ਲਗਾਤਾਰ ਪੰਜਵੀਂ ਜਿੱਤ ਕੀਤੀ ਦਰਜ,ਅੰਕ ਸੂਚੀ 'ਚ ਸਿਖਰ 'ਤੇ ਪਹੁੰਚਿਆ
ਧਰਮਸ਼ਾਲਾ, 22 ਅਕਤੂਬਰ, ਦੇਸ਼ ਕਲਿਕ ਬਿਊਰੋ :
ਭਾਰਤ ਨੇ ਵਿਸ਼ਵ ਕੱਪ 2023 ਵਿੱਚ ਲਗਾਤਾਰ ਪੰਜਵੀਂ ਜਿੱਤ ਹਾਸਲ ਕੀਤੀ। ਟੀਮ ਨੇ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ। ਭਾਰਤੀ ਟੀਮ ਨੇ 20 ਸਾਲ ਬਾਅਦ ਇਸ ਟੂਰਨਾਮੈਂਟ 'ਚ ਕੀਵੀਆਂ 'ਤੇ ਜਿੱਤ ਦਰਜ ਕੀਤੀ ਹੈ। ਇਸ ਤੋਂ ਪਹਿਲਾਂ 2003 'ਚ ਸੈਂਚੁਰੀਅਨ ਮੈਦਾਨ 'ਤੇ ਕੀਵੀਆਂ ਨੂੰ 7 ਵਿਕਟਾਂ ਨਾਲ ਹਰਾਇਆ ਸੀ।ਇਸ ਜਿੱਤ ਨਾਲ ਭਾਰਤੀ ਟੀਮ ਅੰਕ ਸੂਚੀ 'ਚ ਸਿਖਰ 'ਤੇ ਆ ਗਈ ਸੀ। ਹੁਣ ਟੀਮ ਇੰਡੀਆ ਦੇ ਖਾਤੇ 'ਚ 5 ਮੈਚਾਂ ਤੋਂ ਬਾਅਦ 10 ਅੰਕ ਹੋ ਗਏ ਹਨ। ਅਜਿਹੇ 'ਚ ਭਾਰਤ ਦੇ ਟਾਪ-4 'ਚ ਪਹੁੰਚਣ ਦੀਆਂ ਸੰਭਾਵਨਾਵਾਂ ਮਜ਼ਬੂਤ ਹੋ ਗਈਆਂ ਹਨ। ਹੁਣ ਟੀਮ ਨੂੰ 4 'ਚੋਂ ਸਿਰਫ 2 ਮੈਚ ਜਿੱਤਣੇ ਹੋਣਗੇ।ਅੱਜ ਐਤਵਾਰ ਨੂੰ ਧਰਮਸ਼ਾਲਾ ਮੈਦਾਨ 'ਤੇ ਭਾਰਤ ਨੇ ਟਾਸ ਜਿੱਤ ਕੇ ਫੀਲਡਿੰਗ ਚੁਣੀ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਮੈਦਾਨ ‘ਤੇ ਉਤਰੀ ਨਿਊਜ਼ੀਲੈਂਡ ਦੀ ਟੀਮ 50 ਓਵਰਾਂ 'ਚ 273 ਦੌੜਾਂ 'ਤੇ ਆਲ ਆਊਟ ਹੋ ਗਈ। ਭਾਰਤੀ ਟੀਮ ਨੇ 48 ਓਵਰਾਂ 'ਚ 6 ਵਿਕਟਾਂ 'ਤੇ 274 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਵਿਰਾਟ ਕੋਹਲੀ ਨੇ 104 ਗੇਂਦਾਂ 'ਤੇ 95 ਦੌੜਾਂ ਦੀ ਪਾਰੀ ਖੇਡੀ, ਜਦਕਿ ਮੁਹੰਮਦ ਸ਼ਮੀ ਨੇ 5 ਵਿਕਟਾਂ ਲਈਆਂ। ਸ਼ਮੀ ਪਲੇਅਰ ਆਫ ਦਿ ਮੈਚ ਰਹੇ।