--- ਯਸ਼ਪਾਲ ---
ਦੁਸ਼ਮਣ ਦੀ ਅਗਲੇਰੀ ਟੁਕੜੀ ਦੱਬਵੇਂ ਪੈਰੀਂ ਅੰਦਰ ਵੜਦੀ ਹੈ। ਥੋਖਾ, ਫਰੇਬ ਤੇ ਛਲ ਇਸਦੀ ਫਿਤਰਤ ਹੈ। ਕਿਸੇ ਚੁਣੌਤੀ ਜਾਂ ਰੁਕਾਵਟ ਦੀ ਜਾਹਰਾ ਅਣਹੋਂਦ ਵੇਖ ਕੇ, ਉਹ ਆਪਣੇ ਪਿਛਲੇ ਸਾਥੀਆਂ ਨੂੰ ਅੱਗੇ ਵਧਣ ਦਾ ਇਸ਼ਾਰਾ ਕਰਦੀ ਹੈ। ਉਸਦਾ ਨਿਸ਼ਾਨਾ ਹੈ ਕਿ ਅਹਿਮ ਟਿਕਾਣੇ 'ਤੇ ਕਬਜਾ ਕਰਨਾ, ਜਿੱਥੋਂ ਪਰਾਏ ਇਲਾਕੇ ਅੰਦਰ ਅੱਗੇ ਘੁਸਪੈਠ ਕੀਤੀ ਜਾ ਸਕੇ।
ਪਰ, ਬਚਾਉ ਸੁਰੱਖਿਆ ਫੌਜਾਂ ਵੀ ਅਵੇਸਲੀਆਂ ਨਹੀਂ ਬੈਠੀਆਂ ਹੋਈਆਂ। ਉਨ੍ਹਾਂ ਨੇ ਵੀ ਅੰਦਰ ਵੜਦੇ ਘੁਸਪੈਠੀਏ ਨੂੰ ਤਾੜ ਲਿਆ ਹੈ। ਉਨ੍ਹਾਂ ਨੇ, ਉਸਨੂੰ ਬਿਨਾ ਖ਼ਬਰ ਕੀਤਿਆਂ ਹੀ ਉਸਦੇ ਪਾਸਪੋਰਟ ਦੀ ਜਾਂਚ ਕਰ ਲਈ ਹੈ।ਉਨ੍ਹਾਂ ਨੂੰ ਪੱਕਾ ਯਕੀਨ ਹੋ ਗਿਆ ਹੈ ਕਿ ਘੁਸਪੈਠੀਆ ਨਾ ਤਾਂ ਮਿੱਤਰ ਹੈ ਅਤੇ ਨਾ ਹੀ ਕੋਈ ਅਣਜਾਣ-ਘੁਮੱਕੜ ਹੈ।
ਇਉਂ ਹੀ ਉਸਦੇ ਦੁਸ਼ਮਣਾਨਾ ਇਰਾਦੇ ਨੂੰ ਭਾਂਪਦਿਆਂ ਹੀ, ਉਨ੍ਹਾਂ ਨੇ ਕਮਾਂਡ ਹੈੱਡਕੁਆਰਟਰ ਨੂੰ ਚੌਕਸ ਕਰ ਦਿੱਤਾ ਹੈ ਜਿਹੜਾ ਫੌਜੀ ਕਾਰਵਾਈ ਲਈ ਸਰਗਰਮ ਹੋ ਜਾਂਦਾ ਹੈ। ਉਹ ਫੌਜੀ ਨਫ਼ਰੀ ਵਧਾਉਣ ਲਈ ਆਮ ਲਾਮਬੰਦੀ ਦਾ ਹੋਕਾ ਦਿੰਦਾ ਹੈ। ਨਾਲ ਦੀ ਨਾਲ, ਉਹ ਸਾਰੇ ਇਲਾਕੇ ਅੰਦਰ ਅਹਿਮ ਟਿਕਾਣਿਆਂ 'ਤੇ ਬਣੀਆਂ ਸਾਰੀਆਂ ਫੌਜੀ ਛਾਉਣੀਆਂ ਤੱਕ ਯੁੱਧ ਦਾ ਬਿਗਲ਼ ਵਜਾ ਦਿੰਦਾ ਹੈ।
ਯੁੱਧ ਦੇ ਬਿਗਲ 'ਤੇ ਅਮਲ ਕਰਦਿਆਂ ਸਮੁੱਚਾ ਸੁਰੱਖਿਆ ਤੰਤਰ ਤੁਰੰਤ ਹਰਕਤ ਵਿੱਚ ਆ ਜਾਂਦਾ ਹੈ। ਇੱਕ ਪਾਸੇ ਕੁੱਝ ਫੌਜਾਂ ਖਾਸ ਕਰਕੇ ਆਤਮਘਾਤੀ ਦਸਤੇ, ਸ਼ਸ਼ਤਰਬੱਧ ਹੋਣ ਲਗਦੇ ਹਨ ਤੇ ਟੈਂਕ ਬੀੜਨ ਲੱਗਦੇ ਹਨ। ਉਨ੍ਹਾਂ ਵੱਲੋਂ ਤਿਆਰ ਕੀਤੀਆਂ ਨਿਸ਼ਾਨਾ-ਸੇਧਤ ਮਿਜ਼ਾਈਲਾਂ, ਦੁਸ਼ਮਣ ਦਾ ਮੁਕਾਬਲਾ ਕਰਨ ਲਈ ਵਿਸ਼ੇਸ਼ ਢੁੱਕਵੀਆਂ ਹੁੰਦੀਆਂ ਹਨ। ਇੱਕ ਵਾਰੀ ਛੱਡੀਆਂ ਹੋਈਆਂ ਉਹ ਉਡਦੇ ਬਾਜਾਂ ਵਾਂਗ ਦੁਸ਼ਮਣ ਦੀ ਪਿੱਛਾ ਕਰਦਿਆਂ ਹਨ ਅਤੇ ਦੁਸ਼ਮਣ ਦਾ ਆਹਮੋ ਸਾਹਮਣੇ ਟਾਕਰਾ ਹੁੰਦੇ ਹੀ ਉਹ ਉਸਨੂੰ ਸਕੰਜੇ ਵਾਂਗ ਕਸ ਲੈਂਦੀਆਂ ਹਨ ਤੇ ਉਸਨੂੰ ਜਾਨੋਂ ਮਾਰ ਮੁਕਾਉਂਦੀਆਂ ਹਨ। ਯੁੱਧ ਅਜੇ ਜਾਰੀ ਹੈ। ਮੈਦਾਨੇ ਜੰਗ ਹੁਣ ਲੋਥਾਂ ਨਾਲ ਭਰਿਆ ਪਿਆ ਹੈ। ਬਹੁਤੀਆਂ ਦੁਸ਼ਮਣ ਫੌਜਾਂ ਹਨ, ਭਾਵੇਂ ਕੁੱਝ ਉਹਨਾਂ ਵਫ਼ਾਦਾਰ ਲੜਾਕੂਆਂ ਦੀਆਂ ਵੀ ਹਨ ਜਿਨ੍ਹਾਂ ਆਪਣੀ ਡਿਊਟੀ ਨਿਭਾਉਂਦਿਆਂ ਜਾਨ ਦੀ ਆਹੂਤੀ ਦੇ ਦਿੱਤੀ ਹੈ। ਨਾਲ ਹੀ ਤਿਆਰ ਖੜ੍ਹੀਆਂ ਸਫਾਈ-ਸੇਵਕ ਟੁਕੜੀਆਂ ਜਿੰਨ੍ਹਾਂ ਨੂੰ ਅੰਤਿਮ ਜਿੱਤ 'ਤੇ ਭੋਰਾ ਵੀ ਸ਼ੱਕ ਨਹੀਂ ਹੁੰਦਾ, ਹੁਣ ਆਪਣਾ ਕੰਮ ਸ਼ੁਰੂ ਕਰ ਦਿੰਦੀਆਂ ਹਨ। ਤੇਜੀ ਨਾਲ ਮਲਬਾ ਚੁੱਕਦੀਆਂ ਹਨ ਅਤੇ ਕੂੜ-ਕਬਾੜ ਨੂੰ ਬਾਹਰ ਸੁੱਟਦੀਆਂ ਹਨ। ਬਸ ਹੁਣ ਜੋ ਕਰਨ ਵਾਲਾ ਬਾਕੀ ਬੱਚਦਾ ਹੈ , ਉਹ ਟੁੱਟ-ਭੱਜ ਦੀ ਮੁਰੰਮਤ ਕਰਨਾ ਤੇ ਖ਼ਰਾਬ ਹੋਏ ਸਾਜੋ-ਸਮਾਨ ਦੀ ਮੁੜ ਉਸਾਰੀ।
ਇਹ ਕਿਸੇ ਕਲਪਿਤ ਯੁੱਧ ਦਾ ਚਿੱਤਰ ਨਹੀਂ ਹੈ। ਅਜਿਹੇ ਯੁੱਧ ਹਰ ਜੀਵਤਪਲ ਲੜੇ ਜਾਂਦੇ ਹਨ। ਜੇ ਇਹ ਯੁੱਧ ਸੌਖਿਆਂ ਦ੍ਰਿਸ਼ਟੀਗੋਚਰ ਨਹੀਂ ਹਨ ਤਾਂ ਇਸ ਕਰਕੇ ਕਿ ਦੁਸ਼ਮਣ , ਬਚਾਉ ਸੁਰੱਖਿਆ ਫੌਜਾਂ, ਅਸਲਾ-ਖਾਨਾ ਤੇ ਮੈਦਾਨ-ੲੇ-ਜੰਗ ਵੀ ਇਹ ਸਾਰੇ ਹੀ ਸੂਖ਼ਮ ਸਰੂਪ ਵਾਲੇ ਹਨ। ਇਹ ਯੁੱਧ ਸਾਰੇ ਦੇ ਸਾਰੇ ਸਾਡੇ ਸਰੀਰ ਅੰਦਰ ਲੜੇ ਜਾਂਦੇ ਹਨ।
ਮਨੁੱਖ ਸਭ ਤੋਂ ਜ਼ਿਆਦਾ ਵਿਕਸਤ ਜੀਵ ਹੈ ਤੇ ਇਸੇ ਲਈ ਕੁਦਰਤ ਦਾ ਪੈਦਾ ਕੀਤਾ ਹੋਇਆ ਸਭ ਤੋਂ ਸੁਯੋਗ ਅਨਕੂਲ ਜੀਵ ਸਮਝਿਆ ਜਾ ਸਕਦਾ ਹੈ। ਕੁਦਰਤ ਨੇ ਉਸਨੂੰ ਜੋ ਬੁੱਧੀ ਬਖਸ਼ੀ ਹੈ ਉਸਦੀ ਵਰਤੋਂ ਕਰਦਿਆਂ ਮਨੁੱਖਨੇ ਤਕੜਾ ਸ਼ਸ਼ਤਰਖਾਨਾ ਖੜਾ ਕਰਕੇ ਆਪਣੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰ ਲਿਆ ਹੈ। ਫਿਰ ਵੀ ਚਿੰਤਾ ਵਾਲੀ ਗੱਲ ਹੈ ਕਿ ਇਹ ਗੋਲੀ ਸਿੱਕਾ ਕਿਸੇ ਕੰਮ ਨਹੀਂ ਆਉਂਦਾ ਜਦ ਕਿ ਉਸਦੇ ਆਲੇ ਦੁਆਲੇ ਘੇਰਾ ਘੱਤੀ ਬੈਠੇ ਸੂਖਮ ਰੋਗਾਣੂਆਂ ਤੋਂ ਆਪਣੇ ਜਿਸਮ ਦੀ ਸੁਰੱਖਿਆ ਦੀ ਗੱਲ ਆਉਂਦੀ ਹੈ। ਮਨੁੱਖ ਸੂਖਮ ਜੀਵਾਣੂਆਂ ਦੇ ਇੱਕ ਸਮੁੰਦਰ ਵਿੱਚ ਤੈਰ ਰਿਹਾ ਹੈ।
ਪਰੰਤੂ ਫਿਰ ਵੀ ਕੁਦਰਤ 'ਤੇ ਝੂਰਨਾ ਵਾਜਿਬ ਨਹੀਂ ਹੋਵੇਗਾ ਕਿ ਉਹ ਸਾਡੇ ਪ੍ਰਤੀ ਨਿਰਮੋਹੀ ਹੈ। ਕਿਉਂਕਿ ਸੂਖਮ ਦੁਸ਼ਮਣਾਂ ਦੀ ਗਿਣਤੀ ਤੇ ਪਸਾਰਾ ਏਨਾ ਵਿਸ਼ਾਲ ਹੈ ਕਿ ਮਨੁੱਖ ਜਾਤੀ ਨੂੰ ਉਸੇ ਤਰਾਂ ਹੀ ਸੂਖਮ ਦੁਸ਼ਮਣਾਂ ਦੀ ਭੀੜ ਵਿੱਚ ਖੁੱਲਾ ਛੱਡ ਦਿੱਤਾ ਗਿਆ ਹੈ ਜਿਸ ਤਰ੍ਹਾਂ ਨੰਨ੍ਹੇ ਬੱਚਿਆਂ ਨੂੰ ਸੰਘਣੇ, ਹਨੇਰੇ ਤੇ ਡਰਾਉਣੇ ਜੰਗਲਾਂ ਵਿਚ ਛੱਡ ਦਿੱਤਾ ਗਿਆ ਹੋਵੇ। ਪਰੰਤੂ ਖੁਦ ਕੁਦਰਤ ਨੇ ਹੀ ਮਨੁੱਖੀ ਸਰੀਰ ਨੂੰ ਇੱਕ ਅਜਿਹਾ ਮਜਬੂਤ ਤੇ ਪ੍ਰਬੀਨ ਸੁਰੱਖਿਆ ਢਾਂਚਾ ਬਖਸ਼ਿਆ ਹੈ ਜਿਸ 'ਤੇ ਅੱਜ ਦੇ ਸਮੇਂ ਦਾ ਫੌਜੀ ਤੌਰ 'ਤੇ ਸਭ ਤੋਂ ਵਿਕਸਤ ਮੁਲਕ ਵੀ ਰਸ਼ਕ ਕਰ ਸਕਦਾ ਹੈ।
ਕਿਸੇ ਫੌਜ ਦੀ ਮੁਢਲੀ ਇਕਾਈ ਇੱਕ ਸੈਨਿਕ ਹੈ। ਕਿਸੇ ਵੀ ਚੌਕਸ ਫੌਜ ਦਾ ਨਿਰੰਤਰ ਰੰਗਰੂਟ ਭਰਤੀ ਦਾ ਪ੍ਰੋਗਰਾਮ ਜਾਰੀ ਰਹਿੰਦਾ ਹੈ। ਨਵੇਂ ਰੰਗਰੂਟ ਨੂੰ ਜਿਸਮਾਨੀ ਤੌਰ 'ਤੇ ਤੰਦਰੁਸਤ ਬਣਾਉਂਣਾ ਤੇ ਉਸਨੂੰ ਜਾਬਤੇ ਦੀ ਆਮ ਸੂਝ ਬੂਝ ਨਾਲ ਲੈਸ ਕਰਨਾ ਹੁੰਦਾ ਹੈ, ਆਧੁਨਿਕ ਨਵੀਨਤਮ ਹਥਿਆਰਾਂ ਦੀ ਜਾਣਕਾਰੀ 'ਤੇ ਉਨ੍ਹਾਂ ਦੀ ਵਰਤੋਂ ਸਿਖਾਕੇ ਲੜਾਈ ਲਈ ਤਿਆਰ ਕਰਨਾ ਹੁੰਦਾ ਹੈ। ਆਧੁਨਿਕ ਫੌਜਾਂ ਬਹੁ-ਪੱਖੀ ਹੁੰਦੀਆਂ ਹਨ। ਉਹਨਾਂ ਅੰਦਰ ਕੇਵਲ ਜ਼ਮੀਨੀ, ਸਮੁੰਦਰੀ ਤੇ ਹਵਾਈ ਜੰਗ ਲੜਨ ਲਈ ਹੀ ਤਿੰਨ ਵਿੰਗ ਨਹੀ ਹੁੰਦੇ ਸਗੋਂ ਵਧੇਰੇ ਵਿਸ਼ੇਸ਼ ਮੁਹਾਰਤ ਵਾਲੀਆਂ ਟੁਕੜੀਆਂ ਵੀ ਹੁੰਦੀਆਂ ਹਨ ਜਿਵੇਂ ਤੋਪਖਾਨਾ ਟੁਕੜੀ, ਸੰਕੇਤ ਸੂਚਨਾ ਟੁਕੜੀ, ਇੰਜੀਨੀਅਰ ਟੁਕੜੀ, ਸਮੁੰਦਰੀ ਹਵਾਈ ਟੁਕੜੀ, ਛਾਤਾਧਾਰੀ ਸੈਨਿਕ ਤੇ ਕਮਾਂਡੋ ਸੈਨਿਕ ਟੁਕੜੀ। ਗਰੈਜੂਏਟ ਸਿਖਾਂਦਰੂ ਨੂੰ ਉਸਦੀ ਆਖਰੀ ਤਾਇਨਾਤੀ ਮੁਤਾਬਕ ਕਿਸੇ ਇੱਕ ਵਿਸ਼ਿਸ਼ਟ ਕਾਰਜ ਦੀ ਉੱਚ ਸਿਖਲਾਈ ਦਿੱਤੀ ਜਾਂਦੀ ਹੈ।
ਸਿਖਲਾਈ ਯਾਫਤਾ ਲੈਸ ਸੈਨਿਕ ਨੂੰ ਕਿਸੇ ਨਿਆਸਰੇ ਯੋਧੇ ਵਾਂਗ ਇਕੱਲਿਆਂ ਹੀ ਨਹੀਂ ਛੱਡਿਆ ਜਾ ਸਕਦਾ। ਕਾਰਗਰ ਸੁਰੱਖਿਆ ਲਈ ਜੁਆਨਾਂ ਨੂੰ ਪਲਟਨਾਂ, ਕੰਪਨੀਆਂ, ਬਟਾਲੀਅਨਾਂ ਤੇ ਬ੍ਰਿਗੇਡਾਂ ਦੇ ਉਚਿੱਤ ਆਕਾਰਾਂ 'ਚ ਵੰਡਿਆ ਜਾਂਦਾ ਹੈ। ਫੌਜੀ ਛਾਉਣੀਆਂ ਅਹਿਮ ਟਿਕਾਣਿਆਂ 'ਤੇ ਬਣਾਈਆਂ ਜਾਂਦੀਆਂ ਹਨ। ਸਾਰੀਆਂ ਸਰਹੱਦਾਂ ਅਤੇ ਦੁਸ਼ਮਣ ਦੀ ਸੰਭਾਵੀ ਘੁਸਪੈਠ ਵਾਲੇ ਟਿਕਾਣਿਆਂ 'ਤੇ ਨਿਰੰਤਰ ਚੌਕਸੀ ਰੱਖਣੀ ਪੈਂਦੀ ਹੈ। ਇਨ੍ਹਾਂ ਸਾਰੀਆਂ ਟੁਕੜੀਆਂ ਦੀਆਂ ਸਰਗਰਮੀਆਂ ਤੇ ਯੁੱਧ ਤਿਆਰੀਆਂ ਉੱਪਰ ਕੇਂਦਰੀ-ਕਮਾਂਡ ਵੱਲੋਂ ਨਿਗਾਦਾਰੀ ਕੀਤੀ ਜਾਂਦੀ ਹੈ। ਕੇਂਦਰੀ ਕਮਾਂਡ ਸਮੇਂ ਸਮੇਂ ਸਿਰ ਸਾਰੀਆਂ ਦੂਰ-ਦੁਰਾਡੇ ਦੀਆਂ ਟੁਕੜੀਆਂ ਨੂੰ ਉਨ੍ਹਾਂ ਦੀਆਂ ਡਿਊਟੀਆਂ ਸੰਬੰਧੀ ਹਦਾਇਤਾਂ ਜਾਰੀ ਕਰਦੀ ਹੈ।
ਦੁਸ਼ਮਣ ਦੀ ਪਹਿਚਾਣ
ਕਿਸੇ ਵੀ ਚੰਗੀ ਜਥੇਬੰਦ ਨਿਪੁੰਨ ਫੌਜ ਦਾ ਢਾਂਚਾ ਅਜਿਹਾ ਹੀ ਹੋਵੇਗਾ। ਪਰੰਤੂ ਸਾਡੇ ਜਿਸਮ ਦੇ ਸੁਰੱਖਿਆ ਢਾਂਚੇ ਅੰਦਰ ਵੀ ਇਹ ਸਾਰੇ ਲੱਛਣ ਵੀ ਮੌਜੂਦ ਹਨ ਤੇ ਸਗੋਂ ਇਸ ਤੋਂ ਵੀ ਕੁੱਝ ਹੋਰ ਵਧੇਰੇ ਹਨ।
ਸਾਡੀ ਇਸ ਫੌਜ ਦੇ ਸੰਤਰੀ, ਪਹਿਰੇਦਾਰ ਹਨ - ਲਿੰਫ-ਕਣ ( ਲਿੰਫੋਸਾਈਟਸ ) ਜਿਹੜੇ ਖੂਨ ਅੰਦਰਲੇ ਸਫੈਦ ਰਕਤਾਣੂਆਂ ਦੀ ਇੱਕ ਕਿਸਮ ਹੈ। ਜਦ ਇਹ ਪੂਰਨ ਸਿਖਲਾਈ ਯਾਫਤਾ ਹੋ ਜਾਂਦੇ ਹਨ ਤੇ ਸਰਗਰਮ ਕਾਰਵਾਈ ਲਈ ਤਿਆਰ ਹੁੰਦੇ ਹਨ ਤਾਂ ਇਹ ਇੱਕੋ ਇਕਹਿਰੇ ਲੱਛਣ ਨਾਲ ਲੈਸ ਹੁੰਦੇ ਹਨ ਜਿਹੜਾ ਇੰਨ੍ਹਾਂ ਨੂੰ ਆਪਣੇ ਤੇ ਪਰਾਏ ਦੀ ਪਹਿਚਾਣ ਕਰਨ ਦੀ ਆਗਿਆ ਦਿੰਦਾ ਹੈ। ਉਨ੍ਹਾਂ ਦਾ ਇਹ ਲੱਛਣ, ਤੂੜੀ 'ਚੋਂ ਦਾਣੇ ਅਤੇ ਜਹਿਰ 'ਚੋਂ ਭੋਜਨ ਅੱਡ ਕਰਨ ਦੇ ਸਮਰੱਥ ਬਣਾਉਂਦਾ ਹੈ ਜਾਂ ਇਹ ਕਹਿ ਲਵੋ ਕਿ ਦੁਸ਼ਮਣਾਂ ਵਿੱਚੋਂ ਮਿੱਤਰ ਛਾਂਟਣ ਦੇ ਸਮਰੱਥ ਬਣਾਉਂਦਾ ਹੈ। ਨਾਮਵਰ ਆਸਟ੍ਰੇਲੀਅਨ ਨੋਬੇਲ ਪੁਰਸਕਾਰ ਵਿਜੇਤਾ ਵਿਗਿਆਨੀ ਸਰ ਫਰੈਂਕ ਮੈਕਫਾਰਲੇਨ ਬਾਰਨ ( 1899-1985 ) ਨੇ ਸਭ ਤੋਂ ਪਹਿਲਾਂ ਉਨ੍ਹਾਂ ਗੁੱਝੇ ਢੰਗ ਤਰੀਕਿਆਂ ਦੀ ਵਿਆਖਿਆ ਕੀਤੀ ਜਿੰਨ੍ਹਾਂ ਰਾਹੀਂ ਇਹ ਜਿਸਮਾਨੀ ਫੌਜੀ ਇਹ ਜਾਨਣ ਦੇ ਸਮਰੱਥ ਬਣਦੇ ਹਨ ਕਿ ਨਵਾਂ ਅਜਨਬੀ ਮਹਿਮਾਨ ਮਿੱਤਰ ਹੈ ਜਾਂ ਮਾੜੇ ਇਰਾਦੇ ਨਾਲ ਅੰਦਰ ਵੜਿਆ ਹੈ। ਉਸਨੇ ਆਪਣੇ ਅਤੇ ਪਰਾਏ ਦਾ ਸਿਧਾਂਤ ਪੇਸ਼ ਕੀਤਾ ਜਿਹੜਾ ਜਿਸਮਾਨੀ ਫੌਜੀ ਜਵਾਨਾਂ ਦੀ ਅਗਵਾਈ ਕਰਦਾ ਹੈ। ਆਪਣੇ ਅਤੇ ਪਰਾਏ ਦੀ ਪਹਿਚਾਣ ਇੱਕ ਵਿਲੱਖਣ ' ਪਹਿਚਾਣ ਪੱਤਰ ਫੀਤੀ ' ਦੇ ਆਧਾਰ 'ਤੇ ਕੀਤੀ ਜਾਂਦੀ ਹੈ ਜਿਹੜੀ ਹਰ ਜੀਵ ਤੇ ਨਿਰਜੀਵ ਪਦਾਰਥ, ਹਰ ਜੀਵ ਤੇ ਨਿਰਜੀਵ ਵਸਤੂ ਦੇ ਮੋਢੇ 'ਤੇ ਲੱਗੀ ਹੁੰਦੀ ਹੈ। ਇਹ ਪਹਿਚਾਣ ਪੱਤਰ ਫੀਤੀ ਇੱਕ ਅਣੂ-ਤਰਤੀਬ ਦੇ ਰੂਪ ਵਿੱਚ ਹੁੰਦੀ ਹੈ ਜਿਹੜੀ ਹਰ ਵਸਤੂ, ਪਦਾਰਥ ਦੀ ਆਪਣੀ ਵਿਸ਼ੇਸ਼ ਹੁੰਦੀ ਹੈ, ਹੋਰ ਕਿਸੇ ਦੀ ਨਹੀਂ।
ਵਿਗਿਆਨਕ ਸ਼ਬਦਾਵਲੀ ਵਿੱਚ ਕਿਸੇ ਵੀ ਪਦਾਰਥ ਦੇ ਇਸ ਵਸ਼ਿਸ਼ਟ ਚਿੰਨ੍ਹ ਨੂੰ ਐਂਟੀਜਨ ਕਿਹਾ ਜਾਂਦਾ ਹੈ।
ਕੋਸ਼ਿਕਾਵਾਂ ਦੀ ਇੱਕ ਹੋਰ ਕਿਸਮ ਹੈ ਮੈਕਰੋਫੇਗਸ ਜਿਸਦਾ ਸ਼ਬਦੀ ਅਰਥ ਹੈ ਵੱਡ ਆਕਾਰੀ ਮਾਸਖੋਰੇ ਜਿਹੜੇ ਇਸ ਪਹਿਚਾਣ ਪਰੇਡ ਵਿੱਚ ਲਿੰਫ-ਕਣਾਂ ਦੀ ਮੱਦਦ ਕਰਦੇ ਹਨ। ਉਹ ਦਾਖਲ ਹੋਣ ਵਾਲੀ ਵਸਤੂ ਨੂੰ ਘੇਰ ਲੈਂਦੇ ਹਨ ਅਤੇ ਆਪਣੀ ਪਹਿਚਾਣ ਫੀਤੀ ਦੇ ਨਾਲ ਸਟਵੀਂ ਉਸ ਵਸਤੂ ਦੀ ਸਿਰਫ ਪਹਿਚਾਣ-ਫੀਤੀ ਹੀ ਦਿਖਾਉਂਦੇ ਹਨ। ਗਸ਼ਤ ਕਰ ਰਹੇ ਲਿੰਫ-ਕਣ ਕਿਸੇ ਫੈਸਲੇ 'ਤੇ ਪਹੁੰਚਣ ਤੋਂ ਪਹਿਲਾਂ ਇੱਕੋ ਵੇਲ਼ੇ ਦੋਵੇਂ ਪਹਿਚਾਣ-ਫੀਤੀਆਂ ਨੂੰ ਪੜ੍ਹ ਲੈਂਦੇ ਹਨ। ਐਂਟੀਜਨ (ਪਹਿਚਾਣ-ਫੀਤੀ) ਪੇਸ਼ ਕਰਨ ਵਾਲੀ ਕੋਸ਼ਿਕਾ ਦੇ ਮੋਢੇ ਦੀ ਸਵੈ ਐਂਟੀਜਨ (ਫੀਤੀ) ਦੀ ਗੈਰਹਾਜ਼ਰੀ ਵਿੱਚ ਲਿੰਫ-ਕਣਾਂ ਲਈ ਅਜਨਬੀ ਦੀ ਅਸਲੀ ਪਹਿਚਾਣ ਦਾ ਫੈਸਲਾ ਕਰਨਾ ਸੰਭਵ ਨਹੀਂ ਹੁੰਦਾ।
ਇਹ ਐਂਟੀਜਨ (ਫੀਤੀ) ਪੇਸ਼ ਕਰਨ ਵਾਲੀ ਕੋਸ਼ਿਕਾ ਵੱਲੋਂ ਦਿੱਤਾ ਗਿਆ ਗੁਪਤ ਸੰਕੇਤ ਹੀ ਹੈ ਤਾਂ ਕਿ ਗਸ਼ਤ ਕਰ ਰਹੀ ਟੁਕੜੀ ਨੂੰ ਯਕੀਨ ਹੋ ਜਾਵੇ ਕਿ ਉਸਨੂੰ ਦਿੱਤੀ ਜਾ ਰਹੀ ਇਤਲਾਹ ਸਹੀ ਹੈ।
ਉੱਚ ਸਿਖਲਾਈ ਯਾਫਤਾ ਸੈਨਿਕ
ਸਰੀਰ ਦੇ ਫੌਜੀ ਜਵਾਨਾਂ ਲਈ ਭਰਤੀ ਕੇਂਦਰ - 'ਹੱਡੀ ਮਿੱਝ' , ਦਲ਼ੀਏ ਵਰਗਾ ਇੱਕ ਪਦਾਰਥ ਹੈ ਜਿਹੜਾ ਹੱਡੀਆਂ ਦੇ ਖੋਖਲ਼ੇ ਢਾਂਚੇ ਅੰਦਰ ਮੌਜੂਦ ਹੁੰਦਾ ਹੈ।
ਇਹ ਖੂਨ ਅੰਦਰਲੀਆਂ ਸਾਰੀਆਂ ਕਿਸਮਾਂ ਦੀਆਂ ਕੋਸ਼ਿਕਾਵਾਂ ਦੀ ਜਣਨੀ ਹੈ। ਖੂਨ ਦੀਆਂ ਸਾਰੀਆਂ ਸਫੈਦ ਕੋਸ਼ਿਕਾਵਾਂ ਦੀ ਜਣਨੀ, ਹੱਡੀ-ਮਿੱਝ ਅੰਦਰਲੀ ਬਹੁਭਾਂਤੀ ਵੰਸ਼ ਕੋਸ਼ਿਕਾ ਹੁੰਦੀ ਹੈ। ਜਿਵੇਂ ਕਿ ਇਸ ਦੇ ਨਾਂਅ ਤੋਂ ਹੀ ਸਪੱਸ਼ਟ ਹੈ ਕਿ ਇਹ ਵਧੇਰੇ ਕਿਸਮਾਂ ਵਿੱਚ ਵਿਕਸਤ ਹੋਣ ਦੀ ਸਮਰੱਥਾ ਰੱਖਦੀ ਹੈ। ਇਹਨਾਂ ਵਿੱਚੋਂ ਕੁੱਝ ' ਲਿੰਫੋਆਇਡ ' ਵੰਸ਼ ਕੋਸ਼ਿਕਾਵਾਂ ਬਣ ਜਾਂਦੀਆਂ ਹਨ ਅਤੇ ਹੋਰ ' ਮੀਲਿਆਡ ' ਵੰਸ਼ ਕੋਸ਼ਿਕਾਵਾਂ ਵਿੱਚ ਵਟ ਜਾਂਦੀਆਂ ਹਨ ਜਿਹੜੀਆਂ ਅੱਗੇ ਕੋਸ਼ਿਕਾਵਾਂ ਦੇ ਕਈ ਵਰਗਾਂ ਵਿੱਚ ਵਿਕਸਤ ਹੋ ਜਾਂਦੀਆਂ ਹਨ ਜਿਵੇਂ 'ਮਾਸਟ' ਕੋਸ਼ਿਕਾਵਾਂ, ਮੈਕਰੋਫੇਗਸ ਕੋਸ਼ਿਕਾਵਾਂ ਤੇ ਹੋਰ। ਇਹ ਸਾਰੀਆਂ ਕੋਸ਼ਿਕਾਵਾਂ ਜਿਸਮ ਦੀ ਪ੍ਰਣਾਲੀ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਦੀਆਂ ਹਨ ਭਾਂਵੇ ਕੇਂਦਰੀ ਭੂਮਿਕਾ ਲਿੰਫ ਕੋਸ਼ਿਕਾਵਾਂ ਦੀ ਹੀ ਹੁੰਦੀ ਹੈ।
ਲਿੰਫ ਕੋਸ਼ਿਕਾਵਾਂ ਦੇ ਹੱਡੀ-ਮਿੱਝ ਤੋਂ ਬਾਹਰ ਆਉਣ ਤੋਂ ਪਹਿਲਾਂ ਪਹਿਲਾਂ ਉਨ੍ਹਾਂ ਨੂੰ ਉਹਨਾਂ ਸਾਰੇ ਪੜਾਵਾਂ ਵਿਚਦੀ ਲੰਘਾਇਆ ਜਾਂਦਾ ਹੈ ਜਿਹੜੇ ਉਹਨਾਂ ਨੂੰ ਫੌਜੀ ਸੈਨਿਕਾਂ ਵਿੱਚ ਢਾਲ ਦਿੰਦੇ ਹਨ। ਆਮ ਸਿਖਲਾਈ ਉਹਨਾਂ ਨੂੰ ਅਜਿਹੇ ਲੱਛਣਾਂ ਨਾਲ ਲੈਸ ਕਰ ਦਿੰਦੀ ਹੈ ਜਿਹੜੇ ਉਸਨੂੰ ਸੁਰੱਖਿਆ ਤਾਣੇ-ਬਾਣੇ ਦਾ ਇੱਕ ਅਹਿਮ ਅੰਗ ਬਣਾ ਦਿੰਦੇ ਹਨ। ਯੁੱਧ ਲੜਨ ਖਾਤਰ ਜਾਬਤਾ, ਸਰੀਰਕ ਤੰਦਰੁਸਤੀ ਤੇ ਛੋਟੀ ਮੋਟੀ ਝੜਪ ਸੰਬੰਧੀ ਜਾਣਕਾਰੀ ਦੇਣ ਵਾਲੀ ਆਮ ਸਿਖਲਾਈ ਹੀ ਕਾਫ਼ੀ ਨਹੀਂ ਹੁੰਦੀ। ਆਧੁਨਿਕ ਫੌਜ ਕੋਲ ਵਿਸ਼ੇਸ਼ ਕਾਰਜ ਕਰਨ ਖਾਤਰ ਵਿਸ਼ੇਸ਼ ਮੁਹਾਰਤ ਟੁਕੜੀਆਂ ਹੁੰਦੀਆਂ ਹਨ, ਜਿੰਨ੍ਹਾਂ ਲਈ ਉਹ ਢੁੱਕਦੀ ਤਰ੍ਹਾਂ ਲੈਸ ਹੁੰਦੀਆਂ ਹਨ। ਲੋੜ ਅਨੁਸਾਰ ਕੁੱਝ ਟੁਕੜੀਆਂ ਜਰ੍ਹਾ-ਬਖਤਰ ਯੁੱਧ ਵਿੱਚ ਮਾਹਿਰ ਹੁੰਦੀਆਂ ਹਨ, ਕੁੱਝ ਸੰਚਾਰ ਵਿੱਚ ਤੇ ਕੁੱਝ ਹੋਰ ਲੰਬੀ ਦੂਰੀ ਦੀਆਂ ਮਿਜਾਇਲਾਂ ਨੂੰ ਚਲਾਉਣ ਵਾਲੀਆਂ।
ਜਿਸਮ ਦੀਆਂ ਹਥਿਆਰਬੰਦ ਫੌਜਾਂ ਵੀ ਇਸੇ ਤਰ੍ਹਾਂ ਹੀ ਹਨ। ਉਹ ਵੀ ਘੱਟੋ-ਘੱਟ ਦੋ ਵੱਡੀਆਂ ਤੇ ਕਈ ਛੋਟੀਆਂ ਵਿਸ਼ੇਸ਼ ਮੁਹਾਰਤ ਵਾਲੀਆਂ ਟੁਕੜੀਆਂ ਵਿੱਚ ਜਥੇਬੰਦ ਹੁੰਦੀਆਂ ਹਨ। ਹੱਡੀ-ਮਿੱਝ ਅੰਦਰ ਜਵਾਨ ਹੋਈਆਂ ਲਿੰਫ ਕੋਸ਼ਿਕਾਵਾਂ ਦੀ ਉਚੇਰੀ ਸਿਖਲਾਈ ਲਈ ਦੋ ਕੇਂਦਰ ਹਨ। ਪੰਛੀਆਂ ਅੰਦਰ ਇਹਨਾਂ ਵਿਚੋਂ ਇੱਕ ਕੇਂਦਰ ਹੁੰਦਾ ਹੈ ਜਿਸਨੂੰ ਤੰਤੂ-ਪੋਟਾ ਕਿਹਾ ਜਾਂਦਾ ਹੈ। ਥਣ-ਧਾਰੀਆਂ ਅੰਦਰ ਇਹ ਅੰਗ ਗਾਇਬ ਹੈ। ਫਿਰ ਵੀ ਮਨੁੱਖ ਸਮੇਤ ਇਹਨਾਂ ਜੀਵਾਂ ਅੰਦਰ ਇਸ ਅੰਗ ਵਾਂਗ ਹੀ ਕਾਰਜਸ਼ੀਲ ਕੇਂਦਰ ਮੌਜੂਦ ਹੈ। ਭਾਵੇਂ ਇਸਦੀ ਪੱਕੀ ਪਹਿਚਾਣ 'ਤੇ ਸਰਵ ਸਹਿਮਤੀ ਨਹੀਂ ਹੈ ਫਿਰ ਵੀ ਵਿਗਿਆਨੀਆਂ ਅੰਦਰ ਭਾਰੂ ਵਿਚਾਰ ਹੈ ਕਿ ਇਹ ਕੇਂਦਰ ਹੱਡੀ-ਮਿੱਝ ਖੁਦ ਹੀ ਹੈ ਤੇ ਉਹ ਕੋਸ਼ਿਕਾਵਾਂ ਜਿਹੜੀਆਂ ਇਸ ਕੇਂਦਰ ਅੰਦਰ ਉਚੇਰੀ ਸਿਖਲਾਈ ਹਾਸਿਲ ਕਰਦੀਆਂ ਹਨ, ਬੀ-ਲਿੰਫ ਕੋਸ਼ਿਕਾਵਾਂ ਬਣ ਜਾਂਦੀਆਂ ਹਨ।
ਉਚੇਰੀ ਸਿਖਲਾਈ ਦਾ ਦੂਸਰਾ ਸਕੂਲ ਹੈ ਥਾਈਮਸ ਗ੍ਰੰਥੀ, ਜਿਹੜਾ ਦਿਲ ਦੇ ਆਲੇ ਦੁਆਲੇ ਸਟਿਆ ਇੱਕ ਸਫੈਦ ਰੰਗ ਦਾ ਦੋ ਬੁੱਲ੍ਹੀਆਂ ਵਾਲਾ ਅੰਗ ਹੈ। ਜਨਮ ਸਮੇਂ ਇਹ ਵਾਹਵਾ ਆਕਾਰ ਦਾ ਹੁੰਦਾ ਹੈ ਪਰ ਬਾਲਗ ਅਵਸਥਾ ਤੱਕ ਇਹ ਹੌਲੀ-ਹੌਲੀ ਆਕਾਰ ਵਿੱਚ ਛੋਟਾ ਹੁੰਦਾ ਜਾਂਦਾ ਹੈ। ਜਿਹੜੀਆਂ ਕੋਸ਼ਿਕਾਵਾਂ ਥਾਈਮਸ ਵਿੱਚੋਂ ਹੋ ਕੇ ਲੰਘਦੀਆਂ ਹਨ ਉਹ ਟੀ-ਲਿੰਫ ਕੋਸ਼ਿਕਾਵਾਂ ਬਣ ਜਾਂਦੀਆਂ ਹਨ।
ਇਹਨਾਂ ਦੋਵੇਂ ਟੁਕੜੀਆਂ ਦੀ ਕਾਰਜ ਸਰਗਰਮੀ ਬਿਲਕੁਲ ਵੱਖਰੀ ਵੱਖਰੀ ਹੈ। ਇਹ ਦੋਵੇਂ ਕੋਸ਼ਿਕਾਵਾਂ ਵਿਸ਼ੇਸ਼ ਕਰਕੇ ਆਪਣੇ ਉੱਪਰ ਲੱਗੀਆਂ ਅਣੂ-ਸੰਵੇਦੀ ਪੱਟੀਆਂ ਪੱਖੋਂ ਮੂਲ਼ੋਂ ਹੀ ਭਿੰਨ-ਭਿੰਨ ਹਨ।
ਲਿੰਫ ਕੋਸ਼ਿਕਾਵਾਂ ਦੀ ਇੱਕ ਤੀਜੀ ਵੰਨਗੀ ਵੀ ਹੈ ਜਿਸਦੇ ਲੱਛਣ ਨਾ ਟੀ-ਲਿੰਫ ਕੋਸ਼ਿਕਾ ਨਾਲ ਤੇ ਨਾ ਹੀ ਬੀ-ਲਿੰਫ ਕੋਸ਼ਿਕਾਵਾਂ ਨਾਲ ਮਿਲਦੇ ਹਨ। ਇਹਨਾਂ ਸਾਰੀਆਂ ਤਿੰਨਾਂ ਵੰਨਗੀਆਂ ਦੇ ਕੁੱਝ ਨਿਸਚਿਤ ਸਾਂਝੇ ਲੱਛਣ ਹਨ ਜਿਸ ਕਰਕੇ ਇਹਨਾਂ ਨੂੰ ਲਿੰਫ ਕੋਸ਼ਿਕਾਵਾਂ ਦੇ ਵਰਗ ਵਿੱਚ ਰੱਖਿਆ ਗਿਆ ਹੈ। ਪਰੰਤੂ ਇਹਨਾਂ ਵਿੱਚੋਂ ਹਰ ਇੱਕ ਦੀ ਆਪਣੀ ਵਾਧੂ ਵੱਖਰੀ ਨਿਸ਼ਾਨੀ ਵੀ ਹੈ। ਇਹ ਇੰਞ ਹੀ ਹੈ ਜਿਵੇਂ ਇੱਕ ਛਾਤਾਧਾਰੀ ਸੈਨਿਕ ਦੇ ਮੋਢਿਆਂ ਉੱਪਰ ਥਲ ਸੈਨਾ ਜਾਂ ਹਵਾਈ ਸੈਨਾ ਦੇ ਤਲਵਾਰਾਂ ਦੇ ਕਰਾਸ ਨਿਸ਼ਾਨ ਤੋਂ ਬਿਨਾਂ ਹੋਰ ਵਾਧੂ ਫੀਤੀ ਲੱਗੀ ਹੁੰਦੀ ਹੈ।
ਵਿਸ਼ੇਸ਼ ਮੁਹਾਰਤ ਯੁਕਤ ਟੁਕੜੀਆਂ
ਇੱਕ ਔਸਤ ਮਨੁੱਖੀ ਬਾਲਗ ਅੰਦਰ ਲੱਗਭਗ ਇੱਕ ਖਰਬ ਲਿੰਫ ਕੋਸ਼ਿਕਾਵਾਂ ਹੁੰਦੀਆਂ ਹਨ। ਇਹ ਅੰਦਾਜਨ ਕੁੱਲ ਸਰੀਰਕ ਭਾਰ ਦਾ ਦੋ ਫ਼ੀਸਦੀ ਬਣਦਾ ਹੈ। ਸਰੀਰ ਅੰਦਰਲੇ ਖੂਨ ਦੀਆਂ ਕੁੱਲ ਕੋਸ਼ਿਕਾਵਾਂ ਦਾ ਪੰਜਵਾਂ ਹਿੱਸਾ ਲਿੰਫ ਕੋਸ਼ਿਕਾਵਾਂ ਹੁੰਦੀਆਂ ਹਨ। ਵਿਸ਼ੇਸ਼ ਮੁਹਾਰਤ ਯੁਕਤ ਟੁਕੜੀਆਂ ਦਾ ਅਨੁਪਾਤ ਵੱਖਰੋ ਵੱਖਰਾ ਹੈ ਪਰੰਤੂ ਕੁੱਲ ਲਿੰਫ ਕੋਸ਼ਿਕਾਵਾਂ ਦਾ ਪੰਜ ਫ਼ੀਸਦੀ ਤੋਂ ਪੰਦਰਾਂ ਫ਼ੀਸਦੀ ਬੀ-ਕੋਸ਼ਿਕਾਵਾਂ ਹੁੰਦੀਆਂ ਹਨ, 65% ਤੋਂ 75% ਤੱਕ ਟੀ-ਕੋਸ਼ਿਕਾਵਾਂ ਹੁੰਦੀਆਂ ਹਨ ਤੇ ਬਾਕੀ ਬੱਚਦੀਆਂ 20% ਤੀਜੀ ਕਿਸਮ ਦੀਆਂ ਕੋਸ਼ਿਕਾਵਾਂ ਹੁੰਦੀਆਂ ਹਨ।
ਮੂਲ ਰੂਪ ਵਿੱਚ ਟੀ-ਕੋਸ਼ਿਕਾਵਾਂ ਵਧੇਰੇ ਬਹੁਪੱਖੀ ਸਮਰੱਥਾ ਵਾਲੀਆਂ ਹੁੰਦੀਆਂ ਹਨ। ਜਦਕਿ ਬੀ-ਕੋਸ਼ਿਕਾਵਾਂ ਦੋਇਮ ਦਰਜੇ ਦੀ ਭੂਮਿਕਾ ਨਾਲ ਸੰਤੁਸ਼ਟ ਰਹਿੰਦੀਆਂ ਹਨ, ਭਾਵੇਂ ਉਹਨਾਂ ਦੀ ਵੀ ਬਰਾਬਰ ਦੀ ਅਹਿਮ ਭੂਮਿਕਾ ਹੁੰਦੀ ਹੈ। ਟੀ-ਕੋਸ਼ਿਕਾਵਾਂ ਨਾ ਸਿਰਫ਼ ਅਜਨਬੀ ਮਹਿਮਾਨ (ਭਾਵੇਂ ਆਪਣਾ ਹੈ ਜਾਂ ਪਰਾਇਆ) ਦੇ ਪਹਿਚਾਣ ਪੱਤਰ ਦੀ ਘੋਖ-ਪੜਤਾਲ ਵਿੱਚ ਮੈਕਰੋਫੇਗਸ ਕੋਸ਼ਿਕਾਵਾਂ ਨੂੰ ਸਹਿਯੋਗ ਹੀ ਦਿੰਦੀਆਂ ਹਨ ਕਿ ਉਹ ਆਪਣਾ ਹੈ ਜਾਂ ਪਰਾਇਆ ਸਗੋਂ ਅਜਨਬੀ ਦੇ ਮਾੜੇ ਇਰਾਦੇ ਜਾਹਿਰ ਹੁੰਦਿਆਂ ਹੀ, ਪਲਕ ਝਪਕਦੇ ਹੀ ਉਹ ਸਰਗਰਮ ਹੋ ਜਾਂਦੀਆਂ ਹਨ।
ਅਜਿਹੀਆਂ ਸਰਗਰਮ ਟੀ-ਕੋਸ਼ਿਕਾਵਾਂ ਦਾ ਇੱਕ ਝੁੰਡ ਉਨ੍ਹਾਂ ਬੀ-ਕੋਸ਼ਿਕਾਵਾਂ ਦੀ ਭਾਲ਼ ਵਿੱਚ ਨਿਕਲ ਪੈਂਦਾ ਹੈ ਜਿਹੜੀਆਂ ਉਸ ਜਾਦੂਈ ਗੋਲੀ, ਜਿਸਨੇ ਦੁਸ਼ਮਣ ਨੂੰ ਚੁਣ ਚੁਣ ਕੇ ਫੁੰਡਣਾ ਹੈ, ਦੇ ਖਾਕੇ ਨਾਲ ਲੈਸ ਹੁੰਦੀਆਂ ਹਨ। ਇਹ ਟੀ-ਕੋਸ਼ਿਕਾਵਾਂ ਇਹਨਾਂ ਬੀ-ਕੋਸ਼ਿਕਾਵਾਂ ਤੱਕ ਪਹੁੰਚਦੀਆਂ ਹਨ ਤੇ ਉਨ੍ਹਾਂ ਨੂੰ ਨਿਸ਼ਾਨਾ ਸੇਧਤ ਮਿਜਾਇਲਾਂ - ਜਿੰਨ੍ਹਾਂ ਨੂੰ ਐਂਟੀ-ਬਾਡੀਜ਼ (ਰੋਗਾਣੂ ਨਾਸ਼ਕ ਕਣ) ਕਿਹਾ ਜਾਂਦਾ ਹੈ - ਬਣਾਉਣ ਵਿੱਚ ਉਨ੍ਹਾਂ ਦੀ ਸਰਗਰਮ ਮੱਦਦ ਕਰਦੀਆਂ ਹਨ। ਇਹਨਾਂ ਕੋਸ਼ਿਕਾਵਾਂ ਨੂੰ ਸਹਾਇਕ ਟੀ ਕੋਸ਼ਿਕਾਵਾਂ ਕਿਹਾ ਜਾਂਦਾ ਹੈ।
ਟੀ ਕੋਸ਼ਿਕਾਵਾਂ ਦੀ ਇੱਕ ਹੋਰ ਦੂਸਰੀ ਕਿਸਮ ਜਿਹੜੀਆਂ ਆਪਣੇ ਲੱਕ ਦੁਆਲੇ ਮਾਰੂ ਹਥਿਆਰ ਲਪੇਟ ਕੇ, ਮੋਰਚਾਬੰਦੀ ਕਰੀ ਬੈਠੇ ਦੁਸ਼ਮਣ 'ਤੇ ਅਚਨਚੇਤੀ ਆਤਮਘਾਤੀ ਹਮਲਾ ਕਰਨ ਲਈ ਕਮਰਕੱਸੇ ਕੱਸਦੀਆਂ ਹਨ। ਉਹਨਾਂ ਨੂੰ ਮਾਰੂ ਟੀ-ਕੋਸ਼ਿਕਾਵਾਂ ਕਿਹਾ ਜਾਂਦਾ ਹੈ।
ਟੀ-ਕੋਸ਼ਿਕਾਵਾਂ ਦੀ ਹੀ ਇੱਕ ਹੋਰ ਕਿਸਮ ਹੈ ਜਿਹੜੀ ਇਹ ਯਕੀਨੀ ਬਣਾਉਦੀ ਹੈ ਕਿ ਨਾ ਸਹਾਇਕ ਟੀ-ਕੋਸ਼ਿਕਾਵਾਂ ਤੇ ਨਾ ਹੀ ਮਾਰੂ ਟੀ-ਕੋਸ਼ਿਕਾਵਾਂ ਲੋੜੋਂ ਵਧੇਰੇ ਉਤੇਜਕ ਹੋ ਜਾਣ। ਉਹ ਇੱਕ ਸੰਤੁਲਨ ਬਣਾ ਕੇ ਰਖਦੀਆਂ ਹਨ ਤਾਂ ਜੋ ਯੁੱਧ ਸਰਗਰਮੀ ਦਾ ਸਹੀ ਸਮਤੋਲ ਬਣਿਆ ਰਹੇ। ਉਹ ਆਪਣੀ ਜਾਤੀ ਦੀਆਂ ਕੋਸ਼ਿਕਾਵਾਂ ਨੂੰ ਵੀ ਝਟਕਾਉਣ ਤੋਂ ਨਹੀਂ ਝਿਜਕਦੀਆਂ ਜੇ ਉਹ ਅੰਨ੍ਹੇ-ਵਾਹ ਬੇਕਾਬੂ ਪਾਗਲ ਹੁੰਦੀਆਂ ਜਾਪਣ। ਇਹਨਾਂ ਕੋਸ਼ਿਕਾਵਾਂ ਨੂੰ ਦਬਾਊ ਟੀ-ਕੋਸ਼ਿਕਾਵਾਂ ਕਿਹਾ ਜਾਂਦਾ ਹੈ।
ਆਮ ਤੌਰ 'ਤੇ ਸਹਾਇਕ ਟੀ ਤੇ ਦਬਾਊ ਟੀ-ਕੋਸ਼ਿਕਾਵਾਂ ਦੀ ਸ਼ਕਤੀ ਦਾ ਇੱਕ ਸ਼ਾਨਦਾਰ ਮਹੀਨ ਸੰਤੁਲਨ ਬਣਿਆ ਰਹਿੰਦਾ ਹੈ ਤੇ ਸਾਰੀ ਸਰੀਰਕ ਮਸ਼ੀਨਰੀ ਲੜਦੀ ਹੋਈ ਤੰਦਰੁਸਤ ਰਹਿੰਦੀ ਹੈ ਤੇ ਜਿਸਮ ਸੁਡੌਲ ਰਹਿੰਦਾ ਹੈ। ਜੇ ਕਿਤੇ ਇਹਨਾਂ ਦੋਵਾਂ ਵਿੱਚੋਂ ਇੱਕ ਵੀ ਭਾਰੂ ਹੋ ਜਾਵੇ ਤੇ ਬਣਿਆ ਹੋਇਆ ਨਾਜ਼ੁਕ ਸੰਤੁਲਨ ਵਿਗੜ ਜਾਵੇ ਤਾਂ ਇਹ ਮਾਰੂ ਸਿੱਧ ਹੋ ਸਕਦਾ ਹੈ।
ਇਸਦੀ ਸਭ ਤੋਂ ਉੱਤਮ ਮਿਸਾਲ ਏਡਜ਼ ਦੀ ਭਿਆਨਕ ਬਿਮਾਰੀ ਹੈ ਜਿਸਦਾ ਵਿਸ਼ਾਣੂ (ਵਾਇਰਸ) ਸਹਾਇਕ ਟੀ-ਕੋਸ਼ਿਕਾਵਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਤੇ ਉਸਨੂੰ ਨਿੱਸਲ਼ ਕਰਕੇ ਜੰਗ ਦੇ ਮੈਦਾਨ ਵਿੱਚੋਂ ਬਾਹਰ ਧੱਕ ਦਿੰਦਾ ਹੈ। ਦਬਾਊ ਟੁਕੜੀਆਂ ਉੱਤੋਂ ਦੀ ਹੋ ਜਾਂਦੀਆਂ ਹਨ। ਵਫ਼ਾਦਾਰ ਤੇ ਉੱਚ ਕੋਟੀ ਦੀਆਂ ਜਬਤ-ਬੱਧ ਫੌਜੀ ਸੈਨਿਕ ਹੋਣ ਕਾਰਨ, ਉਹ ਸੁਰੱਖਿਆ ਪ੍ਰਤੀਰੋਧੀ ਪ੍ਰਤੀਕਿਰਿਆ ਨੂੰ ਰੋਕਣ ਦਾ ਆਪਣਾ ਕੰਮ ਜਾਰੀ ਰੱਖਦੀਆਂ ਹਨ, ਇਸ ਗੱਲ ਤੋਂ ਅਣਜਾਣ ਕਿ ਉਹ ਮੇਜ਼ਬਾਨ ਦੀ ਬਜਾਏ ਬਾਹਰਲੇ ਦੁਸ਼ਮਣ ਦੀ ਹੀ ਮੱਦਦ ਕਰ ਰਹੀਆਂ ਹਨ।
ਟੀ ਤੇ ਬੀ ਤੋਂ ਵੱਖਰੀ ਕੋਸ਼ਿਕਾਵਾਂ ਦੀ ਤੀਜੀ ਕਿਸਮ ਦੀ ਭਾਵੇਂ ਕੋਈ ਉਭਰਵੀਂ ਨੁਹਾਰ ਵਾਲੀ ਨਿਸ਼ਾਨੀ ਤਾਂ ਨਹੀਂ ਹੁੰਦੀ ਪਰੰਤੂ ਇਸਦਾ ਇੱਕ ਵਿਲੱਖਣ ਕ੍ਰਿਆਸ਼ੀਲ ਲੱਛਣ ਹੁੰਦਾ ਹੈ। ਇਹ ਕੋਸ਼ਿਕਾਵਾਂ ਕੁੱਝ ਅਜਿਹੀਆਂ ਰਸੌਲੀ ਕੋਸ਼ਿਕਾਵਾਂ ਨੂੰ ਮਾਰਨ ਦੇ ਸਮਰੱਥ ਹੁੰਦੀਆਂ ਹਨ ਜਿਹੜੀਆਂ ਵਿਸ਼ਾਣੂਆਂ (ਕੋਰੋਨਾ ਜਾਂ ਕੋਈ ਵੀ ਹੋਰ) ਦੀ ਲਪੇਟ ਵਿੱਚ ਆਈਆਂ ਹੁੰਦੀਆਂ ਹਨ ਜਾਂ ਜਿਹੜੀਆਂ ਹਮਲੇ ਅਧੀਨ ਆਈਆਂ, ਐਂਟੀ-ਬਾਡੀਜ਼ ਨਾਲ ਢਕੀਆਂ ਹੁੰਦੀਆਂ ਹਨ। ਇਸ ਲਈ ਇਹ ਫਿਤਰਤੀ ਮਾਰੂ ਕੋਸ਼ਿਕਾਵਾਂ ਵਜੋਂ ਜਾਣੀਆਂ ਜਾਂਦੀਆਂ ਹਨ ਪਰੰਤੂ ਇਹ ਉਹਨਾਂ ਮਾਰੂ ਟੀ-ਕੋਸ਼ਿਕਾਵਾਂ ਨਾਲੋਂ ਵੱਖਰੀਆਂ ਹੁੰਦੀਆਂ ਹਨ ਜਿੰਨ੍ਹਾਂ ਨੂੰ ਮਾਰਨ ਦਾ ਲਾਇਸੰਸ ਓਦੋਂ ਹੀ ਮਿਲਦਾ ਹੈ ਜਦ ਦੁਸ਼ਮਣ ਨਾਲ ਟਾਕਰਾ ਹੋ ਜਾਵੇ। ਇਸ ਤੋਂ ਵੀ ਅੱਗੇ ਉਨ੍ਹਾਂ ਨੂੰ ਇਹ ਲਾਇਸੰਸ ਵਿਸ਼ੇਸ਼ ਤੌਰ 'ਤੇ ਓਸੇ ਦੁਸ਼ਮਣ ਨੂੰ ਮਾਰਨ ਲਈ ਹੀ ਦਿੱਤਾ ਜਾਂਦਾ ਹੈ , ਹੋਰ ਕਿਸੇ ਨੂੰ ਨਹੀਂ ਜਦਕਿ ਫਿਤਰਤੀ ਮਾਰੂ ਕੋਸ਼ਿਕਾਵਾਂ ਵਿੱਚ ਅਜਿਹਾ ਵਿਸ਼ਿਸ਼ਟ ਲੱਛਣ ਨਹੀਂ ਹੁੰਦਾ।
ਸੰਤਰੀ ਪਹਿਰੇਦਾਰ
ਉੱਚ ਸਿਖਲਾਈ ਯੁਕਤ ਇਹ ਫੌਜਾਂ ਨਿਸਚੇ ਹੀ ਢੁੱਕਵੇਂ ਆਕਾਰ ਦੀਆਂ ਛਾਉਣੀਆਂ ਵਿੱਚ ਜਥੇਬੰਦ ਹੁੰਦੀਆਂ ਹਨ ਜਿਹੜੀਆਂ ਅਹਿਮ ਟਿਕਾਣਿਆਂ 'ਤੇ ਬਣੀਆਂ ਹੁੰਦੀਆਂ ਹਨ। ਇਨਾਂ ਛਾਉਣੀਆਂ ਨੂੰ ਲਿੰਫ-ਗਿਲਟੀਆਂ ਕਿਹਾ ਜਾਂਦਾ ਹੈ। ਸਰੀਰ ਦੇ ਦੁਸ਼ਮਣ - ਰੋਗਾਣੂ, ਵਿਸ਼ਾਣੂ, ਊਲੀ, ਸਾਡੇ ਸਾਹ ਦੀ ਹਵਾ ਨਾਲ ਅੰਦਰ ਵੜ ਸਕਦੇ ਹਨ। ਇਹਨਾਂ ਨੂੰ ਰੋਕਣ ਲਈ ਸਾਡੇ ਸਰੀਰ ਦੀ ਸਾਹ ਨਾਲੀ ਦੇ ਨਾਲ ਨਾਲ ਲਿੰਫ ਗਿਲਟੀਆਂ ਹੁੰਦੀਆਂ ਹਨ। ਭੋਜਨ ਤੇ ਪਾਣੀ, ਇੰਨ੍ਹਾਂ ਦੇ ਦਾਖਲੇ ਦਾ ਇੱਕ ਹੋਰ ਸਾਧਨ ਹੋ ਸਕਦਾ ਹੈ। ਭੋਜਨ ਨਾਲੀ ਦੇ ਨਾਲ ਸਟੀਆਂ ਹੋਈਆਂ ਲਿੰਫ ਗਿਲਟੀਆਂ ਅੱਗੋਂ ਟੱਕਰਦੀਆਂ ਹਨ। ਕੁੱਝ ਤੇਜ ਤਰਾਰ ਮਨਚਲੇ ਰੋਗਾਣੂ ਚਮੜੀ ਨੂੰ ਚੀਰ ਕੇ ਲੰਘਣ ਦਾ ਯਤਨ ਕਰ ਸਕਦੇ ਹਨ। ਉਨ੍ਹਾਂ ਨੂੰ ਜਿਸਮ ਦੀ ਸਾਰੀ ਚਮੜੀ ਦੇ ਠੀਕ ਹੇਠਾਂ ਹੀ ਲਿੰਫ ਗਿਲਟੀਆਂ ਦੇ ਬਣੇ ਇੱਕ ਤਾਣੇ-ਬਾਣੇ ਨਾਲ ਸਾਹਮਣਾ ਕਰਨਾ ਪੈਂਦਾ ਹੈ।
ਇਸਤੋਂ ਇਲਾਵਾ ਤਿੱਲੀ ਅੰਦਰ ਇੱਕ ਮੁੱਖ ਕਮਾਂਡ ਕੇਂਦਰ ਹੁੰਦਾ ਹੈ। ਤਿੱਲੀ ਸਰੀਰ ਅੰਦਰ ਖੱਬੇ ਪਾਸੇ ਮਿਹਦੇ ਦੇ ਹੇਠਾਂ ਇੱਕ ਚਾਪ ਦੀ ਸ਼ਕਲ ਦਾ ਲਾਲ ਰੰਗ ਦਾ ਅੰਗ ਹੈ। ਤਿੱਲੀ ਇੱਕ ਮੁੱਖ ਲਿੰਫ-ਰਸ ਅੰਗ ਹੈ ਜਿਹੜਾ ਦੁਸ਼ਮਣ ਸੂਖਮ ਰੋਗਾਣੂਆਂ ਵਿਰੁੱਧ ਸਰਗਰਮ ਯੁੱਧ ਵਿੱਚ ਇੱਕ ਅਹਿਮ ਭੂਮਿਕਾ ਨਿਭਾਉੰਦਾ ਹੈ। ਗਲ਼-ਗ੍ਰੰਥੀਆਂ ਤੇ ਛੋਟੀਆਂ ਆਂਤੜੀਆਂ ਦੇ ਬਾਹਰਲੇ ਪਾਸੇ ਲੱਗੀਆਂ ਚੇਪੀਆਂ ਵੀ ਅਜਿਹੀਆਂ ਹੋਰ ਟੁਕੜੀਆਂ ਹਨ।
ਵਿਸ਼ੇਸ਼ ਕੇਂਦਰ ਉੱਪਰ ਤਾਇਨਾਤ ਇਹਨਾਂ ਬਟਾਲੀਅਨਾਂ ਤੋਂ ਇਲਾਵਾ ਲਿੰਫ ਕੋਸ਼ਿਕਾਵਾਂ ਦੀਆਂ ਟੁਕੜੀਆਂ ਵੀ ਹੁੰਦੀਆਂ ਹਨ ਜਿਹੜੀਆਂ ਖੂਨ ਦੇ ਦੌਰੇ ਦੇ ਨਾਲ ਨਾਲ ਹੀ ਸਾਰੇ ਇਲਾਕੇ ਦੀ ਲਗਾਤਾਰ ਪਰਿਕਰਮਾ ਕਰਦੀਆਂ ਹਨ। ਦਰਅਸਲ ਮੋਰਚਿਆਂ ਤੋਂ ਵੀ ਵੱਖੋ ਵੱਖਰੀਆਂ ਫੌਜੀ ਟੁਕੜੀਆਂ ਸਮੇਂ ਸਮੇਂ 'ਤੇ ਲਹੂ ਅੰਦਰ ਗਸ਼ਤ ਲਾਉਂਦੀਆਂ ਰਹਿੰਦੀਆਂ ਹਨ। ਲਿੰਫ ਕੋਸ਼ਿਕਾ ਸੈਨਿਕ ਹਰ ਪਲ ਸਖਤ ਚੌਕਸੀ ਤੇ ਪਹਿਰਾ ਰੱਖਦੇ ਹਨ।.................. (ਬਾਕੀ ਕੱਲ੍ਹ)