ਦਲਜੀਤ ਕੌਰ
ਸੰਗਰੂਰ, 07 ਨਵੰਬਰ, 2023: ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸਿਵਲ ਸਰਜਨ ਡਾ. ਅੰਜੂ ਸਿੰਗਲਾ ਦੀ ਅਗਵਾਈ ਵਿੱਚ ਰਾਸ਼ਟਰੀ ਕੈਂਸਰ ਚੇਤਨਾ ਦਿਵਸ ਮੌਕੇ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਮੌਕੇ ਸਿਵਲ ਸਰਜਨ ਡਾ. ਅੰਜੂ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਕਤ ਸਿਰ ਚੇਤਨ ਹੋਣਾ ਕੈਂਸਰ ਕੰਟਰੋਲ ਦੀ ਕੁੰਜੀ ਹੈ। ਉਹਨਾਂ ਕਿਹਾ ਕਿ ਛਾਤੀ ਵਿਚ ਗਿਲਟੀ, ਲਗਾਤਾਰ ਖੰਘ ਅਤੇ ਅਵਾਜ਼ ਵਿੱਚ ਭਾਰੀਪਣ, ਮਾਹਵਾਰੀ ਚੱਕਰ ਤੋਂ ਇਲਾਵਾ ਖੂਨ ਵਗਣਾ,ਨਾ ਠੀਕ ਹੋਣ ਵਾਲੇ ਮੂੰਹ ਦੇ ਛਾਲੇ ਆਦਿ ਕੈਂਸਰ ਦੇ ਲੱਛਣ ਹਨ।
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਇੰਦਰਜੀਤ ਸਿੰਗਲਾ ਨੇ ਦੱਸਿਆ ਕਿ ਸ਼ਰਾਬ, ਤੰਬਾਕੂ ਅਤੇ ਬੀੜੀ-ਸਿਗਰਟ ਦੀ ਵਰਤੋਂ ਕਰਨਾ, ਫਸਲਾਂ ਉੱਤੇ ਜਿਆਦਾ ਕੀਟ ਨਾਸ਼ਕ ਦਵਾਈਆਂ ਦੀ ਵਰਤੋਂ ਕਰਨਾ ਅਤੇ ਕੈਂਸਰ ਦੀ ਸਮੇਂ ਸਿਰ ਜਾਂਚ ਨਾ ਕਰਾਉਣਾ ਕੈਂਸਰ ਦੇ ਕਾਰਣ ਹੋ ਸਕਦੇ ਹਨ।
ਕੈਂਪ ਨੂੰ ਸੰਬੋਧਨ ਕਰਦਿਆਂ ਸਹਾਇਕ ਸਿਵਲ ਸਰਜਨ ਡਾ. ਸੰਜੈ ਮਾਥੁਰ ਨੇ ਕੈਂਸਰ ਤੋਂ ਬਚਾਅ ਲਈ ਜਾਣਕਾਰੀ ਦਿੰਦਿਆਂ ਦੱਸਿਆ ਸਿਹਤਮੰਦ ਖੁਰਾਕ ਲੈਣੀ ਚਾਹੀਦੀ ਹੈ ਜੇਕਰ ਸਰੀਰ ਦੇ ਹਿੱਸੇ ਵਿੱਚ ਅਣਚਾਹੀ ਰਸੌਲੀ ਜਾਂ ਗਿਲਟੀ ਆਦਿ ਹੋਵੇ, ਔਰਤਾਂ ਵਿੱਚ ਮਾਹਮਾਰੀ ਦੇ ਲੱਛਣ ਬਦਲਣ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਕਰਨੈਲ ਸਿੰਘ ਨੇ ਕੈਂਸਰ ਦੀ ਬਿਮਾਰੀ ਨਾਲ ਪੀੜ੍ਹਤ ਮਰੀਜਾਂ ਦਾ ਇਲਾਜ਼ ਕਰਵਾਉਣ ਲਈ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਅਧੀਨ 1.50 ਲੱਖ ਰੁਪਏ ਦੇ ਇਲਾਜ਼ ਦੀ ਸੁਵਿਧਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਸਰੋਜ ਰਾਣੀ, ਡੀ ਪੀ ਐੱਮ ਮੈਡਮ ਵਿਸ਼ਾਲੀ ਬਾਂਸਲ, ਜ਼ਿਲ੍ਹਾ ਕਮਿਊਨਿਟੀ ਮੋਬਲੀਜ਼ਰ ਸ਼੍ਰੀ ਦੀਪਕ ਸ਼ਰਮਾ, ਡੀ ਐਸ ਏ ਮੈਡਮ ਨੀਤੂ, ਬੀ ਈ ਈ ਹਰਪ੍ਰੀਤ ਕੌਰ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਹਾਜ਼ਿਰ ਸਨ।