ਵਿਸ਼ਵ ਕੱਪ 'ਚ 20 ਸਾਲ ਬਾਅਦ ਇੰਗਲੈਂਡ ਨੂੰ 100 ਦੌੜਾਂ ਨਾਲ ਹਰਾਇਆ
ਲਖਨਊ, 29 ਅਕਤੂਬਰ, ਦੇਸ਼ ਕਲਿਕ ਬਿਊਰੋ :
ਭਾਰਤ ਨੇ ਵਨਡੇ ਵਿਸ਼ਵ ਕੱਪ 2023 ਵਿੱਚ ਲਗਾਤਾਰ ਛੇਵੀਂ ਜਿੱਤ ਦਰਜ ਕੀਤੀ ਹੈ। ਟੀਮ ਨੇ ਇੰਗਲੈਂਡ ਨੂੰ 100 ਦੌੜਾਂ ਨਾਲ ਹਰਾਇਆ। ਟੀਮ ਇੰਡੀਆ ਨੇ 20 ਸਾਲ ਬਾਅਦ ਵਿਸ਼ਵ ਕੱਪ 'ਚ ਇੰਗਲੈਂਡ ਨੂੰ ਹਰਾਇਆ ਹੈ। ਟੀਮ ਨੇ ਆਖਰੀ ਵਾਰ 2003 'ਚ ਡਰਬਨ ਮੈਦਾਨ 'ਤੇ 82 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਟੀਮ ਇੰਡੀਆ ਨੇ ਲਖਨਊ ਦੇ ਏਕਾਨਾ ਸਟੇਡੀਅਮ 'ਚ ਟਾਸ ਹਾਰ ਕੇ ਬੱਲੇਬਾਜ਼ੀ ਕੀਤੀ ਅਤੇ 50 ਓਵਰਾਂ 'ਚ 9 ਵਿਕਟਾਂ 'ਤੇ 229 ਦੌੜਾਂ ਬਣਾਈਆਂ। 230 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਆਈ ਇੰਗਲੈਂਡ ਦੀ ਟੀਮ 34.5 ਓਵਰਾਂ ਵਿੱਚ 129 ਦੌੜਾਂ ਬਣਾ ਕੇ ਆਲ ਆਊਟ ਹੋ ਗਈ।ਇੰਗਲਿਸ਼ ਬੱਲੇਬਾਜ਼ ਭਾਰਤੀ ਗੇਂਦਬਾਜ਼ਾਂ ਦੇ ਸਾਹਮਣੇ ਲੜਖੜਾਉਂਦੇ ਨਜ਼ਰ ਆਏ। ਮੁਹੰਮਦ ਸ਼ਮੀ ਨੇ 4 ਅਤੇ ਜਸਪ੍ਰੀਤ ਬੁਮਰਾਹ ਨੇ 3 ਵਿਕਟਾਂ ਲਈਆਂ। ਜਦਕਿ ਕੁਲਦੀਪ ਯਾਦਵ ਅਤੇ ਰਵਿੰਦਰ ਜਡੇਜਾ ਦੀ ਸਪਿਨ ਜੋੜੀ ਨੇ 3 ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜਿਆ।ਇੰਗਲੈਂਡ ਨੂੰ 100 ਦੌੜਾਂ ਨਾਲ ਹਰਾ ਕੇ ਭਾਰਤ ਅੰਕ ਸੂਚੀ ਵਿੱਚ ਸਿਖਰ 'ਤੇ ਪਹੁੰਚ ਗਿਆ ਹੈ। ਟੀਮ ਸਾਰੇ 6 ਮੈਚ ਜਿੱਤ ਕੇ 12 ਅੰਕਾਂ ਨਾਲ ਨੰਬਰ-1 'ਤੇ ਹੈ। ਦੂਜੇ ਪਾਸੇ ਇੰਗਲੈਂਡ ਦੀ ਟੀਮ ਸਿਰਫ 10ਵੇਂ ਨੰਬਰ 'ਤੇ ਹੈ। ਟੀਮ ਨੇ 6 ਮੈਚਾਂ ਵਿੱਚੋਂ ਸਿਰਫ਼ ਇੱਕ ਵਿੱਚ ਜਿੱਤ ਦਰਜ ਕੀਤੀ ਹੈ।