ਵਿਧਾਇਕ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਭਾਗ ਲੈਣ ਅਤੇ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ
ਦਲਜੀਤ ਕੌਰ
ਸੰਗਰੂਰ, 1 ਨਵੰਬਰ, 2023: ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਵਾਰ ਹੀਰੋਜ਼ ਸਟੇਡੀਅਮ ਵਿਖੇ ਆਰੰਭ ਹੋਈਆਂ 67ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦਾ ਉਦਘਾਟਨ ਕਰਨ ਦੀ ਰਸਮ ਅਦਾ ਕੀਤੀ ਗਈ।
ਇਸ ਮੌਕੇ ਐਥਲੈਟਿਕਸ (ਅੰਡਰ-14) ਤਹਿਤ ਲੜਕੇ ਅਤੇ ਲੜਕੀਆਂ ਦੇ ਖੇਡ ਮੁਕਾਬਲੇ ਖਿੱਚ ਦਾ ਕੇਂਦਰ ਬਣੇ। ਇਸ ਮੌਕੇ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੀਤਇੰਦਰ ਘਈ ਦੀ ਅਗਵਾਈ ਵਿੱਚ ਹੋ ਰਹੀਆਂ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈ ਰਹੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਭਾਗ ਲੈਣ ਅਤੇ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਹਨਾਂ ਮੁਕਾਬਲਿਆਂ ਬਾਰੇ ਨਰੇਸ਼ ਸੈਣੀ ਜ਼ਿਲ੍ਹਾ ਖੇਡ ਕੋਆਰਡੀਨੇਟਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 23 ਜ਼ਿਲ੍ਹਿਆਂ ਦੀਆਂ ਟੀਮਾਂ ਭਾਗ ਲੈ ਰਹੀਆ ਹਨ ਅਤੇ ਪਹਿਲੇ ਦਿਨ ਦੇ ਨਤੀਜਿਆਂ ਤਹਿਤ 100 ਮੀਟਰ ਦੌੜ (ਲੜਕੇ) ਵਿੱਚ ਸ਼ਹਿਬਾਜ਼ ਸਿੰਘ ਗੁਰਦਾਸਪੁਰ ਨੇ ਪਹਿਲਾ ਸਥਾਨ, ਅਨਮੋਲਪ੍ਰੀਤ ਸਿੰਘ ਲੁਧਿਆਣਾ ਨੇ ਦੂਜਾ ਸਥਾਨ, ਮੋਹਿਤ ਫਾਜ਼ਿਲਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਜਦਕਿ 100 ਮੀਟਰ ਦੌੜ (ਲੜਕੀਆਂ) ਵਿੱਚ ਕਸ਼ਿਸ਼ ਸੰਗਰੂਰ ਨੇ ਪਹਿਲਾ, ਮਨਜੋਤ ਕੌਰ ਰੂਪਨਗਰ ਨੇ ਦੂਜਾ, ਵਿਸ਼ਮੀਤ ਕੌਰ ਮੋਹਾਲੀ ਨੇ ਤੀਜਾ ਸਥਾਨ ਹਾਸਿਲ ਕੀਤਾ। ਉਨ੍ਹਾਂ ਦੱਸਿਆ ਕਿ 600 ਮੀਟਰ (ਲੜਕਿਆਂ) ਵਿੱਚ ਖੁਸ਼ਪ੍ਰੀਤ ਸਿੰਘ ਬਰਨਾਲਾ ਨੇ ਪਹਿਲਾ ਸਥਾਨ, ਸਹਿਜਪ੍ਰੀਤ ਸਿੰਘ ਮੁਕਤਸਰ ਨੇ ਦੂਜਾ ਸਥਾਨ, ਅਨਮੋਲ ਸਿੰਘ ਸੰਗਰੂਰ ਨੇ ਤੀਜਾ ਸਥਾਨ ਹਾਸਿਲ ਕੀਤਾ। ਉੱਚੀ ਛਾਲ (ਹਾਈ ਜੰਪ) ਵਿੱਚ ਜਸਕਰਨਜੋਤ ਸਿੰਘ ਤਰਨਤਾਰਨ ਨੇ ਪਹਿਲਾ, ਰਾਜਵੀਰ ਸਿੰਘ ਅੰਮ੍ਰਿਤਸਰ ਨੇ ਦੂਜਾ, ਬਿਸਮੀਤ ਸਿੰਘ ਬਠਿੰਡਾ ਨੇ ਤੀਜਾ ਸਥਾਨ ਹਾਸਿਲ ਕੀਤਾ।
ਇਸ ਮੌਕੇ ਨਵਦੀਪ ਸਿੰਘ ਜ਼ਿਲ੍ਹਾ ਖੇਡ ਅਫ਼ਸਰ, ਟੂਰਨਾਮੈਂਟ ਕਮੇਟੀ ਦੇ ਮੈਂਬਰ ਪ੍ਰਿੰਸੀਪਲ ਇੰਦੂ ਸਿਮਕ, ਮੁੱਖ ਅਧਿਆਪਕ ਹਰਪ੍ਰੀਤ ਸਿੰਘ, ਅਮਰੀਕ ਸਿੰਘ ਡੀਪੀਈ, ਜਗਤਾਰ ਸਿੰਘ ਡੀਪੀਈ ਵੀ ਹਾਜ਼ਰ ਸਨ |