਂ ਸਿਖਦਾ ਹੈ ਤੇ ਮੁੜ ਹਮਲਾ ਕਰਨ ਦੀ ਹਿਮਾਕਤ ਕਰਦਾ ਹੈ ਤਾਂ ਇਹ ਯਾਦਦਾਸ਼ਤ ਸੈੱਲ ਉਕਤ ਸਾਰੇ ਕਾਰਜ ਨੂੰ ਪਲ ਭਰ ਵਿੱਚ ਨਿਬੇੜ ਦਿੰਦੇ ਹਨ। ਚੌਕਸ ਬੀ-ਸੈੱਲ ਲਾਮਬੰਦ ਹੋਣ 'ਤੇ ਵੈਰੀ ਉੱਪਰ ਧੜਾਧੜ ਨਿਸ਼ਾਨਾ ਸੇਧਤ ਐਂਟੀ-ਬਾਡੀ ਮਿਜਾਇਲਾਂ ਦਾਗਣ ਦਾ ਤਟ ਫਟ ਪ੍ਰੋਗਰਾਮ ਸ਼ੁਰੂ ਕਰ ਦਿੰਦੇ ਹਨ। ਇਸ ਵਾਰ ਦਾ ਯੁੱਧ ਸੈਕੰਡਰੀ ਸੁਰੱਖਿਆ ਪ੍ਰਤੀਰੋਧੀ ਪ੍ਰਤੀਕਿਰਿਆ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਹ ਯੁੱਧ ਇਸ ਵਾਰ ਵਧੇਰੇ ਪ੍ਰਚੰਡ ਹੁੰਦਾ ਹੈ ਪਰੰਤੂ ਹੁੰਦਾ ਥੋੜ-ਚਿਰਾ ਹੀ ਹੈ। ਯਾਦਦਾਸ਼ਤ ਸੈੱਲ ਆਪਣਾ ਕਾਰਜ ਬੜੀ ਪ੍ਰਬੀਨਤਾ ਨਾਲ ਨਿਭਾਉਦੇ ਹਨ ਚਾਹੇ ਮਿਜਾਇਲੀ ਜਵਾਬੀ ਹਮਲਾ ਕਰਨਾ ਹੋਵੇ ਜਾਂ ਟੈਂਕ-ਯੁੱਧ ਟੁਕੜੀਆਂ ਵੀ ਨਾਲ ਲੈਣੀਆਂ ਹੋਣ।
ਇਹ ਯਾਦਦਾਸ਼ਤ ਉਚੇਰੀ ਖਾਸੀਅਤ ਨਾਲ ਲੈਸ ਹੁੰਦੀ ਹੈ । ਇਹ ਸਿਰਫ ਓਸੇ ਵੈਰੀ ਨਾਲ ਨਿਪਟਦੀ ਹੈ ਜਿਹੜਾ ਇੱਕ ਵਾਰ ਹਾਰ ਖਾਣ ਤੋਂ ਬਾਅਦ ਮੁੜ ਸ਼ਿਕਾਰ-ਗਾਹ ਅੰਦਰ ਵੜਦਾ ਹੈ। ਜਿਹੜੇ ਵੈਰੀ ਇਲਾਕੇ ਅੰਦਰ ਪਹਿਲੀ ਵਾਰ ਹਮਲਾ ਕਰਦੇ ਹਨ , ਉਨ੍ਹਾਂ ਨੂੰ ਸੁਸਤ ਤੇ ਰਤਾ ਪਛੜ ਕੇ ਹੋਈ ਮੁਢਲੀ ਜੁਆਬ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨਾਲ ਉਨ੍ਹਾਂ ਨੂੰ ਕੁੱਝ ਕੁ ਲਾਹਾ ਮਿਲ ਜਾਂਦਾ ਹੈ।
ਨਕਲੀ ਵੈਰੀ ਦੇ ਮੁਹਾਂਦਰੇ ਦੀ ਪਹਿਚਾਣ
ਸੁਰੱਖਿਆ ਪ੍ਰਤੀਰੋਧੀ ਯਾਦਦਾਸ਼ਤ ਦਾ ਇਹ ਵਿਲੱਖਣ ਲੱਛਣ ਹੀ ਟੀਕਾਕਰਨ ਵਿਧੀ ਦਾ ਆਧਾਰ ਹੈ। ਟੀਕਾ ਲਾਉਣ ਦੀ ਕਿਰਿਆ (ਵੈਕਸੀਨੇਸ਼ਨ) ਇੱਕ ਤਰ੍ਹਾਂ ਨਾਲ ਫੌਜਾਂ ਨੂੰ ਲੜਾਈ ਲਈ ਤਿਆਰ ਬਰ ਤਿਆਰ ਰੱਖਣ ਲਈ ਕੀਤੀਆਂ ਜਾਣ ਵਾਲੀਆਂ ਜੰਗੀ-ਮਸ਼ਕਾਂ ਹਨ। ਵੈਕਸੀਨ ਲਿੰਫ-ਸੈੱਲਾਂ ਨੂੰ ਸੰਭਾਵੀ ਵੈਰੀਆਂ ਦੀ 'ਐਂਟੀਜੈਨਿਕ ਪਛਾਣ ਫੀਤੀ' ਦੀ ਵਾਕਫ਼ੀ ਕਰਵਾ ਦਿੰਦੇ ਹਨ। ਇਸ ਨਾਲ ਪ੍ਰਤੀਰੋਧੀ ਯਾਦਦਾਸ਼ਤ ਕਾਇਮ ਹੋ ਜਾਂਦੀ ਹੈ। ਜਦ ਅਸਲੀ ਵੈਰੀ ਹਮਲਾ ਕਰਦਾ ਹੈ ਤਾਂ ਇਹ ਸੁਰੱਖਿਆ ਟੁਕੜੀਆਂ ਨੂੰ ਅਵੇਸਲੀਆਂ ਨੂੰ ਹੀ ਨਹੀਂ ਦਬੋਚ ਸਕਦਾ ਕਿਉਂਕਿ ਕਿ ਸੁਰੱਖਿਆ ਪ੍ਰਤੀਰੋਧੀ ਯਾਦਦਾਸ਼ਤ ਹਲੂਣੀ ਜਾਂਦੀ ਹੈ। ਸਤਰਕ ਫੌਜਾਂ ਤੁਰਤ-ਫੁਰਤ ਪੂਰੀ ਤਿਆਰੀ ਨਾਲ ਘਮਸਾਨੀ ਯੁੱਧ ਛੇੜ ਦਿੰਦੀਆਂ ਹਨ। ਜੇਤੂ ਹੋਣ 'ਚ ਭੋਰਾ ਵੀ ਸਮਾਂ ਨਹੀਂ ਲਗਦਾ।
ਜੰਗੀ-ਮਸ਼ਕਾਂ ਦਾ ਜੁਗਤੀ- ਡਾ: ਜੇਨਰ
ਲੱਗਭੱਗ ਦੋ ਸੌ ਸਾਲ ਪਹਿਲਾਂ ਐਡਵਰਡ ਜੇਨਰ (1749-1823) ਨਾਂਅ ਦੇ ਇੱਕ ਵਿਗਿਆਨੀ ਨੇ ਟੀਕਾ ਲਾਉਣ ਦੀਆਂ ਜੰਗੀ ਮਸ਼ਕਾਂ ਦੀ ਕਾਢ ਕੱਢੀ ਸੀ। ਉਸ ਸਮੇਂ ਨਾ ਹੀ ਉਸ ਨੂੰ ਤੇ ਨਾ ਹੀ ਕਿਸੇ ਹੋਰ ਨੂੰ ਉਨ੍ਹਾਂ ਅੰਦਰਲੀਆਂ ਪ੍ਰਤੀਕਿਰਿਆਵਾਂ ਦਾ ਸਹੀ ਸਹੀ ਇਲਮ ਸੀ ਜਿਸ ਰਾਹੀਂ ਇਹ ਜੰਗੀ ਮਸ਼ਕਾਂ ਸੈੱਲ-ਫੌਜਾਂ ਨੂੰ ਤਿਆਰ ਬਰ ਤਿਆਰ ਰੱਖਦੀਆਂ ਹਨ ਭਾਵੇਂ ਸਾਰੇ ਇਹ ਜਾਣ ਚੁੱਕੇ ਸਨ ਕਿ ਲੋਕਾਂ ਨੂੰ ਖਸਰਾ ਜਾਂ ਕਨੇਡੂ (ਕੰਨਪੇੜਾ) ਵਰਗੀਆਂ ਬਿਮਾਰੀਆਂ ਜਿੰਦਗੀ ਵਿੱਚ ਇੱਕ ਵਾਰ ਹੀ ਹੁੰਦੀਆਂ ਹਨ। ਜੇਨਰ ਨੇ ਗਊਆਂ ਚੋਣ ਵਾਲੀਆਂ ਤੋਂ ਇਹ ਸੁਣਿਆ ਹੋਇਆ ਸੀ ਕਿ ਉਹ ਚੇਚਕ ਦੀ ਬਿਮਾਰੀ ਤੋਂ ਭੈਭੀਤ ਨਹੀਂ ਹਨ। ਕਿਉਂਕਿ ਉਨ੍ਹਾਂ ਨੂੰ ਪਹਿਲਾਂ ਹੀ ਇੱਕ ਵਾਰੀ ਹਲਕੀ ਬਿਮਾਰੀ (ਗਊ-ਚੇਚਕ) ਲੱਗ ਚੁੱਕੀ ਹੈ। ਜੇਨਰ ਇਸ ਲੋਕ-ਵਿਸ਼ਵਾਸ ਦੀ ਪੁਸ਼ਟੀ ਲਈ ਚੌਥਾਈ ਸਦੀ ਤੱਕ ਨਿਰੀਖਣ ਕਰਦਾ ਰਿਹਾ।
ਇੱਕ ਵਾਰ ਯਕੀਨ ਹੋਣ 'ਤੇ ਉਸ ਨੇ 14 ਮਈ, 1796ਈ: ਨੂੰ ਇੱਕ ਬੇਹੱਦ ਦਲੇਰਾਨਾ ਪ੍ਰਯੋਗ ਕੀਤਾ। ਉਸ ਨੇ ਆਪਣੇ ਇਸ ਅਹਿਮ ਪ੍ਰਯੋਗ ਖਾਤਰ ਆਪਣੀ ਸਾਰੀ ਸ਼ੋਹਰਤ ਤੇ ਸਗੋਂ ਆਪਣੀ ਹੋਣੀ ਹੀ ਦਾਅ 'ਤੇ ਲਾ ਦਿੱਤੀ। ਉਸ ਨੇ ਇੱਕ ਗਵਾਲੀ ਨਾਲ ਸੰਪਰਕ ਕੀਤਾ, ਜਿਸਨੂੰ ਗਊ ਚੇਚਕ ਹੋਈ ਸੀ ਜਿਸਦੀ ਬਾਂਹ 'ਤੇ ਕੲੀ ਛਾਲੇ ਉਭਰੇ ਹੋਏ ਸਨ। ਉਸ ਨੇ ਇਨ੍ਹਾਂ ਛਾਲਿਆਂ 'ਚੋਂ ਇੱਕ ਛਾਲੇ ਅੰਦਰਲੇ ਤਰਲ ਨੂੰ ਕੱਢਿਆ ਤੇ ਇਸਨੂੰ 8 ਸਾਲ ਦੀ ਉਮਰ ਦੇ ਜੇਮਜ਼ ਫਿਲਿਪਸ ਨਾਂਅ ਦੇ ਇੱਕ ਤੰਦਰੁਸਤ ਲੜਕੇ ਦੇ ਸਰੀਰ ਅੰਦਰ ਟੀਕੇ ਰਾਹੀਂ ਦਾਖਲ ਕਰ ਦਿੱਤਾ। ਸੱਤਵੇਂ ਦਿਨ ਉਸ ਬਹਾਦਰ ਲੜਕੇ ਨੇ ਆਪਣੀਆਂ ਕੱਛਾਂ ਹੇਠ ਥੋੜ੍ਹਾ ਦਰਦ ਮਹਿਸੂਸ ਕੀਤਾ । ਦੋ ਦਿਨ ਬਾਅਦ ਉਸ ਨੂੰ ਥੋੜ੍ਹਾ ਬੁਖਾਰ ਚੜ੍ਹਿਆ ਤੇ ਸਿਰ ਦਰਦ ਹੋਇਆ। ਪਰੰਤੂ ਕੁੱਝ ਦਿਨਾਂ ਵਿੱਚ ਹੀ ਉਹ ਪੂਰੀ ਤਰ੍ਹਾਂ ਠੀਕ ਤੇ ਤੰਦਰੁਸਤ ਹੋ ਗਿਆ। ਨਿਸ਼ਚੇ ਹੀ ਇਹ ਕੋਈ ਅਲੋਕਾਰੀ ਗੱਲ ਨਹੀਂ ਸੀ ਕਿਉਂਕਿ ਗਊ ਚੇਚਕ ਦੀ ਲਾਗ ਦਾ ਅਸਰ ਹਮੇਸ਼ਾਂ ਹਲਕਾ ਹੀ ਹੁੰਦਾ ਹੈ।
ਹੁਣ ਜੇਨਰ ਆਪਣੇ ਪ੍ਰਯੋਗ ਦੇ ਬੇਹੱਦ ਜੋਖਮ ਭਰੇ ਕਾਰਜ ਵਿੱਚ ਜੁਟ ਗਿਆ। 1 ਜੁਲਾਈ, 1796ਈ: ਨੂੰ ਜੇਨਰ ਨੇ ਫਿਲਿਪਸ ਨੂੰ ਮਨੁੱਖੀ ਚੇਚਕ ਦਾ ਟੀਕਾ ਲਗਾਇਆ ਜਿਹੜਾ ਉਸਨੇ ਪੀਕ ਨਾਲ ਭਰੇ ਛਾਲੇ 'ਚੋਂ ਸਿੱਧਾ ਲਿਆ ਸੀ। ਫਿਲਿਪਸ ਚੇਚਕ ਦੀ ਲਾਗ ਤੋਂ ਬਚਿਆ ਰਿਹਾ ਤੇ ਟੀਕਾ ਲਾਉਣ (ਵੈਕਸੀਨੇਸ਼ਨ) ਦੀ ਵਿਧੀ ਦਾ ਜਨਮ ਹੋ ਗਿਆ ਸੀ।
ਜੰਗੀ-ਮਸ਼ਕਾਂ ਦਾ ਸੂਤਰਧਾਰ -- ਲੂਈਸ ਪਾਸਚਰ
ਇੱਕ ਸੌ ਸਾਲ ਬੀਤ ਜਾਣ ਬਾਅਦ ਹੀ ਜਾ ਕੇ ਇੱਕ ਹੋਰ ਵਿਗਿਆਨੀ ਲੂਈਸ ਪਾਸਚਰ (1822-1895) ਨੇ ਉਨ੍ਹਾਂ ਨਿਯਮਾਂ ਦੀ ਸ਼ਨਾਖਤ ਕੀਤੀ ਤੇ ਉਸਨੂੰ ਸੂਤਰਬੱਧ ਕੀਤਾ ਜਿੰਨ੍ਹਾਂ ਰਾਹੀ ਸਰੀਰ ਦੇ ਸੂਖਮ ਢਾਂਚੇ ਅੰਦਰ ਇਹ ਜੰਗੀ-ਮਸ਼ਕਾਂ ਕੀਤੀਆਂ ਜਾਂਦੀਆਂ ਹਨ। ਪਾਸਚਰ ਪਹਿਲਾਂ ਹੀ ਇਹ ਦਿਖਾ ਚੁੱਕਿਆ ਸੀ ਕਿ ਬਿਮਾਰੀਆਂ ਕਿਸੇ ਰੱਬੀ ਸਰਾਪ ਨਾਲ ਨਹੀਂ ਲਗਦੀਆਂ ਸਗੋਂ ਕਿਸੇ ਰੋਗ-ਜਨਕ ਸੂਖਮ ਜੀਵਾਣੂਆਂ ਦੀ ਲਾਗ ਕਾਰਨ ਲਗਦੀਆਂ ਹਨ। ਉਹ ਸੰਸਾਰ ਨੂੰ ਇਹ ਵੀ ਜਚਾ ਚੁੱਕਿਆ ਸੀ ਕਿ ਜੀਵਾਣੂ ( ਬੈਕਟੀਰੀਆ) ਆਪਣੇ ਆਪ ਪੈਦਾ ਨਹੀਂ ਹੁੰਦੇ ਸਗੋਂ ਪਹਿਲਾਂ ਹੀ ਮੌਜੂਦ ਸਜੀਵਾਂ ਤੋਂ ਪੈਦਾ ਹੁੰਦੇ ਹਨ।
ਉਸ ਨੇ ਜੇਨਰ ਵੱਲੋਂ ਚੇਚਕ ਉੱਪਰ ਕੀਤੇ ਪ੍ਰਯੋਗਾਂ ਦੇ ਨਿਰੀਖਣ ਤੋਂ ਸਿੱਧੇ-ਸਾਦੇ ਤਰਕ ਰਾਹੀਂ ਟੀਕਾ ਤਿਆਰ ਕਰਨ ਦੇ ਸਿਧਾਤਾਂ ਨੂੰ ਸੂਤਰਬੱਧ ਕੀਤਾ। - ਉਸਨੇ ਤਰਕ ਦਿੱਤਾ ਕਿ ਜੇਕਰ ਜੀਵਾਣੂਆਂ ਨੂੰ ਸਾਧ ਲਿਆ ਜਾਵੇ (ਦੁਰਬਲ ਬਣਾ ਲਿਆ ਜਾਵੇ) ਤੇ ਉਨ੍ਹਾਂ ਦੇ ਮੁਹਾਂਦਰੇ ਲਿੰਫ-ਸੈੱਲਾਂ ਨੂੰ ਵਿਖਾ ਦਿੱਤੇ ਜਾਣ ਤਾਂ ਸਰੀਰ ਦੇ ਪਹਿਰੇਦਾਰ ਸੰਤਰੀ ਵੈਰੀ ਦੇ ਪਛਾਣ-ਪੱਤਰ ਨੂੰ ਤੇਜੀ ਨਾਲ ਪਹਿਚਾਣ ਜਾਣਗੇ ਤੇ ਕਾਇਮ ਹੋਈ ਯਾਦਦਾਸ਼ਤ ਉਨ੍ਹਾਂ ਨੂੰ ਹਮਲਾ ਹੋਣ ਦੀ ਸੂਰਤ ਵਿੱਚ ਅਸਲੀ ਵੈਰੀ ਨਾਲ ਨਜਿੱਠਣ ਦੇ ਸਮਰੱਥ ਬਣਾ ਦੇਵੇਗੀ।
ਇਸ ਨੁਕਤੇ ਨੂੰ ਸਿੱਧ ਕਰਨ ਲਈ ਲੂਈਸ ਪਾਸਚਰ ਨੇ ਦੋ ਜਨਤਕ ਪ੍ਰਯੋਗ ਕੀਤੇ। ਮਈ 1881 ਵਿੱਚ ਕੀਤੇ ਪਹਿਲੇ ਪ੍ਰਯੋਗ ਵਿੱਚ ਉਸ ਨੇ ਇੱਕ ਫਾਰਮ 'ਤੇ ਤੀਹ ਭੇਡਾਂ ਤੇ ਪੰਜ ਗਊਆਂ ਨੂੰ ਐਂਥਰੈੱਕਸ ( ਪਸ਼ੂਆਂ ਦੀ ਬਿਮਾਰੀ) ਦਾ ਟੀਕਾ ( ਵੈਕਸੀਨ) ਲਾ ਦਿੱਤਾ ਜਿਹੜਾ ਉਸ ਨੇ ਤਿਆਰ ਕੀਤਾ ਸੀ। ਉਸ ਨੇ ਉਨੇ ਹੀ ਪਸ਼ੂ ਬਿਨਾ ਟੀਕਾ ਲਾਏ ਹੋਏ ਰੱਖੇ । 31ਮਈ ਨੂੰ ਉਸਨੇ ਸਾਰੇ ਦੇ ਸਾਰੇ 70 ਪਸ਼ੂਆਂ ਨੂੰ ਜਿਉਂਦੇ ਐਂਥਰੈਕਸ ਜੀਵਾਣੂਆਂ ਦਾ ਟੀਕਾ ਲਾਇਆ। ਪਰੰਤੂ ਵੈਕਸੀਨ ਲੱਗੇ 35 ਦੇ 35 ਪਸ਼ੂ ਤੰਦਰੁਸਤ ਰਹੇ।
ਉਸਦਾ ਦੂਸਰਾ ਜਨਤਕ ਪ੍ਰਯੋਗ ਵਧੇਰੇ ਖਤਰਨਾਕ ਸੀ। ਉਸ ਕੋਲ ਕੁੱਝ ਖਰਗੋਸ਼ ਸਨ ਜਿੰਨ੍ਹਾਂ ਨੂੰ ਹਲਕਾਅ (ਰੈਬੀਜ਼) ਹੋਇਆ ਸੀ । ਜਦ ਉਹ ਖਰਗੋਸ਼ ਮਰ ਗਏ ਤਾਂ ਉਸਨੇ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਵੱਖ ਕਰ ਲਈ ਤੇ ਉਸਨੂੰ ਹਵਾ ਵਿੱਚ ਧੁੱਪੇ ਸੁਕਾਅ ਲਿਆ। ਫੇਰ ਉਸਨੂੰ ਕੁੱਟ ਕੇ ਬਰੀਕ ਪਾਊਡਰ ਬਣਾ ਲਿਆ ਜਿਸਤੋਂ ਉਸਨੇ ਇੱਕ ਘੋਲ ਤਿਆਰ ਕੀਤਾ, ਇਹ ਉਸਦਾ ਹਲਕਾਅ ਦਾ ਟੀਕਾ ਸੀ ਜੋ ਉਸਨੇ ਕੁੱਤਿਆਂ ਦੇ ਲਾਇਆ, ਜਿਹੜੇ ਫਿਰ ਹਲਕਾਅ ਦੇ ਹਮਲੇ ਪ੍ਰਤੀ ਪ੍ਰਤੀਰੋਧੀ ਹੋ ਗਏ। ਉਸਨੂੰ ਯਕੀਨ ਹੋ ਗਿਆ ਕਿ ਟੀਕਾ ਮਨੁੱਖਾਂ 'ਤੇ ਵੀ ਓਨਾਂ ਹੀ ਕਾਰਗਰ ਸਾਬਤ ਹੋਵੇਗਾ। ਪਰੰਤੂ ਉਸਦੀ ਇਹ ਗੱਲ ਕੋਈ ਵੀ ਮੰਨਣ ਨੂੰ ਤਿਆਰ ਨਹੀਂ ਸੀ। ਫਿਰ 1895ਈ: 'ਚ ਲੋਕਾਂ ਨੇ ਲੂਈ ਪਾਸਚਰ ਕੋਲ ਹਲਕੇ ਕੁੱਤੇ ਦਾ ਕੱਟਿਆ ਹੋਇਆ ਇੱਕ ਨੌਜਵਾਨ ਲਿਆਂਦਾ ਜਿਹੜਾ ਮਰਨ ਕਿਨਾਰੇ ਹੀ ਸੀ। ਪਾਸਚਰ ਨੇ ਇਹ ਦਲੇਰਾਨਾ ਪ੍ਰਯੋਗ ਕਰਨ ਦਾ ਫੈਸਲਾ ਕੀਤਾ। ਉਸਨੇ ਨੌਜਵਾਨ ਨੂੰ ਹਲਕਾਅ ਦਾ ਟੀਕਾ (ਵੈਕਸੀਨ) ਲਾਇਆ। ਉਸਨੇ ਨੌਜਵਾਨ ਦੇ 12 ਟੀਕੇ ਲਾਏ ਤੇ ਉਸਦੀ ਜਿੰਦਗੀ ਬਚ ਗਈ। ਇਹ ਉਹ ਪਹਿਲਾ ਮਨੁੱਖ ਸੀ ਜੋ ਹਲਕੇ ਕੁੱਤੇ ਦੇ ਕੱਟਣ ਤੋਂ ਬਾਅਦ ਜਿਉਂਦਾ ਬਚਿਆ ਸੀ। ਉਸ ਨੌਜਵਾਨ ਨੇ, ਆਪਣੀ ਮੌਤ ਤੱਕ, ਪਾਸਚਰ ਸੰਸਥਾ ਦੇ ਚੌਂਕੀਦਾਰ ਵਜੋਂ ਸੇਵਾ ਨਿਭਾਅ ਕੇ ਇਹ ਕਰਜ ਚੁਕਾਇਆ।
ਨਿਹੱਥੇ ਵੈਰੀ, ਜੰਗੀ-ਮਸ਼ਕਾਂ ਲਈ ਕਾਰਗਰ ਨਿਸ਼ਾਨੇ
ਇਉਂ ਲੂਈਸ ਪਾਸਚਰ ਨੇ ਸਿੱਧ ਕੀਤਾ ਕਿ ਜੇ ਵੈਰੀ ਫੌਜਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਨਾਲ ਨਿਹੱਥਾ ਕਰ ਦਿੱਤਾ ਜਾਵੇ ਤਾਂ ਨਿਸ਼ਕ੍ਰਿਆਸ਼ੀਲ ਨਿਹੱਥੇ ਰੋਗ-ਜਨਕ ਨਕਲੀ ਨਿਸ਼ਾਨਿਆਂ ਦਾ ਕੰਮ ਕਰਦੇ ਹਨ ਜਿਨ੍ਹਾਂ ਉੱਪਰ ਸਰੀਰ ਦੇ ਯੋਧਿਆਂ ਦੀ ਸਿਖਲਾਈ ਕੀਤੀ ਜਾਂਦੀ ਹੈ।
ਅਜਿਹੇ ਦੁਰਬਲ ਬਣਾਏ ਗਏ ਜੀਵਾਣੂ ਸਧਾਰਨ ਮੁੱਢਲੀ ਸੁਰੱਖਿਆ ਪ੍ਰਤੀਰੋਧੀ ਪ੍ਰਤੀਕਿਰਿਆ ਪੈਦਾ ਕਰ ਸਕਦੇ ਹਨ ਤੇ ਸਰੀਰ ਦੇ ਸੰਤਰੀ-ਪਹਿਰੇਦਾਰਾਂ ਨੂੰ ਉਸ ਵਿਸ਼ੇਸ਼ ਵੈਰੀ ਪ੍ਰਤੀ ਸਜੱਗ ਤੇ ਚੌਕਸ ਰੱਖਦੇ ਹਨ। ਬਾਅਦ ਵਿੱਚ ਇਹ ਵੀ ਪਤਾ ਲੱਗਿਆ ਕਿ ਜੇ ਵੈਰੀ-ਫੌਜਾਂ ਨੂੰ ਸਾਧਣਾ ਆਸਾਨ ਨਾ ਹੋਵੇ ਤਾਂ ਉਨ੍ਹਾਂ ਦੇ ਨੇੜਲੇ ਨਿਤਾਣੇ ਸੰਬੰਧੀਆਂ ਨੂੰ ਵੀ ਸਰੀਰ ਦੀ ਫੌਜ ਨੂੰ ਸਿਖਲਾਈ ਦੇਣ ਲਈ ਨਕਲੀ ਵੈਰੀ ਵਜੋਂ ਵਰਤਿਆ ਜਾ ਸਕਦਾ ਹੈ। ਜੇਨਰ ਦਾ ਚੇਚਕ ਦਾ ਟੀਕਾ (ਵੈਕਸੀਨ) ਇਸੇ ਰਣਨੀਤੀ ਰਾਹੀਂ ਬਣਾਇਆ ਜਾਂਦਾ ਹੈ।
1886ਈ: 'ਚ ਸ਼ਰਮਨ ਤੇ ਥਿਊਬੋਲਡ ਸਮਿੱਥ ਨੂੰ ਅਚਨਚੇਤੀ ਪਤਾ ਲੱਗਿਆ ਕਿ ਸਾਧੇ ਹੋਏ ਵੈਰੀ ਏਜੰਟ ਨੂੰ ਵਰਤਣ ਦੀ ਬਜਾਏ ਵੈਰੀ ਦੀਆਂ ਲੋਥਾਂ ਤੋਂ ਵੀ ਇਸ ਸਿਖਲਾਈ ਖਾਤਰ ਕੰਮ ਲਿਆ ਜਾ ਸਕਦਾ ਹੈ। ਇਉਂ ਵੈਕਸੀਨ ਤਿਆਰ ਕਰਨ ਦਾ ਇੱਕ ਹੋਰ ਢੰਗ ਲੱਭ ਲਿਆ ਗਿਆ। ਸ਼ਾਲਕ ਦਾ ਪੋਲੀਓ ਵੈਕਸੀਨ ਇਸੇ ਕਿਸਮ ਦਾ ਹੈ। ਇਸ ਤਰ੍ਹਾਂ ਟਾਈਫਾਈਡ, ਹੈਜਾ ਤੇ ਕਾਲੀ-ਖੰਘ ਦੇ ਵੈਕਸੀਨ ਹਨ ਜਿਹੜੇ ਮਰੇ ਹੋਏ ਜੀਵਾਣੂਆਂ ਤੋਂ ਬਣਾਏ ਜਾਂਦੇ ਹਨ।
ਦੂਰਮਾਰ ਗੁਰੀਲਾ-ਵੈਰੀਆਂ ਨਾਲ ਟਾਕਰਾ
ਕੁੱਝ ਹੋਰ ਵੈਰੀ-ਜੀਵਾਣੂ ਬੜੇ ਢੰਗੀ ਹੁੰਦੇ ਹਨ। ਉਹ ਡੇਰਾ ਕਿਸੇ ਹੋਰ ਜਗ੍ਹਾ 'ਤੇ ਲਾਉਂਦੇ ਹਨ ਪਰ ਉਨ੍ਹਾਂ ਦਾ ਮਾਰੂ-ਵਾਰ ਕਿਸੇ ਹੋਰ ਜਗ੍ਹਾ 'ਤੇ ਹੁੰਦਾ ਹੈ। ਉਹ ਇਸ ਤਰ੍ਹਾਂ ਦਾ ਗੁਰੀਲਾ ਦਾਅ-ਪੇਚ ਅਪਨਾਉਣ ਦੇ ਇਸ ਕਰਕੇ ਸਮਰੱਥ ਹੁੰਦੇ ਹਨ ਕਿਉਂਕਿ ਉਹ ਰਸਾਇਣਿਕ ਯੁੱਧ ਛੇੜਦੇ ਹਨ। ਇਹ ਜੀਵਾਣੂ ਆਪਣੇ ਅੰਦਰੋਂ ਜਹਿਰੀਲੇ ਰਸਾਇਣ ਛੱਡਦੇ ਹਨ ਜਿਹੜੇ ਸਰੀਰ ਅੰਦਰ ਫੈਲ ਕੇ ਦੂਰ ਦੇ ਸੈੱਲਾਂ ਨੂੰ ਦੂਸ਼ਿਤ ਕਰ ਸਕਦੇ ਹਨ। ਧੁਣਕਵਾ (ਟੈਟਨਸ) ਲਈ ਜਿੰਮੇਵਾਰ ਬੈਕਟੀਰੀਆ ਜਿਹੜੇ ਜਹਿਰੀਲੇ ਪਦਾਰਥ ਛੱਡਦਾ ਹੈ ਉਹ ਦੂਰ ਦੇ ਪੱਠਿਆਂ ਨੂੰ ਅਕੜਾ ਦਿੰਦੇ ਹਨ। ਡਿਪਥੀਰੀਆ ਪੈਦਾ ਕਰਨ ਵਾਲਾ ਬੈਕਟੀਰੀਆ ਵੀ ਇਸੇ ਤਰ੍ਹਾਂ ਵਿਹਾਰ ਕਰਦਾ ਹੈ। ਉਹ ਗਲ਼-ਗੰਢਾਂ (ਟੌਨਸਲਜ਼) ਅੰਦਰ ਪੈਦਾ ਹੁੰਦੇ ਹਨ ਤੇ ਵਧਦੇ ਹਨ ਅਤੇ ਇੱਕ ਗੁੱਛੀ ਜਿਹੀ ਬਣਾ ਲੈਂਦੇ ਹਨ। ਪਰੰਤੂ ਜਿਹੜੇ ਜਹਿਰੀਲੇ ਪਦਾਰਥ ਉਹ ਕੱਢਦੇ ਹਨ ਉਹ ਦੂਰ ਦਿਲ ਦੀ ਸਾਵੀਂ ਕਾਰਜ-ਵਿਧੀ ਵਿੱਚ ਗੜਬੜ ਕਰ ਸਕਦੇ ਹਨ।
ਇੱਥੇ ਅਜਿਹੇ ਲੰਬੀ ਦੂਰੀ ਤੱਕ ਵਾਰ ਕਰਨ ਵਾਲੇ ਵੈਰੀਆਂ ਵਿਰੁੱਧ ਇੱਕ ਵੱਖਰੀ ਰਣਨੀਤੀ ਅਪਣਾਈ ਜਾਂਦੀ ਹੈ। ਸਰੀਰ ਦਾ ਸੁਰੱਖਿਆ ਢਾਂਚਾ ਰਸਾਇਣਿਕ ਯੁੱਧ ਦਾ ਮੁਕਾਬਲਾ ਕਰਨ ਦੇ ਵੀ ਸਮਰੱਥ ਹੁੰਦਾ ਹੈ। ਵੈਰੀ ਜਰੂਰੀ ਨਹੀਂ ਕਿ ਸਜੀਵ ਹੀ ਹੋਵੇ , ਉਹ ਕੋਈ ਵੀ ਹੋ ਸਕਦਾ ਹੈ। ਸਰੀਰ ਦੇ ਸੰਤਰੀ-ਪਹਿਰੇਦਾਰ ਸੈੱਲ ਅਜਿਹੇ ਅਣੂਵੀ (ਮੌਲੀਕਿਊਲਰ) ਫੀਤੀਆਂ ਨੂੰ ਵੀ ਤਾੜ ਸਕਦੇ ਹਨ ਤੇ ਉਹ ਰਸਾਇਣ ਨੂੰ ਨਿਸੱਲ ਕਰਨ ਤੇ ਨਸ਼ਟ ਕਰਨ ਲਈ ਲੋੜੀਂਦੀ ਐਂਟੀ-ਬਾਡੀਜ਼ ਦਾ ਗੋਲ਼ੀ-ਸਿੱਕਾ ਵੀ ਤਿਆਰ ਕਰ ਸਕਦੇ ਹਨ।
ਇਸ ਖਾਤਰ ਰਸਾਇਣ ਦੀ ਇਸ ਤਰਕੀਬ ਨਾਲ ਵੈਕਸੀਨ ਬਣਾਈ ਜਾਂਦੀ ਹੈ ਕਿ ਉਸ ਦੇ ਜਹਿਰੀਲੇ ਡੰਗ ਨੂੰ ਬਗੈਰ ਉਸਦੇ 'ਐਂਟੀਜੈਨਿਕ' ਲੱਛਣ ਤਬਦੀਲ ਕੀਤੇ , ਖੁੰਢਾ ਕੀਤਾ ਜਾਂਦਾ ਹੈ। ਅਜਿਹੇ ਸੋਧੇ ਹੋਏ ਜਹਿਰ ਨੂੰ (ਜਿਸਨੂੰ ਪ੍ਰਤੀਰੋਧੀ ਸ਼ਕਤੀ ਵਿਗਿਆਨ ਦੀ ਸ਼ਬਦਾਵਲੀ ਵਿੱਚ ਟਾਕਸਾਇਡ ਕਿਹਾ ਜਾਂਦਾ ਹੈ) ਵੈਕਸੀਨ ਰਾਹੀਂ ਸਰੀਰ ਅੰਦਰ ਦਾਖਲ ਕਰਦਿਆਂ ਮੁਢਲੀ ਪ੍ਰਤੀਕਿਰਿਆ ਤੇ ਜੀਵ-ਬਚਾਓ ਪ੍ਰਤੀਰੋਧੀ ਯਾਦਦਾਸ਼ਤ ਪੈਦਾ ਹੋ ਜਾਂਦੀ ਹੈ। ਡਿਪਥੀਰੀਆ ਤੇ ਟੈਟਨਸ ਦੇ ਵੈਕਸੀਨ ਇਸ ਵੰਨਗੀ ਵਿੱਚ ਆਉਂਦੇ ਹਨ।
ਬਹੁ-ਰੂਪੀਏ ਵੈਰੀਆਂ ਦੀ ਚੁਣੌਤੀ
ਨਿਰਸੰਦੇਹ ਸਾਡੇ ਸਰੀਰ ਦਾ ਸੁਰੱਖਿਆ ਢਾਂਚਾ ਬੇਹੱਦ ਕਾਰਗਰ ਹੈ ਤੇ ਵਿਗਿਆਨੀ ਇਸ ਨੂੰ ਹੋਰ ਮਜ਼ਬੂਤ ਕਰਨ ਦੇ ਉਪਰਾਲੇ ਕਰਦੇ ਰਹਿੰਦੇ ਹਨ। ਪਰੰਤੂ ਇਹਨਾਂ ਸਾਰੇ ਉਪਰਾਲਿਆਂ ਦੇ ਬਾਵਜ਼ੂਦ ਕਈ ਵੈਰੀ ਅਜਿਹੇ ਹਨ ਜਿਨ੍ਹਾਂ ਵਿਰੁੱਧ ਜੰਗੀ ਮਸ਼ਕਾਂ ਕੰਮ ਨਹੀਂ ਕਰਦੀਆਂ। ਮਲੇਰੀਆ, ਪੀਲੀਆ, ਕੋਹੜ, ਕਿਰਮ ਰੋਗ ਸਾਧਾਰਨ ਜੁਕਾਮ ਤੇ ਅਜੋਕੀ ਬਿਮਾਰੀ ਏਡਜ਼ ਤੇ ਤਾਜ਼ਾ ਮਹਾਂਮਾਰੀ ਕੋਰੋਨਾ ਦੇ ਖਤਰੇ ਨਾਲ ਨਿਪਟਣ ਲਈ ਅਜੇ ਤਾਂਈ ਕੋਈ ਕਾਰਗਰ ਵੈਕਸੀਨ ਉਪਲੱਬਧ ਨਹੀਂ ਤੇ ਲਿਸਟ ਹੋਰ ਵੀ ਲੰਬੀ ਹੋ ਸਕਦੀ ਹੈ।
ਪਰ ਇਸਦਾ ਅਰਥ ਇਹ ਨਹੀਂ ਕਿ ਸਰੀਰ ਇਨ੍ਹਾਂ ਹਮਲਿਆਂ ਦਾ ਟਾਕਰਾ ਨਹੀਂ ਕਰ ਸਕਦਾ ਜਾਂ ਨਹੀਂ ਕਰਦਾ। ਪਰੰਤੂ ਵੈਕਸੀਨ ਰਾਹੀਂ ਦਿੱਤੀ ਜਾਣ ਵਾਲੀ ਅਹਿਮ ਸਿਖਲਾਈ ਤੋਂ ਵਾਂਝੇ ਸਰੀਰ ਦੇ ਸੁਰੱਖਿਆ ਦਸਤੇ ਰਤਾ ਨਿਤਾਣੇ ਸਾਬਤ ਹੁੰਦੇ ਹਨ। ਉਨ੍ਹਾਂ ਦੇ ਜਵਾਬੀ ਹਮਲੇ ਦੀ ਧਾਰ ਓਨੀ ਤਿੱਖੀ ਨਹੀਂ ਹੁੰਦੀ।
ਇਸ ਅਸਫਲਤਾ ਦੇ ਕਈ ਕਾਰਨ ਹਨ। ਕੲੀ ਮਾਮਲਿਆਂ 'ਚ ਦੋਸ਼ੀ ਜੀਵਾਣੂਆਂ ਦੀ ਅਸਲੀ ਪਹਿਚਾਣ ਅਜੇ ਸਥਾਪਤ ਨਹੀਂ ਹੋਈ ਹੁੰਦੀ। ਦੂਸਰੇ ਮਾਮਲਿਆਂ ਵਿੱਚ ਵੈਰੀ ਜੀਵਾਣੂ ਬੜੀ ਚਤੁਰ ਚਾਲ ਚਲਦਾ ਹੈ। ਉਹ ਆਪਣੀ ਪਛਾਣ-ਪੱਤਰ ਫੀਤੀ ਨੂੰ ਘੜੀ-ਮੁੜੀ ਬਦਲਦਾ ਰਹਿੰਦਾ ਹੈ ਭਾਵ ਆਪਣਾ ਭੇਸ ਬਦਲਦਾ ਰਹਿੰਦਾ ਹੈ। ਇਸ ਲਈ ਜੀਵਾਣੂ ਵਿਰੁੱਧ ਉਚੇਚੀ ਖਾਸ ਯਾਦਦਾਸ਼ਤ ਕਾਇਮ ਕਰਨੀ ਮੁਸ਼ਕਲ ਹੋ ਜਾਂਦੀ ਹੈ, ਕਿਉਂਕਿ ਰਸਾਇਣਕ ਪਛਾਣ-ਪੱਤਰ ਫੀਤੀ ਬਦਲਦੀ ਰਹਿੰਦੀ ਹੈ।
ਕੁੱਝ ਜੀਵਾਣੂ ਪ੍ਰਯੋਗਸ਼ਾਲਾ ਵਿੱਚ ਲੋੜੀਂਦੀ ਮਾਤਰਾ ਵਿੱਚ ਪੈਦਾ ਨਹੀਂ ਕੀਤੇ ਜਾ ਸਕਦੇ। ਇਸ ਲਈ, ਉਨ੍ਹਾਂ ਨੂੰ ਸਾਧਣਾ ਜਾਂ ਉਨ੍ਹਾਂ ਦੇ ਨੇੜਲੇ ਦੁਰਬਲ ਸੰਬੰਧੀਆਂ ਨੂੰ ਲੱਭਣ ਦੇ ਯਤਨ ਸਫਲ ਨਹੀਂ ਹੁੰਦੇ। ਐੱਚ.ਆਈ.ਵੀ. ਵਿਸ਼ਾਣੂ, ਜਿਹੜਾ ਏਡਜ਼ ਦੀ ਭਿਆਨਕ ਬਿਮਾਰੀ ਫੈਲਾਉਂਦਾ ਹੈ , ਉਹ ਟੀ.ਐੱਚ. ਸੈੱਲਾਂ ਨੂੰ ਲੱਭ ਕੇ ਮਾਰਦਾ ਹੈ। ਪਰੰਤੂ ਜੈਵਿਕ-ਤਕਨੀਕ ਵਿਗਿਆਨੀ ਇਸ ਸਮੱਸਿਆ ਤੋਂ ਜਾਣੂੰ ਹਨ। ਉਹ ਅਜਿਹੇ ਚੁਸਤ ਚਲਾਕ ਹਮਲਾਵਰਾਂ ਵੱਲੋਂ ਸੁੱਟੀ ਹੋਈ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਲਗਾਤਾਰ ਨਵੇਂ ਢੰਗ ਤਰੀਕੇ ਈਜਾਦ ਕਰ ਰਹੇ ਹਨ। ਸਿੱਟੇ ਵਜੋਂ ਉਨ੍ਹਾਂ ਵੈਕਸੀਨਾਂ ਦੀ ਪਰਖ ਪੜਤਾਲ ਚੱਲ ਰਹੀ ਹੈ ਜਿਹੜੀਆਂ ਮਲੇਰੀਏ, ਕੋਹੜ, ਹੈਪੇਟਾਈਟਸ-ਬੀ (ਇੱਕ ਕਿਸਮ ਦਾ ਪੀਲੀਆ), ਏਡਜ਼ ਅਤੇ ਕੋਰੋਨਾ (ਕੋਵਿਡ-19) ਤੱਕ ਦੇ ਖਤਰੇ ਨੂੰ ਦੂਰ ਕਰਨਗੇ।
ਸੰਪਰਕ: 98145-35005