Hindi English Sunday, 27 April 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਸਿਹਤ/ਪਰਿਵਾਰ

More News

ਵੱਡੀ ਉਮਰ ਦਾ ਗਠੀਆ (ਆਸਟੀਓ ਆਰਥਰਾਈਟਸ)-ਕਾਰਨ, ਲੱਛਣ, ਇਲਾਜ ਤੇ ਪ੍ਰਹੇਜ਼

Updated on Thursday, December 28, 2023 07:49 AM IST

     

ਡਾ. ਅਜੀਤਪਾਲ ਸਿੰਘ ਐਮ.ਡੀ.

 ਡਾ ਅਜੀਤਪਾਲ ਸਿੰਘ ਐੱਮ ਡੀ                                    

ਸਰੀਰ ਦੀਆਂ ਹੱਡੀਆਂ ਦੇ ਜੋੜਾਂ ‘ਚ ਹੋਣ ਵਾਲੀ ਸੋਜ ਨੂੰ ਗਠੀਆ (ਆਰਥਰਾਇਟਿਸ) ਕਿਹਾ ਜਾਂਦਾ ਹੈ। ਅੱਜ ਦੇ ਪ੍ਰਚੱਲਤ ਡਾਕਟਰੀ ਵਿਗਿਆਨ ਨੇ ਆਰਥਰਾਈਟਿਸ(ਗੱਠੀਏ) ਦੇ ਕਈ ਭੇਤ ਦੱਸੇ ਹਨ ਜਿਵੇਂ ਕਿ ਆਮ ਗੱਠੀਆ (ਰਿਊਮੇਟਾਇਡ ਆਰਥਰਾਇਟਿਸ), ਗਨੋਰੀਅਲ ਆਰਥਰਾਈਟਿਸ, ਜੁਵੇਨਾਈਲ ਆਰਥਰਾਈਟਿਸ ,ਵੱਡੀ ਉਮਰ ਦਾ ਗਠੀਆ (ਓਸਟੀਓ ਆਰਥਰਾਇਟਿਸ), ਨਿਊਰੋ ਟ੍ਰਾਪਿਕ ਆਰਥਰਾਇਟਿਸ ਆਦਿ ਤੋਂ ਇਲਾਵਾ ਕੁਝ ਹੋਰ ਵੀ ਕਿਸਮਾਂ ਹਨ।                              

ਅੱਜ ਕੱਲ੍ਹ ਗੋਡੇ ਬਦਲਣੇ ਆਮ ਗੱਲ ਹੋ ਗਈ ਹੈ। ਹੱਡੀਆਂ ਦੇ ਜੋੜ ਦੋ ਕਿਸਮ ਦੇ ਹੁੰਦੇ ਹਨ। ਇੱਕ ਕਿਸਮ ਤਾਂ ਅਜਿਹੀ ਹੁੰਦੀ ਹੈ ਜਿਸ ਵਿੱਚ ਹੱਡੀਆਂ ਦੇ ਜੋੜ ਉੱਪਰੋਂ ਹੇਠਾਂ, ਖੱਬੇ ਸੱਜੇ ਸਭ ਪਾਸੇ ਮੁੜਦੇ ਹਨ। ਇਸ ਕਰਕੇ ਅਸੀਂ ਚੱਲ ਫੇਰ ਸਕਦੇ ਹਾਂ, ਦੌੜ ਹੋ ਸਕਦੇ ਹਾਂ, ਪਾਣੀ ਵਿੱਚ ਤੈਰ ਸਕਦੇ ਹਾਂ। ਇਹ ਜੋੜ ਮੋਢੇ, ਕੂਹਣੀਆਂ, ਕਮਰ, ਕੁੱਲੇ, ਗੋਡੇ ਤੇ ਗਿੱਟਿਆਂ ਦੇ ਹੁੰਦੇ ਹਨ। ਦੂਜੀ ਕਿਸਮ ਅਜਿਹੀ ਹੁੰਦੀ ਹੈ ਜਿਸ ਵਿੱਚ ਜੋੜਾਂ ਦੀ ਗਤੀਸ਼ੀਲਤਾ ਹੁੰਦੀ ਹੈ ਜਾਂ ਫੇਰ ਹੁੰਦੀ ਹੀ ਨਹੀਂ। ਜਿਵੇਂ ਘੱਟ ਗਤੀ ਵਾਲੀਆਂ ਰੀੜ੍ਹ ਦੀਆਂ ਹੱਡੀਆਂ ਤੇ ਗਤੀ ਨਾ ਕਰਨ ਵਾਲੀਆਂ ਖੋਪੜੀ ਦੀਆਂ ਹੱਡੀਆਂ ਦੇ ਜੋੜ ਠੀਕ ਤਰ੍ਹਾਂ ਜੁੜੇ ਰਹਿਣ ਤੇ ਆਪਣਾ ਕੰਮ ਠੀਕ ਤਰ੍ਹਾਂ ਨਾਲ ਕਰਦੇ ਰਹਿਣ। ਇਸ ਲਈ ਕੁਦਰਤ ਨੇ ਸੁਰੱਖਿਆ ਦੀ ਵਿਵਸਥਾ ਵੀ ਪੂਰੀ ਤਰ੍ਹਾਂ ਕੀਤੀ ਹੈ ਯਾਨੀ ਜੋੜਾਂ ਦੇ ਆਸ ਪਾਸ ਚਾਰੇ ਪਾਸੇ ਤੰਤੂਆਂ ਅਤੇ ਮਾਸਪੇਸ਼ੀਆਂ ਦਾ ਇੱਕ ਅਵਰਨ (ਕੈਪਸੂਲ) ਬਣਾ ਰੱਖਿਆ ਹੈ। ਇਹ ਕੈਪਸੂਲ ਅੰਦਰ ਦੋ ਵਿਸ਼ੇਸ਼ ਤੱਤ ਹੁੰਦੇ ਹਨ ਇੱਕ ਕਾਰਟੀਲੇਜ (ਵਾਸ਼ਲ ਵਾਗੂੰ) ਦੂਜੀ ਲੇਸਦਾਰ ਝਿੱਲੀ (ਸਾਇਨੋਵੀਅਲ ਮੈਂਬਰੇਨ) ਕਾਰਟੀਲੇਜ ਨਰਮ ਤੇ ਚਿਕਨੀ ਹੁੰਦੀ ਹੈ ਅਤੇ ਦੂਜੀ ਝਿੱਲੀ ਟਾਈਪ ਸ਼ੇਦਯੁੱਕਤ ਤੇ ਚਿਕਨੀ ਹੁੰਦੀ ਹੈ ਜਿਸ ‘ਚ ਪਾਣੀ ਤੇ ਪ੍ਰੋਟੀਨ ਹੁੰਦੇ ਹਨ ਜਿਸ ਨਾਲ ਕੋਲੇਜਨ ਪ੍ਰੋਟੀਨ ਇੱਕ ਜਾਲ ਨੁਮਾ ਆਕਿਰਤੀ ਬਣਾਉਂਦਾ ਹੈ ਜੋ ਜੋੜ ਨੂੰ ਸਥਿਰਤਾ ਤੇ ਲਚਕੀਲਾਪਣ ਦਿੰਦਾ ਹੈ। ਪਾਣੀ ਤੇ ਜਾਲ ਮਿਲਾਕੇ ਇੱਕ ਮਜ਼ਬੂਤ ਗੱਦੀਨੁਮਾਂ ਬਣਤਰ ਬਣਾਉਂਦੇ ਹਨ ਜੋ ਜੋੜ ਤੇ ਗਤੀ ਦੌਰਾਨ ਹੱਡੀਆਂ ਨੂੰ ਸਹਿਜ ਗਤੀਸ਼ੀਲਤਾ ਦੇਣ ਵਾਲੀ ਤੇ ਘਸਰਨ ਤੋਂ ਉਹਨਾਂ ਦੀ ਰਾਖੀ ਕਰਨ ਵਾਲੀ ਹੁੰਦੀ ਹੈ। ਇਹ ਸ਼ਲੇਸ਼ਮਿਕ ਝਿੱਲੀ ਜੋੜ ਦੀ ਕੋਠੜੀ ਦੀ ਅੰਦਰਲੀ ਪਰਤ ਬਣਾਉਂਦੀ ਹੈ ਅਤੇ ਇਸ ਕੋਠੜੀ ਦੇ ਵਿੱਚ ਇੱਕ ਚਿਕਨਾ ਤਰਲ ਪਦਾਰਥ (ਸਾਇਨੋਵੀਅਲ ਫਲਿਊਡ) ਰਿਸਦਾ ਰਹਿੰਦਾ ਹੈ ਜਿਵੇਂ ਮਸ਼ੀਨ ਦੇ ਕੁੱਲ ਪੁਰਜਿਆਂ ਨੂੰ ਤੇਲ ਜਾਂ ਗ੍ਰੀਸ ਲਾਇਆ ਜਾਂਦਾ ਹੈ ਤਾਂ ਕਿ ਉਹ ਘਿਸਨ ਤੋਂ ਬਚੇ ਰਹਿਣ ਅਤੇ ਸੌਖਿਆਂ ਹੀ ਗਤੀ ਕਰਦੇ ਰਹਿਣ, ਉਸੇ ਤਰ੍ਹਾਂ ਕੁਦਰਤ ਨੇ ਹੱਡੀਆਂ ਦੇ ਜੋੜਾਂ ਵਿੱਚ ਇਸ ਤਰਲ ਪਦਾਰਥ ਦੀ ਵਿਵਸਥਾ ਕਰ ਰੱਖੀ ਹੈ ਤਾਂ ਕਿ ਜੋੜ ਤੇ ਹੱਡੀਆਂ ਭਲੀ ਪ੍ਰਕਾਰ ਗਤੀ ਕਰ ਸਕਣ ਅਤੇ ਇਹ ਆਪਸੀ ਰਗੜ ਖਾਣ ਤੋਂ ਬਚੀਆਂ ਰਹਿਣ। ਇਹੀ ਵਜ੍ਹਾ ਹੈ ਕਿ ਦਿਨ ਭਰ ਕੰਮਕਾਜ ਕਰਦੇ ਰਹਿਣ ਨਾਲ ਹੱਡੀਆਂ ਦੇ ਇਹ ਜੋੜ ਅਣਗਿਣਤ ਵਾਰ ਗਤੀ ਕਰਦੇ ਹਨ ਪਰ ਆਪਸ ਵਿੱਚ ਹੱਡੀਆਂ ਰਗੜ ਨਹੀਂ ਖਾਂਦੀਆਂ।                                                          

ਹੁਣ ਆਪਾਂ ਆਸਟੀਓ ਆਰਥਰਾਈਟਿਸ ਤੇ ਚਰਚਾ ਕਰਦੇ ਹਾਂ ਆਸਟੀਓ ਆਰਥਰਾਈਟਸ (ਵੱਡੀ ਉਮਰ ਦਾ ਗਠੀਆ) ਹੱਡੀਆਂ ਤੇ ਜੋੜਾਂ ਦਾ ਉਹ ਵਿਗਾੜ ਹੈ ਜਿਸ ਵਿੱਚ ਜੋੜਾਂ ਦੀ ਕਾਰਟੀਲੇਜ ਦਾ ਹਰਜਾ ਹੋਣ ਲੱਗਦਾ ਹੈ ਇਸ ਲਈ ਇਸ ਨੂੰ ਡੀਜਨਰੇਟਿਵ ਆਰਥਰਾਈਟਸ ਵੀ ਕਿਹਾ ਜਾਂਦਾ ਹੈ ਅਤੇ ਅਕਸਰ ਇਹ ਵੱਡੀ ਉਮਰ ਦੇ ਲੋਕਾਂ ਨੂੰ ਹੁੰਦਾ ਹੈ। ਹਾਲਾਂਕਿ ਅੱਜ ਕੱਲ੍ਹ ਦੇ ਗਲਤ ਖਾਣ ਪੀਣ ਅਤੇ ਜੀਵਨ ਸ਼ੈਲੀ ਦੇ ਸਿੱਟੇ ਵਜੋਂ ਘੱਟ ਉਮਰ ਦੇ ਲੋਕ ਵੀ ਇਸ ਦੇ ਸ਼ਿਕਾਰ ਹੋ ਜਾਂਦੇ ਹਨ। ਵੱਧ ਭਾਰ ਤੇ ਦਬਾਅ ਝੱਲਣ ਵਾਲੇ ਜੋੜ ਜਿਵੇਂ ਗੋਡੇ, ਗਿੱਟੇ, ਕੁੱਲੇ, ਰੀੜ, ਹੱਥ ਅਤੇ ਪੈਰਾਂ ਆਦਿ ਵਿੱਚੋਂ ਜਿਸ ਜੋੜ ਦੀ ਕਾਰਟੀਲੇਜ ਪਕੜਦੀ ਹੈ ਤਾਂ ਉਥੋਂ  ਦੀ ਕਾਰਟੀਲੇਜ ਨੂੰ ਹਰਜਾ ਮੱਠੀ ਰਫ਼ਤਾਰ ਨਾਲ ਹੋਣ ਲੱਗਦਾ ਹੈ। ਸ਼ੁਰੂ ਚ ਕਾਰਟੀਲੇਜ ਚ ਸੋਜ ਪੈ ਜਾਂਦੀ ਹੈ ਤੇ ਫਿਰ ਇਸ ਚੋਂ ਪਾਣੀ ਤੇ ਪ੍ਰੋਟੀਨ ਖਾਰਜ ਹੋਣ ਲੱਗਦੇ ਹਨ ਤੇ ਫਿਰ ਕਾਰਟੀਲੇਜ ਚ ਦਰਾੜਾਂ ਅਤੇ ਟੋਏ ਪੈਣ ਲੱਗਦੇ ਹਨ। ਰੋਗ ਨਾਲ ਇਹ ਹਰਜਾ ਹੌਲੀ ਹੌਲੀ ਵਧਦਾ ਜਾਂਦਾ ਹੈ ਅਤੇ ਆਖਿਰ ਵਿੱਚ ਕਾਰਟੀਲੇਜ ਦਾ ਥੋੜ੍ਹਾ ਹਿੱਸਾ ਹਰਜਾ ਚੱਲ ਕੇ ਨਸ਼ਟ ਹੋ ਜਾਂਦਾ ਹੈ ਅਤੇ ਜੋੜ ਦੀ ਕੋਠੜੀ (ਕੈਵਿਟੀ) ਵਿੱਚ ਹੱਡੀਆਂ ਦੇ ਸਾਰੇ ਸਿਰੇ ਅਸੁਰੱਖਿਅਤ ਰੂਪ ਚ ਖੁੱਲ੍ਹੀ ਹਾਲਤ ਚ ਰਹਿ ਜਾਂਦੇ ਹਨ। ਅਜਿਹੀ ਹਾਲਤ ਚ ਜੋੜਾਂ ਦੀ ਵਰਤੋਂ ਹੋਣ ਤੇ ਹੱਡੀਆਂ ਦੇ ਸਿਰਿਆਂ ਦਾ ਹਰਜ਼ਾ ਹੁੰਦਾ ਹੈ ਅਤੇ ਰੋਗ ਦੇ ਲੱਛਣ ਉੱਭਰਦੇ ਹਨ।                                                        

 ਕਾਰਨ ਕੀ ਹਨ :-

ਅੱਜ ਦੇ ਇਸ ਵਿਗਿਆਨਕ ਯੁੱਗ ਵਿੱਚ ਭੌਤਿਕ ਸਾਧਨਾਂ ਨਾਲ ਜੀਵਨ ਦੀਆਂ ਸੁੱਖ ਸਹੂਲਤਾਂ ਲਗਾਤਾਰ ਵੱਧ ਰਹੀਆਂ ਹਨ। ਡਾਕਟਰੀ ਵਿਗਿਆਨ ਵੀ ਨਿੱਤ ਨਵੀਆਂ ਖੋਜਾਂ ਕਾਰਨ ਮਾਨਵ ਜੀਵਨ ਦੇ ਪੱਧਰ ਨੂੰ ਸੁਧਾਰਨ ਵਿੱਚ ਲੱਗਿਆ ਹੋਇਆ ਹੈ। ਆਧੁਨਿਕ ਸਹੂਲਤਾਂ ਨਾਲ ਲੈਸ ਵੱਡੇ ਵੱਡੇ ਹਸਪਤਾਲ ਸੀਟੀ ਸਕੈਨ, ਐਮਆਰਆਈ ਵਰਗੀਆਂ ਆਧੁਨਿਕ ਤਕਨੀਕਾਂ ਨਾਲ ਲੈਸ ਲੈਬਾਟਰੀਆਂ ਤੇ ਤਰ੍ਹਾਂ ਤਰ੍ਹਾਂ ਦੇ ਮਾਹਰਾਂ ਦੀਆਂ ਟੀਮਾਂ ਸਭ ਕੁਝ ਤਾਂ ਹੈ। ਟੈਲੀਵਿਜ਼ਨ ਅਤੇ ਅਖ਼ਬਾਰਾਂ ‘ਚ ਸਮਾਜ ਦੇ ਜਾਣੇ ਪਛਾਣੇ ਬੰਦੇ ਫਿਲਮ ਕਲਾਕਾਰ ਖਿਡਾਰੀ ਅੱਧੀ ਚੁਟਕੀਆਂ ਚ ਗੋਡੇ ਠੀਕ ਕਰ ਦੇਣ ਵਾਲੇ ਤੇਲ ਤੇ ਦਵਾਈਆਂ ਦਾ ਪ੍ਰਚਾਰ ਕਰ ਰਹੇ ਹਨ। ਵੱਖ ਵੱਖ ਪ੍ਰਚਾਰ ਮਾਧਿਅਮ ਰਾਹੀਂ ਉੱਠਣ ਬੈਠਣ ਦੇ ਤਰੀਕੇ ਯੂਰਪੀਅਨ ਟਾਇਲਟ ਦੀ ਵਰਤੋਂ ਖਾਣ ਪੀਣ ਦੇ ਸਹੀ ਮਾਪਦੰਡਾ ਦੀ ਵਰਤੋਂ ਦੀ ਸਿੱਖਿਆ ਦਿੱਤੀ ਜਾ ਰਹੀ ਹੈ। ਇਨ੍ਹਾਂ ਸਭ ਦੇ ਬਾਵਜੂਦ ਆਸਟਿਓ ਅਰਥਰਾਈਟਿਸ ਦੇ ਰੋਗੀਆਂ ਦੀ ਔਸਤ ਉਮਰ ਚਾਲੀ-ਪੰਜਾਹ ਸਾਲ ਹੋ ਗਈ ਹੈ। ਅੱਜ ਇਸ ਰੋਗ ਨਾਲ ਪੀੜਤ ਲੋਕਾਂ ਦੀ ਗਿਣਤੀ ਚ ਬੇਤਹਾਸ਼ਾ ਵਾਧਾ ਵੇਖਿਆ ਜਾ ਰਿਹਾ ਹੈ। ਇੱਕ ਸਰਵੇ ਅਨੁਸਾਰ ਭਾਰਤ ਵਿੱਚ ਕਰੀਬ ਚਾਰ ਕਰੋੜ ਸੱਠ ਲੱਖ ਲੋਕ ਇਸ ਬਿਮਾਰੀ ਦੀ ਮਾਰ ਹੇਠ ਹਨ। ਅੱਜ ਤੋਂ ਤੀਹ-ਚਾਲ੍ਹੀ ਸਾਲ ਪਹਿਲਾਂ ਸੱਤਰ ਅੱਸੀ ਸਾਲਾਂ ਦੇ ਬਜ਼ੁਰਗਾਂ ਵਿੱਚ ਵੀ ਜੋੜਾਂ ਦੇ ਦਰਦਾਂ ਦੀ ਸ਼ਿਕਾਇਤ ਨਾਂਹ ਦੇ ਬਰਾਬਰ ਸੀ ਪਰ ਅੱਜ ਕੱਲ੍ਹ ਪੰਜਾਹ ਸਾਲ ਦੀ ਉਮਰ ਆਉਂਦਿਆਂ ਹੀ ਗੋਡੇ ਤਬਦੀਲ ਕਰਨ ਦੀ ਨੌਬਤ ਆ ਜਾਂਦੀ ਹੈ। ਪਹਿਲਾਂ ਦੇ ਲੋਕਾਂ ਨੂੰ ਅੱਜ ਦੇ ਦੌਰ ਦੀਆਂ ਅਧੁਨਿਕ ਸਹੂਲਤਾਂ, ਤੌਰ-ਤਰੀਕੇ ਖਾਣ-ਪੀਣ, ਉਮੇਗਾ- 3 ਫੈਟੀ ਏਸਿਡ ਤੇ ਬੀ-6 ਵਰਗੇ ਪੌਸ਼ਟਿਕ ਤੱਤਾਂ, ਯੂਰੋਪੀਅਨ ਟਾਇਲਟਸ, ਸੋਫਾ, ਕੁਰਸੀ ਦੀ ਵਰਤੋਂ ਬਾਰੇ ਜਾਣਕਾਰੀ ਦੇਣ ਵਾਲੇ ਪ੍ਰਚਾਰ ਮਾਧਿਅਮ ਇਹ ਕੁਝ ਨਹੀਂ ਸੀ। ਫਿਰ ਵੀ ਉਨ੍ਹਾਂ ਦੀਆਂ ਹੱਡੀਆਂ ਦੇ ਜੋੜ ਬੁਢਾਪੇ ਤੱਕ ਠੀਕ ਠਾਕ ਬਣੇ ਰਹਿੰਦੇ ਸਨ। ਕੀ ਸਾਨੂੰ ਅਧੁਨਿਕਤਾ ਦੇ ਨਾਲ ਉਨ੍ਹਾਂ ਲੋਕਾਂ ਦੇ ਆਹਾਰ ਵਿਹਾਰ ਤੇ ਜੀਵਨ ਸ਼ੈਲੀ ਬਾਰੇ ਚਿੰਤਨ ਕਰਨ ਦੀ ਲੋੜ ਨਹੀਂ ਹੈ ? ਅਧੁਨਿਕਤਾ ਦੇ ਨਾਂਅ ਹੇਠ ਆਮ ਗਿਆਨ ਦੀ ਘਾਟ ਕਾਰਨ ਕੀ ਅਸੀਂ ਆਪਣੀ ਸਿਹਤ ਨਾਲ ਖਿਲਵਾੜ ਤਾਂ ਨਹੀਂ ਕਰ ਰਹੇ ? ਆਸਟਿਓ ਅਰਥਰਾਈਟਿਸ ਸਿਆਣੀ ਚਿੱਲੀ ਦੇ ਤਰਲ ਸਾਇਨੋਵੀਅਲ ਫਲੂਡ ਦਾ ਸੁੱਕਣਾ ਤੇ ਕਾਰਟੀਲੇਜ ਦਾ ਘਿਸਨਾ ਅਕਸਰ ਬੁਢੇਪੇ ਵਿੱਚ ਦੇਖੀ ਜਾਣ ਵਾਲੀ ਬੀਮਾਰੀ ਹੈ। ਪਰ ਅੱਜ ਕਲ੍ਹ 40-45 ਸਾਲ ਦੀ ਉਮਰ ਦੇ ਲੋਕ ਵੀ ਇਸ ਦੀ ਮਾਰ ਹੇਠ ਵੇਖੇ ਜਾਣ ਲੱਗੇ ਹਨ।ਇਸ ਦੇ ਕਈ ਕਾਰਨ ਹਨ।                 

(1)ਪਿਤਾ ਪੁਰਖੀ:-- ਜਿੰਨ੍ਹਾਂ ਲੋਕਾਂ ਦੇ ਮਾਂ-ਬਾਪ, ਦਾਦਾ-ਦਾਦੀ, ਨਾਨਾ-ਨਾਨੀ ਇਸ ਰੋਗ ਦੇ ਰੋਗੀ ਰਹੇ ਹੋਣ ਉਨ੍ਹਾਂ ਨੂੰ ਇਸ ਦੇ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਨ੍ਹਾਂ ਕੇਸਾਂ ਚ ਜੋੜ ਦਾ ਜਮਾਂਦਰੂ ਪੱਧਰ ‘ਤੇ ਹਰਜਾ ਹੋਣ ਦਾ ਰੁਝਾਨ ਰਹਿਂਦਾ ਹੈ ਤੇ ਉਮਰ ਵਧਣ ਦੇ ਨਾਲ ਹੀ ਕਾਰਟੀਲੇਜ ਦੀ ਜੋੜ ਦੀ ਰਾਖੀ ਕਰਨ ਦੀ ਸਮਰਥਾ ਘਟ ਜਾਂਦੀ ਹੈ। ਰਿਊਮੇਟਾਇਡ ਆਰਥਰਾਇਟਿਸ ਦੇ ਰੋਗੀਆਂ ਚ ਵੀ ਜੋੜਾਂ ਦੇ ਖਰਾਬ ਹੋਣ ਦੀ ਸੰਭਾਵਨਾ ਵੱਧ ਰਹਿੰਦੀ ਹੈ।                                                    

(2) ਜ਼ੋਰ ਦੀ ਸੱਟ ਲੱਗਣੀ:- ਇਹ ਰੋਗ ਦੇ ਪੈਦਾ ਹੋਣ ਨਾਲ ਇੱਕ ਪ੍ਰਮੁੱਖ ਕਾਰਨ ਹੁੰਦਾ ਹੈ। ਜੋੜ ਤੇ ਸੱਟ ਵੱਜਣ ਜਾਂ ਲੋੜੋਂ ਵੱਧ ਭਾਰ ਪੈਣ ਨਾਲ ਇਹ ਰੋਗ ਪੈਦਾ ਹੋ ਜਾਂਦਾ ਹੈ। ਜਿਨ੍ਹਾਂ ਲੋਕਾਂ ਦੇ ਗੋਡੇ ਤੇ ਸੱਟ ਵੱਜ ਜਾਂਦੀ ਹੈ ਜਾਂ ਉਨ੍ਹਾਂ ਦਾ ਸਰੀਰ ਮੋਟਾਪੇ ਦਾ ਸ਼ਿਕਾਰ ਰਹਿੰਦਾ ਹੈ, ਉਨ੍ਹਾਂ ਨੂੰ ਗੋਡਿਆਂ ਚ ਆਸਟਿਓ ਅਰਥਰਾਈਟਿਸ ਹੋਣ ਦੀ ਸੰਭਾਵਨਾ ਹੋਰ ਲੋਕਾਂ ਦੀ ਤੁਲਨਾ ਚ ਵੱਧ ਹੁੰਦੀ ਹੈ। ਜਦ ਅਸੀਂ ਚੱਲਣ ਲਈ ਪੁਲਾਂਘ ਪੁਟਦੇ ਹਾਂ ਤਾਂ ਗੋਡੇ ਦੇ ਕੁੱਲੇ ਦੇ ਜ਼ੋਰ ਤੇ ਸਰੀਰ ਦੇ ਵਜ਼ਨ ਤੋਂ ਤਿੰਨ ਗੁਣਾ ਵੱਧ ਦਬਾਅ ਪੈਂਦਾ ਹੈ ਜਾਂ ਜਦੋਂ ਪੌੜੀਆਂ ਉੱਤਰਦੇ ਹਾਂ ਤਾਂ ਇਹ ਦਬਾਅ ਛੇ ਗੁਣਾ ਵੱਧ ਜਾਂਦਾ ਹੈ, ਇਸ ਲਈ ਮੋਟੇ ਲੋਕਾਂ ਨੂੰ ਗੋਡਿਆਂ ਦੀ ਸਮੱਸਿਆ ਖੜ੍ਹੀ ਹੋ ਜਾਂਦੀ ਹੈ।         

 (3) ਇਨਫੈਕਸ਼ਨ:- ਕਿਸੇ ਕਿਸਮ ਦੀ ਬੈਕਟੀਰੀਅਲ ਵਾਇਰਲ ਇਨਫੈਕਸ਼ਨ ਦੇ ਤੇਜ਼ ਰੂਪ ਕਾਰਨ ਜੋੜ ਇਸ ਰੋਗ ਦੀ ਮਾਰ ਹੇਠ ਆ ਜਾਂਦੇ ਹਨ। ਇਸ ਤਰ੍ਹਾਂ ਸੋਰਾਇਸਿਸ ਨਾਮਕ ਚਮੜੀ ਰੋਗ ਹੋਣ ਤੇ ਵੀ ਗਠੀਆ (ਆਸਟੀਓ-ਆਰਥਰਾਇਟਸ) ਹੋ ਜਾਂਦਾ ਹੈ ।      

(4) ਹੋਰ ਕਰਨ:- ਜਿਵੇਂ ਖ਼ੂਨ ਦਾ ਵਿਗਾੜ-ਹੀਮੋਫੀਲੀਆ ਜਿਸ ਚ ਜੋੜਾਂ ਅੰਦਰ ਖੂਨ ਰਿਸ ਜਾਂਦਾ ਹੈ,  ਸ਼ੂਗਰ,ਬਲੱਡ ਪ੍ਰੈਸ਼ਰ,ਹਾਈਪਰ ਥਾਇਰਾਈਡ ਆਦਿ ਕਾਰਨ ਹੁੰਦੇ ਹਨ।                           

(5)ਵਿਸ਼ੇਸ਼ ਕਾਰਨ:-  ਘੱਟ ਉਮਰ ਦੇ ਇਸ ਰੋਗ ਦੀ ਉਤਪਤੀ ਪਿੱਛੇ ਸਭ ਤੋਂ ਅਹਿਮ ਕਾਰਨ ਹੈ ਗਲਤ ਆਹਾਰ ਵਿਹਾਰ ਤੇ ਗਲਤ ਜੀਵਨ ਸ਼ੈਲੀ। ਰੋਜ਼ਾਨਾ ਕੰਮਾਂ ‘ਚ ਸਰਗਰਮੀ ਤੇ ਕਸਰਤ ਦੀ ਘਾਟ ਹੱਡੀਆਂ, ਕਾਰਾਟੀਲੇਜ ਤੇ ਪੱਠੇ ਕਮਜ਼ੋਰ ਹੋ ਜਾਂਦੇ ਹਨ। ਇਸ ਲਈ ਇੱਕ ਵਾਰੀ ਫਿਰ ਸਿਹਤ ਦੀ ਪਰਿਭਾਸ਼ਾ ਤੇ ਵਿਚਾਰ ਕਰਨਾ ਜ਼ਰੂਰੀ ਹੋ ਜਾਂਦਾ ਹੈ। ਅੱਜ ਕੱਲ ਨਾ ਤਾਂ ਸਾਡੇ ਰੋਜ਼ਾਨਾ ਦੇ ਰੁਝੇਵੇ ਸਹੀ ਹਨ ਤੇ ਨਾ ਹੀ ਅਸੀਂ ਸਿਹਤ ਨਿਯਮਾਂ ਦੀ ਪਾਲਣਾ ਕਰਦੇ ਹਾਂ। ਅਸੀਂ ਜਵਾਨੀ ਵਿੱਚ ਹੀ ਬੁਢਾਪੇ ਵਰਗੇ ਵਿਗਾੜਾਂ ਨੂੰ ਸੱਦਾ ਦੇ ਲੈਂਦੇ ਹਾਂ। ਅੱਜ ਦੇ ਭੋਜਨ ‘ਚ ਬਣਾਉਟੀ ਤੇ ਬਾਜ਼ਾਰੂ ਵਸਤਾਂ ਦੀ ਵਰਤੋਂ ਦਾ ਰਿਵਾਜ ਹੋ ਗਿਆ ਹੈ। ਚਾਹ, ਕੌਫੀ, ਸ਼ਰਾਬ, ਸਿਗਰਟਨੋਸ਼ੀ, ਡਿੱਬਾ ਬੰਦ ਬੇਹੇ ਖੁਰਾਕੀ ਪਦਾਰਥ, ਟਰਾਂਸਫੈਟ, ਰਿਫਾਈਂਡ ਆਇਲ, ਚਰਬੀ ਆਦਿ ਨਾਲ ਸੋਜ ਨੂੰ ਸੱਦਾ ਦੇਣ ਵਾਲੇ ਤੱਤਾਂ ਦਾ ਨਿਰਮਾਣ ਹੁੰਦਾ ਹੈ। ਜਿਸ ਕਾਰਨ ਲੰਮੇ ਸਮੇਂ ਦੀ ਨਿਮਨ ਪੱਧਰੀ ਸੋਜ ਸਰੀਰ ‘ਚ ਬਣੀ ਰਹਿੰਦੀ ਹੈ ਜੋ ਆਖਰਕਾਰ ਗਠੀਆ ਪੈਦਾ ਕਰਨ ਦਾ ਕਾਰਨ ਬਣਦੀ ਹੈ। ਫਰਿਜ਼ ਵਿੱਚ ਰੱਖਿਆ ਖਾਣਾ, ਪੀਜ਼ਾ, ਬਰਗਰ, ਨਿਊਡਲਜ਼, ਪੇਸਟਰੀ, ਕੇਕ, ਨਮਕੀਨ, ਬਿਸਕੁਟ, ਪਲਾਸਟਿਕ ਦੀਆਂ ਬੋਤਲਾਂ ਚ ਭਰੀ ਕੋਲਡ ਡ੍ਰਿੰਕਸ ਆਦਿ ਅਤੇ ਉਦਾਸੀ, ਤਣਾਅ, ਰਾਤ ਦਾ ਜਾਗਣਾ, ਦਿਨੇ ਸੌਣਾ, ਆਲਸੀ, ਰੁਝੇਵੇ  ਜਿਵੇਂ ਟੀ ਵੀ, ਮੋਬਾਈਲ ਜਾਂ ਲੈਪਟਾਪ ਤੇ ਵੱਧ ਸਮਾਂ ਰੁੱਝੇ ਰਹਿਣਾ, ਕਸਰਤ ਨਾ ਕਰਨੀ ਆਦਿ ਕਾਰਕ ਹਨ ਜੋ ਪੇਟ ਖਰਾਬ ਕਰਦੇ ਹਨ ਤੇ ਪੇਟ ‘ਚ ਗੈਸ ਭਰਦੇ ਹਨ ਜਿਸ ਨਾਲ ਅੰਤੜੀਆਂ ਦੀ ਚਾਲ ਮੱਠੀ ਪੈ ਜਾਂਦੀ ਹੈ। ਜੋੜਾਂ ਦੀ ਚਿਕਨਾਈ ਘਟ ਜਾਂਦੀ ਹੈ।ਜੋੜਾਂ ਦਾ ਗਰੀਸ ਨੁਮਾ ਪਦਾਰਥ ਸੁੱਕਣ ਲੱਗਦਾ ਹੈ, ਕਾਰਟੀਲੇਜ ਘਿਸਨ ਲੱਗਦੀ ਹੈ। ਇਸੇ ਕਰਕੇ ਲੋਕ ਤੀਹ-ਚਾਲੀ ਸਾਲ ਦੀ ਉਮਰ ਵਿੱਚ ਹੀ ਮੋਟਾਪੇ, ਸ਼ੂਗਰ, ਗਠੀਆ ਅਤੇ ਬਲੱਡ ਪ੍ਰੈਸ਼ਰ ਦਾ ਸ਼ਿਕਾਰ ਹੋ ਜਾਂਦੇ ਹਨ। ਕਲੈਸਟਰੋਲ ਵਧ ਜਾਂਦਾ ਹੈ। ਡਾਕਟਰ ਉਨ੍ਹਾਂ ਨੂੰ ਚਿਕਨਾਈ ਬੰਦ ਕਰਨ ਦੀ ਰਾਇ ਦਿੰਦੇ ਹਨ। ਅੱਜ ਕੱਲ੍ਹ ਦੁੱਧ, ਦਹੀਂ, ਲੱਸੀ ਦੀ ਥਾਂ ਕੋਲਡ ਡ੍ਰਿਕਸ ਦਾ ਰਿਵਾਜ ਹੋ ਗਿਆ ਹੈ, ਜਿਨ੍ਹਾਂ ਵਿੱਚ ਪ੍ਜ਼ਰਵੇਟਿਵ ਪਾਏ ਹੁੰਦੇ ਹਨ।                                        

ਲੱਛਣ:-- ਹੌਲੀ ਹੌਲੀ ਸ਼ੁਰੂ ਹੁੰਦੇ ਹਨ। ਜੋੜਾਂ ਚ ਅਕੜਾਅ ਤੇ ਸੋਜ਼ ਆਉਣ ਲੱਗਦੀ ਹੈ। ਜੋੜਾਂ ਚ ਲਾਲੀ ਤੇ ਦਰਦ ਪੈਦਾ ਹੁੰਦਾ ਹੈ ਅਤੇ ਜੋੜਾਂ ਦਾ ਮੁੜਨਾ ਸੀਮਤ ਹੋ ਜਾਂਦਾ ਹੈ। ਸਵੇਰੇ ਉੱਠਣ ਵੇਲੇ ਅਕੜਾਅ ਰਹਿੰਦਾ ਹੈ। ਸਰਦੀ ਕਾਰਨ ਗਠੀਆ ਵਧਦਾ ਹੈ। ਜੋੜਾਂ ਨੂੰ ਹਿਲਾਉਣ ਅੇਲੇ ਕੜਕੜ ਦੀ ਆਵਾਜ਼ ਆਉਂਦੀ ਹੈ। ਕਾਰਟੀਲੇਜ ਘਿਸਣ ਤੋਂ ਪਹਿਲਾਂ ਹੀ ਆਹਾਰ ਵਿਹਾਰ ਵਿੱਚ ਤਬਦੀਲੀ ਕੀਤੀ ਜਾਵੇ। ਕੁਦਰਤੀ ਭੋਜਨ ਦੁੱਧ, ਦਹੀਂ, ਪਨੀਰ, ਲੱਸੀ, ਪਾਲਕ, ਟਮਾਟਰ, ਗਾਜਰ, ਮੇਥੀ, ਕੱਕੜੀ, ਚੁਕੰਦਰ, ਮੂਲੀ, ਦਾਣੇ, ਬਾਥੂ, ਕੇਲਾ, ਆਂਵਲਾ, ਸੰਘੇੜਾ, ਖੰਜੂਰ,ਥੋੜੀ ਮਾਤਰਾ ਵਿੱਚ ਅਖਰੋਟ, ਬਾਦਾਮ, ਕਾਜੂ, ਰਾਜਮਾਂਹ ਆਦਿ ਦੀ ਵਰਤੋਂ ਕਰੋ। ਧੁੱਪੇ ਬੈਠ ਕੇ ਤਿਲ ਦੇ ਤੇਲ ਦੀ ਮਾਲਸ਼ ਕਰੋ। ਵਜ਼ਨ ਕੰਟਰੋਲ ਰੱਖੋ। ਜੇ ਕਾਰਟੀਲੇਜ ਘਿਸ ਜਾਵੇ ਤੇ ਜੋੜ ਕੰਮ ਹੀ ਨਾ ਕਰਨਾ ਤਾਂ ਜੋੜ ਬਦਲਣ ਦੀ ਨੌਬਤ ਆ ਜਾਂਦੀ ਹੈ। ਅੱਜ ਕੱਲ ਗੋਡਿਆਂ ਦੇ ਜੋੜ ਬਦਲਣ ਦਾ ਬਹੁਤ ਹੀ ਸੌਖਾ ਤੇ ਵਿਗਿਆਨਕ ਇਲਾਜ ਸੰਭਵ ਹੋ ਗਿਆ ਹੈ l

   ਡਾ ਅਜੀਤਪਾਲ ਸਿੰਘ ਐੱਮ ਡੀ                                      ਸਾਬਕਾ ਡਿਪਟੀ  ਮੈਡੀਕਲ ਕਮਿਸ਼ਨਰ                                  9815629301

ਵੀਡੀਓ

ਹੋਰ
Have something to say? Post your comment
X