28 ਫ਼ਰਵਰੀ ਤੱਕ ਚਲਾਈ ਜਾਵੇਗੀ ‘ਸਾਂਸ’ ਮੁਹਿੰਮਃ ਜ਼ਿਲ੍ਹਾ ਟੀਕਾਕਰਨ ਅਫ਼ਸਰ
ਦਲਜੀਤ ਕੌਰ
ਤਪਾ, 14 ਜਨਵਰੀ, 2024: ਸਿਵਲ ਸਰਜਨ ਡਾ. ਹਰਿੰਦਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ 5 ਸਾਲ ਤੱਕ ਦੇ ਬੱਚਿਆਂ ਵਿੱਚ ਨੀਮੋਨੀਆ ਨੂੰ ਘੱਟ ਕਰਨ ਤੇ ਨੀਮੋਨੀਆ ਕਾਰਨ ਹੋਣ ਵਾਲੀ ਮੌਤ ਦਰ ਨੂੰ ਘੱਟ ਕਰਨ ਦੇ ਮਕਸਦ ਨਾਲ ਸਿਹਤ ਵਿਭਾਗ ਦੁਆਰਾ ਚਲਾਈ ਜਾ ਰਹੀ ਮੁਹਿੰਮ ‘ਸਾਂਸ’ ਤਹਿਤ ਅੱਜ ਐਸ.ਡੀ.ਐਚ. ਤਪਾ ਵਿਖੇ ਕਮਿਊਨਟੀ ਹੈਲਥ ਅਫਸਰਾਂ ਤੇ ਏ.ਐਨ.ਐਮ. ਨੂੰ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗੁਰਬਿੰਦਰ ਕੌਰ ਦੁਆਰਾ ਟ੍ਰੇਨਿੰਗ ਦਿੱਤੀ ਗਈ। ਇਸ ਟ੍ਰੇਨਿੰਗ ਦੌਰਾਨ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾ. ਗੁਰਪ੍ਰੀਤ ਸਿੰਘ ਮਾਹਲ ਤੇ ਡਾ. ਕੰਵਲਜੀਤ ਸਿੰਘ ਬਾਜਵਾ ਵੀ ਮੌਜੂਦ ਸਨ।
ਇਸ ਮੌਕੇ ਸਾਂਸ ਮੁਹਿੰਮ ਦੇ ਨੋਡਲ ਅਫਸਰ ਕਮ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗੁਰਬਿੰਦਰ ਕੌਰ ਨੇ ਕਿਹਾ ਕਿ ਨੀਮੋਨੀਆ ਤੋਂ ਬਚਾਅ ਲਈ 5 ਸਾਲ ਤੱਕ ਦੇ ਬੱਚਿਆਂ ਦਾ ਵਿਸ਼ੇਸ਼ ਖਿਆਲ ਰੱਖਣ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਬੱਚਿਆ ਵਿੱਚ ਨੀਮੋਨੀਆ ਦੇ ਲੱਛਣ ਵਿਖਾਈ ਦੇਣ ‘ਤੇ ਬੱਚਿਆਂ ਦੇ ਮਾਹਿਰ ਡਾਕਟਰ ਤੋਂ ਹੀ ਜਾਂਚ ਕਰਾਉਣੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਕਿ ਸਾਂਸ (ਐਸ.ਏ.ਏ.ਐਨ.ਐਸ.) ਮੁਹਿੰਮ ਹਰ ਸਾਲ 12 ਨਵੰਬਰ ਤੋਂ 28 ਫ਼ਰਵਰੀ ਤੱਕ ਚਲਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ 5 ਸਾਲ ਤੱਕ ਦੇ ਬੱਚਿਆਂ ਵਿੱਚ ਨੀਮੋਨੀਆ ਬਾਰੇ ਜਾਗਰੂਕਤਾ ਦੇ ਨਾਲ ਨਾਲ ਇਸ ਦੇ ਲੱਛਣ, ਬਚਾਅ ਤੇ ਇਲਾਜ ਬਾਰੇ ਆਮ ਲੋਕਾਂ ਨੂੰ ਜਾਣੂ ਕਰਵਾਇਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਨੀਮੋਨੀਆ ਦੇ ਲੱਛਣ ਵਿੱਚ ਖੰਘ, ਬੱਚੇ ਦੁਆਰਾ ਤੇਜ ਤੇਜ ਸ਼ਾਹ ਲੈਣਾ, ਛਾਤੀ ਦਾ ਜਾਮ ਹੋਣਾ ਤੇ ਬੁਖ਼ਾਰ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਨੀਮੋਨੀਆ ਦੀ ਪਛਾਣ ਬੱਚੇ ਦੇ ਸਾਹ ਲੈਣ ਦੀ ਗਿਣਤੀ ਤੋਂ ਵੀ ਲਗਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ 2 ਮਹੀਨਿਆਂ ਤੋਂ ਛੋਟੇ ਬੱਚਿਆ ਲਈ ਜੇਕਰ ਸਾਹ ਲੈਣ ਦੀ ਗਿਣਤੀ ਪ੍ਰਤੀ ਮਿੰਟ 60 ਤੋਂ ਵੱਧ ਹੈ, 2 ਮਹੀਨਿਆਂ ਤੋਂ ਇੱਕ ਸਾਲ ਤੱਕ ਦੇ ਬੱਚੇ ਦੀ ਸਾਹ ਲੈਣ ਦੀ ਗਿਣਤੀ 50 ਤੋਂ ਵੱਧ ਹੈ ਤੇ 1 ਤੋਂ 5 ਸਾਲ ਤੱਕ ਦੇ ਬੱਚੇ ਦੇ ਸਾਹ ਲੈਣ ਦੀ ਗਿਣਤੀ 40 ਪ੍ਰਤੀ ਮਿੰਟ ਤੋਂ ਵੱਧ ਹੈ ਤਾਂ ਉਸ ਬੱਚੇ ਨੂੰ ਨੀਮੋਨੀਆ ਹੋ ਸਕਦਾ ਹੈ।
ਇਸ ਦੌਰਾਨ ਬਲਾਕ ਐਜੂਕੇਟਰ ਜਸਪਾਲ ਸਿੰਘ ਜਟਾਣਾ ਨੇ ਕਿਹਾ ਕਿ ਨੀਮੋਨੀਆ ਤੋਂ ਬਚਾਅ ਲਈ ਬੱਚੇ ਦਾ ਸੰਪੂਰਨ ਟੀਕਾਕਰਨ ਹੋਣਾ ਜ਼ਰੂਰੀ ਹੈ, ਸਰਦੀਆਂ ਵਿੱਚ ਬੱਚੇ ਦੇ ਢੁਕਵੇਂ ਗਰਮ ਕੱਪੜੇ ਪਾਉਣੇ ਚਾਹੀਦੇ ਹਨ ਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬੱਚੇ ਨੰਗੇ ਪੈਰ ਨਾ ਰਹਿਣ। ਉਨ੍ਹਾਂ ਕਿਹਾ ਕਿ ਨਵਜਾਤ ਬੱਚੇ ਨੂੰ ਕਦੇ ਵੀ ਬਿਨਾ ਕੱਪੜਿਆਂ ਤੋਂ ਨਹੀਂ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਘਰ ਵਿੱਚ ਧੂੰਏਂ ਤੋਂ ਬਚਾਅ ਲਈ ਖਾਣਾ ਬਣਾਉਣ ਸਮੇਂ ਐਲ.ਪੀ.ਜੀ. ਗੈਸ ਸਟੋਵ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਬੱਚੇ ਨੂੰ ਸਾਹ ਲੈਣ ਵਿੱਚ ਕੋਈ ਦਿੱਕਤ ਪੇਸ਼ ਨਾ ਹੋਵੇ।