ਨਵੀਂ ਦਿੱਲੀ, 25 ਜਨਵਰੀ, ਦੇਸ਼ ਕਲਿਕ ਬਿਊਰੋ :
ਮੁੱਕੇਬਾਜ਼ੀ ਵਿੱਚ ਛੇ ਵਾਰ ਦੀ ਵਿਸ਼ਵ ਚੈਂਪੀਅਨ, ਐਮਸੀ ਮੈਰੀਕਾਮ (ਮੈਂਗਤੇ ਚੁੰਗਨੇਈਜਾਂਗ ਮੈਰੀ ਕਾਮ) ਨੇ ਸੰਨਿਆਸ ਲੈ ਲਿਆ ਹੈ। ਉਨ੍ਹਾਂ ਨੇ ਬੁੱਧਵਾਰ ਰਾਤ ਨੂੰ ਇੱਕ ਸਮਾਗਮ ਵਿੱਚ ਇਹ ਐਲਾਨ ਕੀਤਾ। ਮੈਰੀਕਾਮ ਨੇ ਆਪਣਾ ਆਖਰੀ ਮੈਚ ਰਾਸ਼ਟਰਮੰਡਲ ਖੇਡਾਂ 2022 ਦੇ ਟਰਾਇਲ ਦੌਰਾਨ ਖੇਡਿਆ।ਮੈਰੀਕਾਮ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ 'ਚ ਸਭ ਕੁਝ ਹਾਸਲ ਕੀਤਾ ਹੈ। ਮੈਨੂੰ ਅਜੇ ਵੀ ਮੁਕਾਬਲਾ ਕਰਨ ਦੀ ਭੁੱਖ ਹੈ, ਪਰ ਅੰਤਰਰਾਸ਼ਟਰੀ ਮੁੱਕੇਬਾਜ਼ੀ ਫੈਡਰੇਸ਼ਨ ਦੇ ਨਿਯਮ ਮੈਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੰਦੇ। ਪੁਰਸ਼ ਅਤੇ ਮਹਿਲਾ ਮੁੱਕੇਬਾਜ਼ਾਂ ਨੂੰ ਸਿਰਫ਼ 40 ਸਾਲ ਦੀ ਉਮਰ ਤੱਕ ਹੀ ਮੁੱਕੇਬਾਜ਼ੀ ਕਰਨ ਦੀ ਇਜਾਜ਼ਤ ਹੈ, ਇਸ ਲਈ ਮੈਂ ਹੁਣ ਕਿਸੇ ਵੱਡੇ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲੈ ਸਕਦੀ। ਮੈਰੀਕਾਮ 41 ਸਾਲ ਦੀ ਹੋ ਗਈ ਹੈ। ਉਸਨੇ 2012 ਦੀਆਂ ਲੰਡਨ ਓਲੰਪਿਕ ਖੇਡਾਂ ਵਿੱਚ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ ਸੀ। ਉਹ 6 ਵਾਰ ਵਿਸ਼ਵ ਚੈਂਪੀਅਨ ਵੀ ਰਹਿ ਚੁੱਕੀ ਹੈ। ਮੈਰੀਕਾਮ ਅਜਿਹਾ ਕਰਨ ਵਾਲੀ ਇਕਲੌਤੀ ਮਹਿਲਾ ਮੁੱਕੇਬਾਜ਼ ਹੈ। ਇਸ ਤੋਂ ਇਲਾਵਾ ਉਹ 5 ਵਾਰ ਏਸ਼ੀਅਨ ਚੈਂਪੀਅਨਸ਼ਿਪ ਜਿੱਤਣ ਵਾਲੀ ਇਕਲੌਤੀ ਖਿਡਾਰਨ ਵੀ ਹੈ।