ਮੀਜ਼ਲ ਅਤੇ ਰੂਬੇਲਾ ਖਾਤਮੇ ਸਬੰਧੀ ਕੀਤੀ ਮੀਟਿੰਗ
ਮੋਰਿੰਡਾ 3 ਦਸੰਬਰ (ਭਟੋਆ)
ਭਾਰਤ ਸਰਕਾਰ ਵੱਲੋਂ ਦਸੰਬਰ 2023 ਤੱਕ ਮੀਜ਼ਲ ਅਤੇ ਰੂਬੇਲਾ ਦੇ ਖਾਤਮੇ ਲਈ ਮਿਥੇ ਗਏ ਟੀਚੇ ਨੂੰ ਪੂਰਾ ਕਰਨ ਲਈ ਡਾ. ਪਰਮਿੰਦਰ ਕੁਮਾਰ ਸਿਵਲ ਸਰਜਨ ਰੂਪਨਗਰ ਦੇ ਨਿਰਦੇਸ਼ਾ ਅਨੁਸਾਰ ਡਾ. ਪਰਮਿੰਦਰ ਜੀਤ ਸਿੰਘ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ. ਮੋਰਿੰਡਾ ਵੱਲੋਂ ਅਪਣੇ ਦਫਤਰ ਵਿਖੇ ਸਮੂਹ ਏ.ਐਨ.ਐਮ, ਆਸ਼ਾ ਵਰਕਰਜ ਅਤੇ ਆਂਗਨਵਾੜੀ ਵਰਕਰਜ਼ ਨਾਲ ਮੀਜਲ ਰੁਬੇਲਾ ਖਾਤਮੇ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਪਰਮਿੰਦਰ ਜੀਤ ਸਿੰਘ ਨੇ ਕਿਹਾ ਕਿ ਸਮੂਹ ਫੀਲਡ ਸਟਾਫ ਵੱਲੋਂ ਟੀਕਾਕਰਨ ਸਾਰਣੀ ਮੁਤਾਬਕ ਬੱਚਿਆਂ ਨੂੰ ਐੱਮ.ਆਰ ਦਾ ਟੀਕਾ ਲੱਗਾ ਹੋਣ ਜਰੂਰ ਸੁਨਿਸ਼ਚਿਤ ਕੀਤਾ ਜਾਵੇ। ਇਸ ਦੌਰਾਨ ਉਹਨਾਂ ਆਸ਼ਾ ਵਰਕਰਜ ਨੂੰ ਕਿਹਾ ਕਿ ਫੀਲਡ ਸਰਵੇ ਦੌਰਾਨ ਉਹ 0 ਤੋਂ 5 ਸਾਲ ਤੱਕ ਦੇ ਬੱਚਿਆਂ ਦਾ ਐੱਮ.ਸੀ.ਪੀ. ਕਾਰਡ ਜਰੂਰ ਚੈੱਕ ਕਰਨ ਕਿ ਕਿਸੇ ਬੱਚੇ ਦਾ ਐੱਮ.ਆਰ – 1 ਅਤੇ ਐੱਮ.ਆਰ – 2 ਦਾ ਟੀਕਾ ਤਾਂ ਨਹੀਂ ਰਹਿ ਗਿਆ। ਜੇਕਰ ਸਰਵੇ ਦੌਰਾਨ ਅਜਿਹਾ ਕੋਈ ਬੱਚਾ ਉਨ੍ਹਾਂ ਨੂੰ ਮਿਲਦਾ ਹੈ ਤਾਂ ਉਹ ਸਬੰਧਤ ਐੱਲ.ਐੱਚ.ਵੀ , ਏ.ਐੱਨ.ਐਮ. ਨਾਲ ਤਾਲਮੇਲ ਕਰਕੇ ਬੱਚੇ ਦਾ ਐੱਮ.ਆਰ. ਦਾ ਟੀਕਾਕਰਨ ਕਰਵਾਉਣਾ ਯਕੀਨੀ ਬਣਾਉਣ ਤਾਂ ਜੋਂ ਇਸਨੂੰ ਖਤਮ ਕੀਤਾ ਜਾ ਸਕੇ। ਇਸ ਦੌਰਾਨ ਉਹਨਾਂ ਜਾਣਕਾਰੀ ਦਿੱਤੀ ਕਿ ਰੂਬੇਲਾ ਬੀਮਾਰੀ ਦੌਰਾਨ ਬੱਚਿਆਂ ਵਿੱਚ ਆਮ ਤੌਰ ਤੇ ਖਾਰਿਸ਼, ਬੁਖਾਰ, ਮਿਚਲੀ, ਅੱਖਾਂ ਵਿੱਚ ਲਾਲੀ ਦੇ ਲੱਛਣ ਦਿਖਾਈ ਦਿੰਦੇ ਹਨ। ਜੇਕਰ ਗਰਭਵਤੀ ਔਰਤ ਦੇ ਗਰਭ ਦੀ ਸ਼ੁਰੂਆਤ ਵਿੱਚ ਰੂਬੇਲਾ ਵਾਇਰਸ ਦੀ ਇੰਨਫੈਕਸ਼ਨ ਹੋ ਗਈ ਤਾਂ ਪੇਟ ਵਿੱਚ ਪਲ ਰਹੇ ਭਰੂਣ ਅਤੇ ਨਵਜਾਤ ਬੱਚੇ ਲਈ ਗੰਭੀਰ ਹੋ ਸਕਦਾ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਬੀਮਾਰੀਆਂ ਜੀਵਨ ਭਰ ਲਈ ਅਪਾਹਜ ਬਣਾ ਸਕਦੀਆਂ ਹਨ। ਮੀਟਿੰਗ ਦੌਰਾਨ ਸਮੂਹ ਏ.ਐਨ.ਐਮ, ਆਸ਼ਾ ਵਰਕਰਜ, ਆਂਗਨਵਾੜੀ ਵਰਕਰਜ ਅਤੇ ਸਮੂਹ ਹਸਪਤਾਲ ਦਾ ਸਟਾਫ ਹਾਜਰ ਸਨ।