ਡਾ ਅਜੀਤਪਾਲ ਸਿੰਘ ਐੱਮ ਡੀ
ਮਾਮੂਲੀ ਖਾਂਸੀ ਕੋਈ ਵੱਡੀ ਗੱਲ ਨਹੀਂ, ਬਲਕਿ ਇਕ ਅਜਿਹਾ ਸੁਰੱਖਿਆਤਮਕ ਅਮਲ ਹੈ ਜਿਸ ਨੂੰ ਗਲੇ ਜਾਂ ਸਾਹ ਪ੍ਰਣਾਲੀ ਚ ਭੋਰਾ ਜਿੰਨੀ ਚਿਕਨਾਹਟ ਤੇ ਅੜਚਨ ਹੋਣ ‘ਤੇ ਬਹੁਤ ਤੇਜ਼ ਰਫਤਾਰ ਨਾਲ ਹਵਾ ਛਾਤੀ ਅੰਦਰੋਂ ਬਾਹਰ ਵੱਲ ਆਵਾਜ਼ ਕਰਦਿਆਂ ਨਿਕਲ ਜਾਂਦੀ ਹੈ ਤਾਂ ਕਿ ਹਵਾ ਦੇ ਰਸਤੇ ‘ਚ ਕਿਸੇ ਕਿਸਮ ਦਾ ਅੜਿੱਕਾ ਨਾ ਰਹਿ ਜਾਵੇ ਅਤੇ ਇਸ ਦੀ ਹਟਦਿਆਂ ਹੀ ਖੰਘ ਬੰਦ ਹੋ ਜਾਵੇ। ਸਰਦੀਆਂ ਚ ਖਾਸ ਕਰਕੇ ਠੰਢ ਕਾਰਨ ਖਾਂਸੀ ਜ਼ੁਕਾਮ ਤਾਂ ਲੱਗਿਆ ਹੀ ਰਹਿੰਦਾ ਹੈ ਪਰ ਇਸ ਦੇ ਕੁਝ ਦਿਨ ਟਿਕ ਜਾਣ ਨਾਲ ਥੋੜ੍ਹਾ ਬਹੁਤ ਕਸ਼ਟ ਜਾਂ ਪ੍ਰੇਸ਼ਾਨੀ ਲਾਜ਼ਮੀ ਰਹਿੰਦੀ ਹੈ। ਭਾਫ ਦਾ ਸੇਕ, ਆਮ ਘਰੇਲੂ ਇਲਾਜ, ਬਾਜ਼ਾਰ ਚ ਮਿਲਦੀ ਆਮ ਖਾਂਸੀ ਦੀ ਗੋਲੀ ਦੁਆਈ ਆਦਿ ਨਾਲ ਥੋੜ੍ਹੇ ਹੀ ਸਮੇਂ ਚ ਇਹ ਹਟ ਜਾਂਦੀ ਹੈ, ਪਰ ਕਿਹੜੀਆਂ ਹਾਲਤਾਂ ਚ ਖਾਂਸੀ ਦਾ ਇਲਾਜ ਖ਼ਤਰਨਾਕ ਹੋ ਜਾਂਦਾ ਹੈ ਇਹ ਜਾਣਨਾ ਵੀ ਜ਼ਰੂਰੀ ਹੈ ਤਾਂ ਕਿ ਵਿਅਕਤੀ ਵਿਸ਼ੇਸ਼ ਜਿਹੇ ਲੱਛਣ ਪੈਦਾ ਹੁੰਦਿਆਂ ਹੀ ਡਾਕਟਰ ਦੀ ਸਲਾਹ ਨਾਲ ਇਲਾਜ ਕਰਵਾ ਸਕੇ। ਬਹੁਤੇ ਲੋਕਾਂ ਨੂੰ ਤਾਂ ਇਹ ਵੀ ਪਤਾ ਨਹੀਂ ਹੋਣਾ ਕਿ ਖਾਂਸੀ ਦਾ ਕਦੀ ਕਦੀ ਆਉਣਾ ਸ਼ਰੀਰ ਲਈ ਇਕ ਸੁਰੱਖਿਅਤ ਪ੍ਰਕਿਰਿਆ ਹੈ ਕਿਉਂਕਿ ਜੇ ਖਾਂਸੀ ਨਾਲ ਬਲਗ਼ਮ ਨਿਕਲਣ ਦਾ ਅਮਲ ਨਾ ਹੋਵੇ ਤਾਂ ਏਨੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ ਜਿਸ ਦਾ ਇਲਾਜ ਹੋ ਸਕਣਾ ਸੰਭਵ ਵੀ ਨਾ ਹੋਵੇ। ਪਰ ਇਹ ਵੀ ਸੋਚ ਸਹੀ ਨਹੀਂ ਹੈ ਕਿ ਖਾਂਸੀ ਹਮੇਸ਼ਾ ਫ਼ਾਇਦੇਮੰਦ ਹੈ। ਜਦ ਸਾਹ ਨਾਲੀ ‘ਚ ਅੜਿੱਕਾ ਪੈਦਾ ਕਰਨ ਵਾਲੀ ਵਿਗਾੜਜਨਕ ਵਸਤੂ ਹਟ ਜਾਣ ਪਿੱਛੋਂ ਵੀ ਖਾਂਸੀ ਬਣੀ ਰਹੇ। ਫਿਰ ਵੀ ਅਜਿਹੀ ਖਾਂਸੀ ਆਪਣੇ ਆਪ ‘ਚ ਕੋਈ ਰੋਗ ਨਹੀਂ ਹੈ ਪਰ ਇਹ ਕਿਸੇ ਖ਼ਾਸ ਸਮੱਸਿਆ ਦਾ ਸੰਕੇਤ ਵੀ ਹੋ ਸਕਦੀ ਹੈ।
ਖਾਂਸੀ ਤੋਂ ਕੁਝ ਖ਼ਾਸ ਲੋਕ ਹੀ ਪ੍ਰਭਾਤ ਕਿਉਂ ਹੁੰਦੇ ਹਨ ?
ਇਸ ਦੇ ਪੰਜ ਮੁੱਖ ਕਾਰਨ ਹੋ ਸਕਦੇ ਹਨ।
ਪਹਿਲਾ: ਅਜਿਹੇ ਭੋਜਨ ਦੀ ਵਰਤੋਂ ਜੋ ਪੌਸ਼ਟਿਕ ਨਾ ਹੋਵੇ।
ਦੂਜਾ: ਗੰਦੇ ਵਾਤਾਵਰਨ ਚ ਰਹਿਣਾ ਜਿਥੇ ਜ਼ਹਿਰੀਲੀਆਂ ਗੈਸਾਂ ਸਾਹ ਨਲੀ ਦੇ ਸੰਪਰਕ ਚ ਅਾ ਕੇ ਉਸ ਨੂੰ ਹਰਜਾ ਪਹੁੰਚਾਉਂਦੀਆਂ ਰਹਿੰਦੀਆਂ ਹੋਣ।
ਤੀਜਾ: ਗੰਦੇ ਮਕਾਨ ਵਿੱਚ ਰਹਿਣਾ ਜਿੱਥੇ ਧੁੱਪ ਜਾਂ ਸਾਫ਼ ਹਵਾ ਨਾ ਮਿਲੇ।
ਚੌਥਾ: ਤੰਬਾਕੂਨੋਸ਼ੀ ਦੀ ਲਤ ਜਿਸ ਕਾਰਨ ਸਾਹ ਦਾ ਆਉਣਾ ਜਾਣਾ ਪ੍ਰਭਾਵਿਤ ਹੁੰਦਾ ਹੋਵੇ।
ਖਾਂਸੀ ਤੋਂ ਬਚਾਅ ਕਿਵੇਂ ?
ਬਚਾਅ ਦੋ ਤਰ੍ਹਾਂ ਨਾਲ ਕੀਤਾ ਜਾ ਸਕਦਾ ਹੈ।
ਲੰਮੇ ਅਰਸੇ ਦੇ ਇਲਾਜ ਰਾਹੀਂ: ਰੋਗ ਪ੍ਰਤੀਰੋਧਕ ਪ੍ਰਣਾਲੀ ਨੂੰ ਮਜ਼ਬੂਤ ਬਣਾਉਣਾ, ਰੋਜ਼ਾਨਾ ਕਸਰਤ ਕਰਨਾ, ਤੰਬਾਕੂਨੋਸ਼ੀ ਸ਼ਰਾਬ ਦੀ ਵਰਤੋਂ ਤੇ ਡਰੱਗਜ਼ ਤੋਂ ਕਿਨਾਰਾ ਕਰਨਾ। ਲਾਗ ਤੋਂ ਬਚਣਾ। ਖਾਂਸੀ ਪੀੜਤ ਵਿਅਕਤੀ ਤੋਂ ਬਚਣਾ। ਅਜਿਹੇ ਬੰਦੇ ਦੀਆਂ ਵਰਤੀਆਂ ਚੀਜ਼ਾਂ ਤੌਲੀਏ ਆਦਿ ਨਾ ਵਰਤਣਾ, ਉਸ ਦੀ ਛਿੱਕ ਅਤੇ ਬਲਗਮ ਆਦਿ ਤੋਂ ਬਚਾਅ।
ਸਰਦੀ ਜ਼ੁਕਾਮ ਤੋਂ ਬਚਣ ਲਈ ਕੋਸੇ ਪਾਣੀ ਦੀ ਹੀ ਵਰਤੋਂ ਕਰਨਾ, ਭਾਪ ਰਾਹੀਂ ਗਲੇ ਨੂੰ ਸੇਕ ਦੇਣਾ, ਕੋਸੇ ਨਮਕੀਨ ਪਾਣੀ ਦੇ ਗਰਾਰੇ ਦਿਨ ‘ਚ ਤਿੰਨ ਵਾਰੀ, ਠੰਡ ਤੋਂ ਬਚੇ ਰਹਿਣਾ, ਅਜਿਹੀ ਦਵਾਈ ਦੀ ਵਰਤੋਂ ਜੋ ਗਾੜ੍ਹੀ ਬਲਗਮ ਨੂੰ ਪਤਲਾ ਕਰਕੇ ਬਾਹਰ ਕੱਢਦੀ ਹੋਵੇ। ਇਨ੍ਹਾਂ ਚ ਮੁੱਖ ਬੈਨਾਰਡਰਿੱਲ, ਹਿਸਟੋਨਾ, ਸੋਲਵਿਨ ਤੇ ਸੋਵੇਂਟਿਲ ਹਨ, ਜਿਨ੍ਹਾਂ ਦੀ ਵਰਤੋਂ ਚਾਰ ਪੰਜ ਦਿਨ ਤੱਕ ਦਿਨ ‘ਚ ਤਿੰਨ ਵਾਰੀ ਕੀਤੀ ਜਾ ਸਕਦੀ ਹੈ। ਇਨ੍ਹਾਂ ਦੀ ਵਰਤੋਂ ਨਾਲ ਸਾਹ ਨਾਲੀਆਂ ਖੁੱਲ੍ਹ ਜਾਂਦੀਆਂ ਹਨ ਅਤੇ ਮਿਉਕਸ ਪਿਘਲ ਕੇ ਖੰਘ ਰਾਂਹੀ ਬਾਹਰ ਨਿੱਕਲ ਜਾਂਦਾ ਹੈ, ਜਿਸ ਨਾਲ ਖੰਘ ਹੋਣੀ ਬੰਦ ਹੋ ਜਾਂਦੀ ਹੈ। ਪਰ ਵੱਧ ਦਿਨਾਂ ਤਕ ਅਜਿਹਾ ਸ਼ਰਬਤ ਪੀਂਦੇ ਰਹਿਣ ਨਾਲ ਨੀਂਦ ਦੀ ਸ਼ਿਕਾਇਤ ਸ਼ੁਰੂ ਹੋ ਜਾਂਦੀ ਹੈ, ਜਿਸ ਕਾਰਨ ਰੋਜ਼ਾਨਾ ਦੇ ਕੰਮਾਂ ਚ ਅੜਿੱਕਾ ਪੈਂਦਾ ਹੈ ਖਾਸ ਕਰਕੇ ਮਸ਼ੀਨ ਤੇ ਕੰਮ ਕਰਨਾ ਅਤੇ ਡਰਾਈਵਿੰਗ ਖ਼ਤਰਨਾਕ ਹੋ ਜਾਂਦੇ ਹਨ। ਇਸ ਤਰ੍ਹਾਂ ਦੀਆਂ ਦਵਾਈ ‘,ਚ ਅਲਕੋਹਲ ਹੁੰਦੀ ਹੈ ਜਿਸ ਕਰਕੇ ਉਹ ਛੋਟੇ ਬੱਚਿਆਂ ਨੂੰ ਵੀ ਨਹੀਂ ਦਿੱਤੀ ਜਾ ਸਕਦੀ। ਬੱਚਿਆਂ ਨੂੰ ਵਾਟਰ ਬਰੀ ਕੰਪਾਊਂਡ ਦੇਣ ਨਾਲ ਬਲਗਮ ਖਿੱਚ ਕੇ ਬਾਹਰ ਆ ਜਾਂਦੀ ਹੈ ਅਤੇ ਖੰਘ ਰਾਹੀਂ ਬਾਹਰ ਨਿਕਲ ਜਾਂਦੀ ਹੈ। ਦੂਜੀ ਕਿਸਮ ਦੀਆਂ ਦਵਾਈਆਂ ਵਿਚ ਲਿੰਕਟਸ ਕੋਡੀਨ ਤੇ ਸੇਲਵੀਗਾਨ ਹੁੰਦੀਆਂ ਹਨ ਅਤੇ ਇਹ ਦਿਮਾਗ ਦੇ ਉਨ੍ਹਾਂ ਕੇਂਦਰਾਂ ਤੇ ਦਬਾਅ ਪਾਉਂਦੀਆਂ ਹਨ, ਜੋ ਕਫ ਨੂੰ ਉਤੇਜਿਤ ਕਰਦੇ ਹਨ ਇਸ ਨਾਲ ਕਫ ਨਿਕਲਣਾ ਦਬ ਜਾਂਦਾ ਹੈ। ਬਲਕਿ ਬਲਗਿਮ ਨਿਕਲਣ ਵਾਲੀ ਖਾਂਸੀ ਵਿਚ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਕਿਉਂਕਿ ਜੇ ਫੇਫੜਿਆਂ ‘ਚ ਬਲਗਮ ਰਹਿ ਜਾਂਦੀ ਹੈ ਤੇ ਬਾਹਰ ਨਹੀਂ ਨਿਕਲਦੀ ਤਾਂ ਗੰਭੀਰ ਸਮੱਸਿਆ ਪੈਦਾ ਹੋ ਜਾਂਦੀ ਹੈ। ਦਵਾਈਆਂ ਜਾਂ ਤਾਂ ਖਾਂਸੀ ਨੂੰ ਦਬਾ ਦਿੰਦੀਆਂ ਹਨ ਜਾਂ ਵਾਯੂ ਨਾਲੀ ਨੂੰ ਚੌੜਾ ਕਰਕੇ ਬਲਗਮ ਨੂੰ ਪਤਲਾ ਕਰਕੇ ਬਾਹਰ ਕੱਢ ਦਿੰਦੀਆਂ ਹਨ। ਸੁੰਘਣ ਵਾਲੀਆਂ ਦਵਾਈਆਂ ਖਾਸ ਕਰਕੇ ਜਿਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ, ਛਿਦਰਾਂ ਨੂੰ ਫੈਲਾਅ ਕੇ ਖਾਂਸੀ ਨੂੰ ਬਾਹਰ ਕੱਢ ਦਿੰਦੀਆਂ ਹਨ। ਬਾਮ ਲਾਉਣ ਦਾ ਕੋਈ ਲਾਭ ਨਹੀਂ ਹੁੰਦਾ ਬਲਕਿ ਸੰਵੇਦਨਸ਼ੀਲ ਇਨਸਾਨਾਂ ‘ਚ ਇਹ ਪੁੱਠਾ ਅਸਰ ਹੋਣ ਲੱਗਦਾ ਹੈ ਤੇ ਕਸ਼ਟ ਵਧਾ ਦਿੰਦਾ ਹੈ। ਇਸ ਦਾ ਅਸਰ ਮਨੋਵਿਗਿਆਨਕ ਵੱਧ ਹੁੰਦਾ ਹੈ ਤੇ ਰੋਗੀ ਦਾ ਧਿਆਨ ਲਾਂਭੇ ਹੋ ਜਾਂਦਾ ਹੈ ਤੇ ਦਰਦ ਮਹਿਸੂਸ ਨਹੀਂ ਹੁੰਦਾ। ਦਵਾਈਆਂ ਖਾਂਸੀ ਹਟਾ ਤਾਂ ਦਿੰਦੀਆਂ ਹਨ ਪਰ ਸਹੀ ਇਲਾਜ ਤਾਂ ਹੀ ਸੰਭਵ ਹੈ ਜੇ ਇਹ ਕਿਸੇ ਅਜਿਹੇ ਰੋਗ ਕਾਰਨ ਪੈਦਾ ਨਾ ਹੋਵੇ। ਪਰ ਰੋਗ ਦੀ ਹਾਲਤ ‘ਚ ਰੋਗ ਦੀ ਪਹਿਚਾਣ ਤੇ ਸਹੀ ਇਲਾਜ ਕਰਕੇ ਹੀ ਖੰਘ ਤੋਂ ਛੁਟਕਾਰਾ ਪਾਉਣਾ ਸੰਭਵ ਹੈ। ਉਪਰੋਕਤ ਵਰਣਨ ਤੋਂ ਸਪੱਸ਼ਟ ਹੈ ਕਿ ਜੇ ਖਾਂਸੀ ਕੋਈ ਰੋਗ ਨਹੀਂ, ਖਾਸ ਕਰਕੇ ਜੇ ਇਹ ਸਰਦੀ ਜ਼ੁਕਾਮ ਕਾਰਨ ਪੈਦਾ ਹੋਈ। ਪਰ ਹੇਠ ਲਿਖੀਆਂ ਹਾਲਤਾਂ ਚ ਤਾਂ ਇਲਾਜ ਡਾਕਟਰ ਤੋਂ ਹੀ ਕਰਾਉਣਾ ਜ਼ਰੂਰੀ ਹੈ।
(1) ਜੇ ਤੁਸੀਂ ਖੰਘਦੇ ਖੰਘਦੇ ਹਾਫ ਜਾਓ, ਆਵਾਜ਼ ‘ਚ ਭਾਰੀਪਣ ਪੈਦਾ ਹੋਵੇ ਅਤੇ ਛਾਤੀ ‘ਚ ਦਰਦ ਹੋਵੇ, ਸਾਹ ਫੁੱਲਦਾ ਹੋਵੇ, ਬੁਖਾਰ ਚੜ੍ਹਨ ਲੱਗੇ, ਥਕਾਵਟ, ਸ਼ਰੀਰ ਦਾ ਭਾਰ ਘਟਣ ਲੱਗੇ ਤਾਂ ਅਜਿਹੀਆਂ ਹਾਲਤਾਂ ਚ ਡਾਕਟਰ ਤੋਂ ਰੋਗ ਦੀ ਪਛਾਣ ਕਰਵਾ ਕੇ ਹੀ ਇਲਾਜ ਕਰਵਾਓ ਕਿਉਂਕਿ ਕਦੀ ਕਦੀ ਖਾਂਸੀ ਦੇ ਕਾਰਨ ਦੀ ਅਣਦੇਖੀ ਕਰਨ ਨਾਲ ਬਿਮਾਰੀ ਵਧ ਜਾਂਦੀ ਹੈ।
(2) ਜੇ ਖੰਘ ‘ਚ ਸਫੈਦ ਥਾਂ ਪੀਲੀ ਬਲਗਮ ਆਉਣ ਲੱਗੇ ਜਾਂ ਬਲਗਮ ਹਲਕੀ ਹਰੀ ਹੋਵੇ ਤਾਂ ਇਹ ਇਨਫੈਕਸ਼ਨ ਦਾ ਲੱਛਣ ਹੋ ਸਕਦਾ ਹੈ। ਜਿਵੇਂ ਕਿ ਆਮ ਤੌਰ ਤੇ ਲੰਮੇ ਸਮੇਂ ਦੇ ਬਰੌਂਕਾਈਟਿਸ ‘ਚ ਅਜਿਹਾ ਹੁੰਦਾ ਹੈ। ਬਿਨਾਂ ਇਨਫੈਕਸ਼ਨ ਵਾਲੇ ਦਮੇ ‘ਚ ਬਲਗਮ ਸਫੈਦ ਹੋ ਜਾਂਦੀ ਹੈ ਪਰ ਜ਼ਿਆਦਾਤਰ ਝੱਗਦਾਰ ਖੂਨ ਮਿਲੀ ਬਲਗਮ ਫੇਫੜਿਆਂ ਦੇ ਕੈਂਸਰ, ਤਪਦਿਕ ਤੇ ਨਮੂਨਿਆਂ ਦਾ ਲੱਛਣ ਵੀ ਹੋ ਸਕਦਾ ਹੈ। ਇਸ ਦੀ ਪਹਿਚਾਣ ਡਾਕਟਰ ਤੋਂ ਹੀ ਕਰਵਾਉਣੀ ਠੀਕ ਹੈ।
(3) ਬਾਲਗਾਂ ‘ਚ ਲਗਾਤਾਰ ਸੁੱਕੀ ਖੰਘ ਆਉਣੀ ਵੀ ਕਿਸੇ ਰੋਗ ਦੀ ਸੂਚਕ ਹੋ ਸਕਦੀ ਹੈ ਜਿਵੇਂ ਨਿਮੋਨੀਆ ਜਾਂ ਦਿਲ ਦਾ ਰੋਗ। ਇਹ ਸਾਹ ਨਾਲੀਆਂ ਚ ਆਈ ਸੋਜ ਕਾਰਨ ਵੀ ਹੋ ਸਕਦਾ ਹੈ, ਜਿਸ ਕਰ ਕੇ ਸੱਤ ਅੱਠ ਦਿਨ ਤਕ ਲਗਾਤਾਰ ਸੁੱਕੀ ਖਾਂਸੀ ਬਣੀ ਰਹੇ ਤਾਂ ਜ਼ਰੂਰ ਡਾਕਟਰ ਦੀ ਸਲਾਹ ਲਵੋ।
(4)ਬੱਚਿਆਂ ‘ਚ ਜੇ ਸ਼ੁਰੂ ਚ ਖਾਂਸੀ ਸੁੱਕੀ ਹੋਈ ਪਰ ਪਿੱਛੋਂ ਬਲਗਮ ਨਿਕਲਣ ਲੱਗੇ ਤੇ ਨਾਲ ਹੀ ਸੀਨੇ ਚ ਗੜਬੜ ਪੈਦਾ ਹੋਵੇ ਤੇ ਖਾਂਸੀ ਵੱਧ ਤੇਜ਼ ਕਿਸਮ ਦੀ ਹੋਵੇ ਤਾਂ ਇਸ ਨੂੰ ਕਾਲੀ ਖਾਂਸੀ ਸਮਝਣਾ ਚਾਹੀਦਾ ਹੈ। ਇਸ ਦਾ ਇਲਾਜ ਡਾਕਟਰ ਹੀ ਕਰ ਸਕਦਾ ਹੈ।
ਖਾਂਸੀ ਦੀ ਰੋਕਥਾਮ:
ਤੰਬਾਕੂਨੋਸ਼ੀ ਛੱਡਣ ਨਾਲ ਖਾਂਸੀ ਘਟ ਸਕਦੀ ਹੈ। ਦਿਲ ਤੇ ਫੇਫੜਿਆਂ ਦੇ ਰੋਗ ਕੈਂਸਰ ਪੈਦਾ ਕਰਨ ਤੋਂ ਇਲਾਵਾ ਇਹ ਭੋਜਨ ਤੋਂ ਹਾਸਲ ਪੌਸ਼ਟਿਕ ਤੱਤਾਂ ਨੂੰ ਵੀ ਅਗਵਾ ਕਰ ਲੈਂਦਾ ਹੈ। ਡਾਕਟਰਾਂ ਦਾ ਵਿਸ਼ਵਾਸ ਹੈ ਕਿ ਤੰਬਾਕੂ ਵਿਚ ਮੌਜੂਦ ਨਿਕੋਟੀਨ ਤੇ ਹੋਰ ਜ਼ਹਿਰੀਲੇ ਰਸਾਇਣ ਤਾਂ ਵਿਟਾਮਿਨ-ਸੀ ਨੂੰ ਸਰੀਰ ਚ ਜਜ਼ਬ ਹੀ ਨਹੀਂ ਹੋਣ ਦਿੰਦੇ ਤੇ ਪਾਚਨ ਪ੍ਰਣਾਲੀ ਲਈ ਇਹ ਮਿਲਦਾ ਹੀ ਨਹੀਂ। ਬੀੜੀ ਸਿਗਰਟ ਨਾਲ ਫਿਲਟਰ ਦੀ ਵਰਤੋਂ ਨਾਲ ਵੀ ਨੁਕਸਾਨ ਖਤਮ ਨਹੀਂ ਹੁੰਦਾ।
ਪ੍ਰਦੂਸ਼ਣ ਤੋਂ ਬਚੋ: ਸ਼ਹਿਰਾਂ ‘ਚ ਵਾਹਨਾਂ ਦੇ ਧੂੰਏਂ ਤੇ ਕਾਰਖਾਨਿਆਂ ਦੀਆਂ ਚਿਮਨੀਆਂ ‘ਚੋਂ ਨਿਕਲਦੀਆਂ ਜ਼ਹਿਰੀਲੀਆਂ ਗੈਸਾਂ ਵਾਤਾਵਰਨ ਪ੍ਰਦੂਸ਼ਿਤ ਕਰਦੀਆਂ ਹਨ। ਇਸ ਨਾਲ ਵਿਅਕਤੀ ਵਿਸੇਸ਼ ਦੇ ਅਜਿਹੇ ਵਾਤਾਵਰਨ ‘ਚ ਫੇਫੜਿਆਂ ਦੇ ਖਰਾਬ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਅਜਿਹੇ ਵਾਤਾਵਰਨ ‘ਚ ਚਿਹਰੇ ਤੇ ਮਾਸਕ ਪਹਿਨ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਸਵੇਰੇ ਦੀ ਸਾਫ਼ ਸੁਥਰੀ ਹਵਾ ‘ਚ ਕੁਝ ਦੇਰ ਪਾਰਕ ਚ ਟਹਿਲਣਾ ਚਾਹੀਦਾ ਹੈ ਜਿੱਥੋਂ ਦੀ ਹਵਾ ਪ੍ਰਦੂਸ਼ਿਤ ਨਾ ਹੋਵੇ।
ਅਲਰਜੀ ਤੋਂ ਬਚਾਅ: ਕੁਝ ਬੰਦੇ ਕੁਝ ਵਿਸ਼ੇਸ਼ ਵਸਤਾਂ ਦੇ ਸੰਪਰਕ ਚ ਆਉਂਦੇ ਹੀ ਤੇਜੀ ਨਾਲ ਖੰਘਣ ਲੱਗਦੇ ਹਨ ਅਤੇ ਖਾਂਸੀ ਉਦੋਂ ਤੱਕ ਬੰਦ ਨਹੀਂ ਹੁੰਦੀ ਜਦੋਂ ਤਕ ਵਿਅਕਤੀ ਉਸ ਵਾਤਾਵਰਣ ਤੋਂ ਪਾਸੇ ਹਟ ਨਹੀਂ ਜਾਂਦਾ। ਵਿਅਕਤੀਆਂ ਨੂੰ ਚਾਹੀਦਾ ਹੈ ਕਿ ਅਜਿਹੀਆਂ ਵਸਤਾਂ ਤੋਂ ਦੂਰ ਰਹਿਣ ਜੋ ਖਾਂਸੀ ਪੈਦਾ ਕਰਦੀਆਂ ਹਨ।
ਇਨਫੈਕਸ਼ਨ ਤੋਂ ਬਚਾਅ: ਮੌਸਮ ਬਦਲਣ ਦੇ ਨਾਲ ਬਹੁਤੇ ਲੋਕਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਤਾਂ ਕਿ ਮੌਸਮ ਦਾ ਅਸਰ ਸਰੀਰ ‘ਤੇ ਘੱਟੋ ਘੱਟ ਹੋਵੇ। ਜੋ ਲੋਕ ਮਰੀਜ਼ ਦੀ ਦੇਖਭਾਲ ਕਰਦੇ ਹਨ, ਉਨ੍ਹਾਂ ਨੂੰ ਇਤਹਾਦ ਵਰਤਣੀ ਚਾਹੀਦੀ ਹੈ। ਮਰੀਜ਼ ਦੇ ਐਨ ਸਾਹਮਣੇ ਨਾ ਬੈਠਣ ਤੇ ਉਨ੍ਹਾਂ ਵੱਲੋਂ ਵਰਤੇ ਗਏ ਰੁਮਾਲ ਜਾਂ ਤੌਲੀਏ ਦਾ ਪ੍ਰਯੋਗ ਵੀ ਨਾ ਕਰਨ। ਰੋਗੀ ਖੰਘਣ ਦੇ ਸਮੇਂ ਮੂੰਹ ‘ਤੇ ਰੁਮਾਲ ਰੱਖ ਲੈਣ ਤਾਂ ਕਿ ਰੋਗੀ ਦੇ ਮੂੰਹ ਚੋਂ ਨਿਕਲੀ ਹਵਾ ਤੰਦਰੁਸਤ ਬੰਦੇ ਦੇ ਫੇਫੜਿਆਂ ਵਿੱਚ ਨਾ ਜਾਵੇ। ਸਰਦੀ, ਕਾਲੀ ਖਾਂਸੀ, ਪਲੂਰਸੀ ਤੇ ਜਿਗਰ ਦੀ ਖਰਾਬੀ ਨਾਲ ਵੀ ਖਾਂਸੀ ਹੋ ਜਾਂਦੀ ਹੈ। ਸਾਹ ਨਾਲੀਆਂ ਦੀ ਛੇੜਛਾੜ ਤੇ ਸੋਜ ਪੈਦਾ ਕਰਨ ਵਾਲੇ ਪਦਾਰਥਾਂ ਦੇ ਪਹੁੰਚਣ ਨਾਲ, ਕੁਸ਼ਟ ਰੋਗ, ਟੀ ਬੀ ਰੋਗ, ਸਭ ਪ੍ਰਣਾਲੀ ਦੀ ਸੋਜ, ਨਿਮੋਨੀਆ, ਬਰੋਂਕਾਇਟਿਸ, ਦਮਾ, ਹਿਸਟੀਰੀਆ, ਗਲੇ ਚ ਕਿਸੇ ਚੀਜ਼ ਦੇ ਚਿਪਕਣ ਜਾਣ ਨਾਲ, ਭੋਜਨ ਕਰਦੇ ਸਮੇਂ ਆਹਾਰ ਦਾ ਕੁਝ ਅੰਸ਼ ਸਾਹ ਨਲੀ ‘ਚ ਚਲੇ ਜਾਣ ਨਾਲ ਆਦਿ ਕਾਰਨਾਂ ਕਰਕੇ ਵੀ ਖਾਂਸੀ ਹੋ ਜਾਂਦੀ ਹੈ। ਗਲੇ ਅਤੇ ਫੇਫੜਿਆਂ ਦੇ ਵਿਗਾੜਾਂ ਕਰਕੇ ਅਕਸਰ ਖਾਂਸੀ ਬਣੀ ਰਹਿੰਦੀ ਹੈ। ਹਰ ਤਰ੍ਹਾਂ ਦੀ ਖਾਂਸੀ ਰਾਤ ਵੇਲੇ ਵੱਧ ਉੱਠਦੀ ਹੈ। ਰੋਗੀ ਸੁੱਤਾ ਸੁੱਤਾ ਉੱਠ ਬੈਠਦਾ ਹੈ ਤੇ ਉਸ ਦਾ ਚਿਹਰਾ ਲਾਲ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਖਾਸੀ ਨਾਲ ਹਲਕਾ ਬੁਖਾਰ ਵੀ ਰਹਿੰਦਾ ਹੈ। ਬੱਚਿਆਂ ‘ਚ ਇਸ ਤਰ੍ਹਾਂ ਦੀ ਖਾਂਸੀ ਕਾਲੀ ਖਾਂਸੀ (ਵੂਪਿੰਗ ਕਫ) ਦੇ ਰੂਪ ਚ ਮਿਲਦੀ ਹੈ। ਖਾਂਸੀ ਦਾ ਕਾਰਨ ਜੋ ਵੀ ਰੋਗ ਹੋਵੇ ਉਸ ਦੀ ਪਹਿਚਾਣ ਤੇ ਸਹੀ ਇਲਾਜ ਹੀ ਤੰਦਰੁਸਤੀ ਮੋੜ ਕੇ ਲਿਆ ਸਕਦਾ ਹੈ।
* ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ
9815629301