ਦਲਜਿੰਦਰ ਰਹਿਲ
ਜੀਅ ਕਰਦਾ ਸੀ ਇਕ ਦਿਨ ਮੈਂ ਵੀ ਦੇਸ਼ ਪੰਜਾਬ ਦੀ ਗੱਲ ਸੁਣਾਵਾਂ।
ਕਿੰਝ ਬੀਤੇ ਅੱਜ ਇਸਦੇ ਉਤੇ, ਬੀਤਿਆ ਹੋਇਆ ਕੱਲ ਸੁਣਾਮਾਂ।
ਲਿਖਣ ਲੱਗਾ ਜਦ ਹਾਲ ਮੈਂ ਇਸਦਾ, ਮੇਰੀ ਸੋਚ ਹੀ ਘੇਰਨ ਲੱਗੀ।
ਹਾਲ ਏਸਦਾ ਲਿਖਦੇ-ਲਿਖਦੇ, ਕਲਮ ਵੀ ਹੰਝੂ ਕੇਰਨ ਲੱਗੀ।
ਚੀਕ-ਚਿਹਾੜਾ ਰੌਲਾ ਰੱਪਾ, ਹਰ ਪਾਸੇ ਭਗਦੜ ਜਿਹੀ ਮੱਚੀ।
ਚੋਰ ਬਾਜ਼ਾਰੀ ਖੂਨ ਖ਼ਰਾਬਾ, ਗੱਲ ਨਾ ਕਿਧਰੇ ਹੁੰਦੀ ਸੱਚੀ।
ਆਪੋ-ਧਾਪੀ ਮਾਰੋ-ਧਾੜ, ਆਪੇ ਖੇਤ ਨੂੰ ਖਾ ਰਹੀ ਵਾੜ।
ਚੋਰ-ਲੁਟੇਰੇ ਬਣੇ ਚੌਧਰੀ, ਸਿਖਰ ਦੁਪਹਿਰੇ ਲੱਗਣ ਪਾੜ।
ਸਿਆਸਤ ਕਿੰਨੀ ਗਰਕ ਹੋ ਗਈ, ਜ਼ਿੰਦਗੀ ਸਭ ਦੀ ਨਰਕ ਹੋ ਗਈ।
ਨਫ਼ਰਤ ਦੀ ਅੱਗ ਚਾਰ-ਚੁਫ਼ੇਰੇ, ਗੱਲ ਪਿਆਰ ਦੀ ਕੌਣ ਸੁਣਾਵੇ।
ਵਿੱਚ ਕਟਹਿਰੇ ਸੱਚ ਤਾੜਿਆ, ਝੂਠ ਸੱਚ ਨੂੰ ਸਜ਼ਾ ਸੁਣਾਵੇ।
ਜਾਤ-ਪਾਤ ਤੇ ਧਰਮ ਦੇ ਨਾਂ ਤੇ ਕੱਠੇ ਕਰਕੇ ਲੁੱਟ ਮਚਾਈ।
ਕਲਮਾਂ ਵਾਲੇ ਲਿਖ-ਲਿਖ ਦੱਸਣ, ਗੱਲ ਕਿਸੇ ਨੂੰ ਸਮਝ ਨਾ ਆਈ।
ਚੁੱਪ ਰਹੋ ਤਾਂ ਬਖਸ਼ੇ ਜਾਮੋਂ, ਸੱਚ ਕਹੋਂ ਤਾਂ ਲਹੂ-ਲੁਹਾਣ।
ਪੈਰ ਝੂਠ ਦੇ ਦਿਸਣ ਨਾ ਕਿਧਰੇ, ਐਪਰ ਸਿਰ ਤੇ ਤਾਜ ਟਿਕਾਣ।
ਗੱਲ ਅਨੋਖੀ ਹੁੰਦੀ ਜਾਵੇ, ਸਮਝ ਕਿਸੇ ਨੂੰ ਕੁੱਝ ਨਾ ਆਵੇ।
ਅੰਨ ਦਾਤਾ ਹੈ ਭੁੱਖਾ ਮਰਦਾ, ਵਿਹਲੜ ਬੈਠਾ ਰੱਜ ਕਿ ਖਾਵੇ।
ਪੱਥਰਾਂ ਦੇ ਵਿੱਚ ਰੱਬ ਸਮਝ ਕੇ, ਰੱਬ ਦੇ ਘਰ ਵਿੱਚ ਪੱਥਰ ਰੱਖੇ।
ਝੂਠ ਦੀ ਪੂਜਾ ਘਰ-ਘਰ ਹੁੰਦੀ, ਸੱਚ ਨੂੰ ਲੋਕੀ ਮਾਰਨ ਧੱਕੇ।
ਰਿਸ਼ਤਿਆਂ ਦੇ ਵਿੱਚ ਤ੍ਰੇੜਾਂ ਆਈਆਂ, ਧਰਮ ਦੇ ਨਾਂ ਤੇ ਵੰਡੀਆ ਪਾਈਆਂ।
ਮਾਵਾਂ ਨੂੰ ਪੁੱਤ ਭੁਲਦੇ ਜਾਣ, ਆਪਣਿਆਂ ਨੂੰ ਆਪਣੇ ਖਾਣ।
ਫੋਕੀਆਂ ਗੱਲਾਂ, ਫੋਕੇ ਕੰਮ, ਫੋਕੇ ਜਿਸਮ 'ਚ ਫੋਕੇ ਦਮ।
ਗੱਭਰੂ ਕਿੰਨੇ ਨਸ਼ਿਆਂ ਗਾਲੇ, ਮੁਟਿਆਰਾਂ ਫੋਕੇ ਫੈਸ਼ਨ ਪਾਲੇ।
ਰੂਹ ਪੰਜਾਬ ਦੀ ਉਹ ਨਾ ਰਹਿਗੀ, ਮਹਿਕ ਗੁਲਾਬ ਦੀ ਮੱਧਮ ਪੈਗੀ।
ਕਿੱਥੇ ਸਭਿਆਚਾਰ ਗਿਆ ਉਹ, ਪਿਆਰ ਅਤੇ ਸਤਿਕਾਰ ਗਿਆ ਉਹ।
ਹੁਣ ਨਹੀਂ ਲੱਭਦੀ ਸਾਂਝ ਪੁਰਾਣੀ, ਮਾਰਨ ਪਏ ਹਾਣੀ ਨੂੰ ਹਾਣੀ।
ਹਰ ਥਾਂ ਭ੍ਰਿਸ਼ਟਾਚਾਰ ਹੋ ਗਿਆ, ਰਿਸ਼ਵਤ ਦਾ ਪ੍ਰਚਾਰ ਹੋ ਗਿਆ।
ਬਈ ਐਨਾ ਜਿੱਥੇ ਰੋਣਾ ਧੋਣਾ, ਇਹ ਮੇਰਾ ਪੰਜਾਬ ਨੀ ਹੋਣਾ।
ਮਸਲਾ ਫਿਰ ਇਹ ਖਾਸ ਹੋ ਗਿਆ, ਮਨ ਮੇਰਾ ਉਦਾਸ ਹੋ ਗਿਆ।
ਆਪਾ ਚਕਨਾ ਚੂਰ ਹੋ ਗਿਆ, ਸੋਚਣ ਲਈ ਮਜ਼ਬੂਰ ਹੋ ਗਿਆ।
ਲੱਗੀ ਗੱਲ ਨਾ ਕਿਧਰੇ ਪਾਸੇ, ਰੁਸ ਗਏ ਬੁੱਲਾਂ ਤੋਂ ਹਾਸੇ।
ਇਕ ਰਾਤ ਫਿਰ ਸੁਪਨਾ ਆਇਆ, ਸੁਪਨੇ ਪੁਰਾਣਾ ਪੰਜਾਬ ਦਿਖਾਇਆ।
ਪਿੰਡ ਵਿੱਚ ਅਜੇ ਸਵੇਰ ਹੋਈ ਸੀ, ਹਲ-ਚਲ ਮੁੜਕੇ ਫੇਰ ਹੋਈ ਸੀ।
ਮੰਦਿਰ-ਮਸਜਿਦ ਗੁਰੂਦੁਆਰੇ, ਹਰ ਜਸ ਗਾਉਂਦੇ ਲੋਕੀ ਸਾਰੇ।
ਪੰਛੀ ਮਿੱਠੇ ਗੀਤ ਸੁਣਾਵਣ, ਲੋਕੀ ਉੁੱਠ ਕੰਮਾਂ ਨੂੰ ਜਾਵਣ।
ਮਿੱਠਾ-ਮਿੱਠਾ ਪਿਆਰਾ-ਪਿਆਰਾ, ਹਰ ਪਾਸੇ ਸੰਗੀਤ ਜਿਹਾ ਸੀ।
ਰਾਂਝੇ ਦੀ ਵੰਝਲੀ ਦੇ ਵਰਗਾ, ਕਿਸੇ ਫੱਕਰ ਦੇ ਗੀਤ ਜਿਹਾ ਸੀ।
ਬਲਦਾਂ ਦੇ ਗਲ ਟੱਲੀਆਂ ਟਣਕਣ, ਬੋਤਿਆਂ ਪੈਰੀਂ ਘੁੰਗਰੂ ਛਣਕਣ।
ਉੱਠ ਸੁਆਣੀਆਂ ਖੂਹ ਤੇ ਜਾਵਣ, ਚਾਟੀਆਂ ਵਿੱਚ ਮਧਾਣੀਆਂ ਪਾਵਣ।
ਨਾਲ ਹੁਸਨ ਦੇ ਭਰੀਆਂ ਸੀ ਉਹ, ਅਰਸ਼ੋਂ ਉਤਰੀਆਂ ਪਰੀਆਂ ਸੀ ਉਹ।
ਚੰਨ ਵੀ ਤੱਕ-ਤੱਕ ਨੀਵੀਂਆਂ ਪਾਵੇ, ਦੇਖਣ ਵਾਲਾ ਦੰਗ ਰਹਿ ਜਾਵੇ।
ਗੱਭਰੂ ਸੋਹਣੇ ਛੈਲ ਛਬੀਲੇ, ਦੇਖੋ ਤਾਂ ਕਿੰਨੇ ਫੁਰਤੀਲੇ।
ਨੂਰ ਉਨਾਂ ਦਾ ਡੁੱਲ ਡੁੱਲ ਪੈਂਦਾ, ਨਾਲ ਸਾਦਗੀ ਢਕਿਆ ਰਹਿੰਦਾ।
ਸੂਰਜ ਵਾਂਗ ਸੀ ਦਗ਼ਦੇ ਚਿਹਰੇ, ਪਰਬਤ ਵਾਂਗ ਉਨ੍ਹਾਂ ਦੇ ਜੇਰੇ।
ਪਿਆਰ ਕਰੋ ਪਲਕਾਂ ਤੇ ਚੁੱਕਣ, ਆਕੜ ਅੱਗੇ ਨਾਹੀਂ ਝੁਕਣਾ।
ਕੱਚੇ ਕੋਠੇ ਕਿੰਨੇ ਸੋਹਣੇ, ਲਿਪ-ਪੋਚ ਕੀਤੇ ਮਨਮੋਹਣੇ।
ਮੱਟ-ਭੜੋਲੇ, ਕੁੰਡ-ਚਾਟੀਆਂ, ਤੌੜੇ-ਝੱਕਰੇ ਅਤੇ ਬਾਟੀਆਂ।
ਦੁੱਧ-ਘਿਓ ਦੀਆਂ ਨਹਿਰਾਂ ਵਗਣ, ਸੱਥਾਂ ਦੇ ਵਿੱਚ ਮੇਲੇ ਲੱਗਣ।
ਤੇਰ-ਮੇਰ ਦੀ ਰੋਕ ਨਹੀਂ ਸੀ, ਖਾਣ-ਪੀਣ ਦੀ ਟੋਕ ਨਹੀਂ ਸੀ।
ਮਾਵਾਂ ਲਈ ਸਭ ਪੁੱਤ ਬਰਾਬਰ, ਪੁੱਤ ਵੀ ਕਰਨ ਉਨ੍ਹਾਂ ਦਾ ਆਦਰ।
ਰੁੱਖੀ-ਮਿਸੀ ਵੰਡ ਕੇ ਖਾਂਦੇ, ਢੋਲਾਂ ਉਤੇ ਡੱਗੇ ਲਾਂਦੇ।
ਤੇਲੀ-ਨਾਈ, ਛੀਂਬੇ ਝੂਰ, ਜੱਟ ਤਰਖਾਣ ਅਤੇ ਮਜ਼ਦੂਰ।
ਆਪੋ ਆਪਣਾ ਕੰਮ ਸਭ ਕਰਦੇ, ਇੱਕ ਦੂਜੇ ਦੀ ਹਾਮੀ ਭਰਦੇ।
ਪਿੰਡ ਜਿਵੇਂ ਇਹ ਸਵਰਗ ਜਿਹਾ ਸੀ, ਖੁਸ਼ੀਆਂ ਦਾ ਇਕ ਵਰਗ ਜਿਹਾ ਸੀ।
ਸੋਹਣਾ ਫੁੱਲ ਗੁਲਾਬ ਸੀ ਮੇਰਾ, ਇਹ ਪਹਿਲਾਂ ਪੰਜਾਬ ਸੀ ਮੇਰਾ।
ਰੱਬਾ ਨਜ਼ਰ ਮਿਹਰ ਦੀ ਪਾਦੇ, ਉਜੜਨ ਤੋਂ ਪੰਜਾਬ ਬਚਾ ਦੇ।
ਪਹਿਲਾਂ ਵਾਲੀ ਆਬ ਲਿਆਦੇ, ਮੁੜਕੇ ਨਵਾਂ ਪੰਜਾਬ ਵਸਾ ਦੇ।
(ਧੰਨਵਾਦ ਸਹਿਤ : ‘ਸ਼ਬਦਾਂ ਦੀ ਢਾਲ’ ਵਿਚੋਂ)