ਦਲਜੀਤ ਕੌਰ
ਤਪਾ, 14 ਨਵੰਬਰ, 2023: ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ‘ਵਿਸ਼ਵ ਡਾਇਬਟੀਜ ਦਿਵਸ’ ਮੌਕੇ ਸਬ ਡਵੀਜਨਲ ਹਸਪਤਾਲ ਤਪਾ ਵਿਖੇ ਲੋਕਾਂ ਨੂੰ ਸੂਗਰ ਰੋਗ ਬਾਰੇ ਜਾਗਰੂਕ ਕੀਤਾ ਗਿਆ। ਡਾ. ਭੁੱਲਰ ਨੇ ਦੱਸਿਆ ਕਿ ਸ਼ੂਗਰ ਮੈਟਾਬੋਲਿਕ ਬਿਮਾਰੀਆਂ ਦਾ ਇਕ ਸਮੂਹ ਹੈ, ਜਿਸ ਨਾਲ ਖੂਨ ਵਿੱਚ ਗੁਲੂਕੋਜ਼ ਦਾ ਪੱਧਰ ਸਾਧਾਰਨ ਨਾਲੋਂ ਜ਼ਿਆਦਾ ਹੋ ਜਾਂਦਾ ਹੈ ਅਤੇ ਇਹ ਸਰੀਰ ਦੇ ਕਿਸੇ ਵੀ ਹਿੱਸੇ ਨੂੰ ਪ੍ਰਭਾਵਿਤ ਕਰ ਸਕਦੀ ਹੈ। ਉਨ੍ਹਾਂ ਦੱਸਿਆ ਕਿ ਵਾਰ-ਵਾਰ ਪਿਸ਼ਾਬ ਆਉਣਾ, ਜ਼ਖ਼ਮ ਦਾ ਦੇਰੀ ਨਾਲ ਠੀਕ ਹੋਣਾ, ਅਚਾਨਕ ਵਜ਼ਨ ਘੱਟ ਜਾਣਾ, ਭੁੱਖ ਤੇ ਪਿਆਸ ਵਧੇਰੇ ਲੱਗਣਾ, ਹੱਥ ਪੈਰ ਸੁੰਨ੍ਹ ਹੋਣਾ ਆਦਿ ਸ਼ੂਗਰ ਦੀਆਂ ਨਿਸ਼ਾਨੀਆਂ ਹਨ ਤੇ ਅਜਿਹੇ ਨਿਸ਼ਾਨੀਆਂ ਵਾਲੇ ਮਰੀਜ਼ਾਂ ਨੂੰ ਤਰਜ਼ੀਹੀ ਤੌਰ 'ਤੇ ਆਪਣੀ ਸ਼ੂਗਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ 30 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਨੂੰ ਸਾਲ ਵਿੱਚ ਇੱਕ ਵਾਰ ਜਰੂਰ ਆਪਣੇ ਸਰੀਰ ਦੀ ਮੁਕੰਮਲ ਜਾਂਚ ਕਰਵਾਉਣੀ ਚਾਹੀਦੀ ਹੈ ਜੋ ਕਿ ਸਰਕਾਰੀ ਹਸਪਤਾਲਾਂ ਵਿਖੇ ਮੁਫਤ ਉਪਲੱਬਧ ਕਰਵਾਈ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਮਨੁੱਖੀ ਸਰੀਰ 'ਚ ਇਨਸੂਲਿਨ ਨਾਂ ਦਾ ਰਸ ਪੈਦਾ ਹੁੰਦਾ ਹੈ ਜੋ ਕਿ ਖਾਣ-ਪੀਣ ਦੀਆਂ ਚੀਜ਼ਾਂ ਤੋਂ ਪੈਦਾ ਹੋਏ ਗੁਲੂਕੋਜ਼ ਦੀ ਐਨਰਜੀ ਦੇ ਰੂਪ 'ਚ ਵਰਤੋਂ ਕਰਦਾ ਹੈ, ਪਰ ਕਈ ਵਾਰ ਸਰੀਰ 'ਚ ਇਨਸੂਲਿਨ ਘੱਟ ਬਣਦੀ ਹੈ ਜਾਂ ਫਿਰ ਬਿਲਕੁੱਲ ਹੀ ਨਹੀਂ ਬਣਦੀ, ਜਿਸ ਕਾਰਨ ਖੂਨ 'ਚ ਸ਼ੂਗਰ ਦੀ ਮਾਤਰਾ ਵੱਧਣ ਲੱਗਦੀ ਹੈ। ਇਸ ਅਵਸਥਾ ਨੂੰ ਸ਼ੂਗਰ ਕਿਹਾ ਜਾਂਦਾ ਹੈ। ਜੇਕਰ ਇਸ ਨੂੰ ਕੰਟਰੋਲ ਨਾ ਕੀਤਾ ਜਾਵੇ ਤਾਂ ਇਹ ਅੱਖਾਂ, ਕਿਡਨੀ, ਦਿਮਾਗ ਅਤੇ ਸਰੀਰ ਦੇ ਹੋਰਨਾਂ ਹਿੱਸਿਆਂ 'ਤੇ ਬੁਰਾ ਪ੍ਰਭਾਵ ਪਾਉਂਦਾ ਹੈ।
ਇਸ ਮੌਕੇ ਬਲਾਕ ਐਜੂਕੇਟਰ ਜਸਪਾਲ ਸਿੰਘ ਜਟਾਣਾ ਨੇ ਕਿਹਾ ਕਿ ਸ਼ੂਗਰ ਹੋਣ ਦਾ ਮੁੱਖ ਕਾਰਨ ਗਲਤ ਜੀਵਨ ਸ਼ੈਲੀ ਹੈ ਕਿਉਂਕਿ ਅੱਜ ਕੱਲ ਖਾਣ-ਪੀਣ ਦੇ ਤੌਰ 'ਤੇ ਖੰਡ ਜਾਂ ਮਿੱਠੇ ਤੋਂ ਬਣੀਆਂ ਚੀਜ਼ਾਂ, ਮੈਦੇ ਜਾਂ ਚਿਕਨਾਈ ਵਾਲੀਆਂ ਵਸਤੂਆਂ ਦੀ ਵਰਤੋਂ ਬਹੁਤ ਵੱਧ ਗਈ ਹੈ ਜੋ ਕਿ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੀਆਂ ਹਨ। ਇਸ ਤੋਂ ਇਲਾਵਾ ਸਰੀਰਕ ਗਤੀਵਿਧੀਆਂ ਦੀ ਘਾਟ ਵੀ ਇਸ ਦਾ ਕਾਰਨ ਬਣਦੀ ਹੈ। ਉਨ੍ਹਾਂ ਸ਼ੂਗਰ ਦੀ ਬਿਮਾਰੀ ਹੋਣ ਦੇ ਸੰਭਾਵਿਤ ਕਾਰਨਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੋਟਾਪਾ, ਕਸਰਤ ਨਾ ਕਰਨਾ, ਸੰਤੁਲਿਤ ਭੋਜਨ ਨਾ ਲੈਣਾ, ਜੀਵਨ ਵਿੱਚ ਤਣਾਓ, ਖਾਨਦਾਨੀ ਆਦਿ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਸ਼ੁਗਰ ਅੱਖਾਂ ਨੂੰ ਕਾਫੀ ਪ੍ਰਭਾਵਿਤ ਕਰ ਸਕਦੀ ਹੈ। ਜਿਸ ਨਾਲ ਮਰੀਜ਼ ਨੂੰ ਧੁੰਦਲਾ ਦਿਖਾਈ ਦੇਣਾ, ਕਾਲੇ ਧੱਬੇ ਦਿਖਣਾ, ਰੰਗਾਂ ਦੀ ਪਹਿਚਾਣ ਕਰਨ ਵਿੱਚ ਮੁਸ਼ਕਿਲ ਆਉਣਾ, ਅੰਨ੍ਹਾਪਣ ਹੋਣਾ ਆਦਿ ਵਰਗੀਆਂ ਸੱਮਸਿਆਵਾਂ ਹੋ ਸਕਦੀਆਂ ਹਨ। ਇਸ ਲਈ ਸ਼ੂਗਰ ਦੇ ਮਰੀਜਾਂ ਨੂੰ ਆਪਣੀ ਸਿਹਤ ਦਾ ਸਮੇਂ-ਸਮੇਂ ਚੈਕਅਪ ਕਰਵਾਉਣਾ ਜਰੂਰੀ ਹੈ।
ਉਨ੍ਹਾਂ ਦੱਸਿਆ ਕਿ ਹਰ ਇਕ ਵਿਅਕਤੀ ਨੂੰ ਰੋਜ਼ਾਨਾ ਦੀ 35-40 ਮਿੰਟ ਦੀ ਕਸਰਤ, ਸੰਤੁਲਿਤ ਅਹਾਰ, ਘੱਟ ਵਜਨ, ਪੂਰੀ ਨੀਂਦ ਲੈਣ ਅਤੇ ਤਣਾਅ ਮੁਕਤ ਜੀਵਨ ਸ਼ੈਲੀ ਅਪਣਾ ਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਡਾ. ਸ਼ਿਖਾ ਅਗਰਵਾਲ, ਡਾ. ਤਨੂੰ ਸਿੰਗਲਾ, ਐੱਸ.ਆਈ ਰਣਜੀਵ ਕੁਮਾਰ, ਜੂਨੀਅਰ ਸਹਾਇਕ ਬੂਟਾ ਸਿੰਘ, ਸੀ.ਐਚ.ਓ. ਸੰਦੀਪ ਕੌਰ ਮੰਗਤ ਸਿੰਘ, ਬੂਟਾ ਸਿੰਘ ਆਦਿ ਹਾਜ਼ਰ ਸਨ।