ਅਹਿਮਦਾਬਾਦ, 14 ਅਕਤੂਬਰ, ਦੇਸ਼ ਕਲਿਕ ਬਿਊਰੋ :
ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੁਕਾਬਲੇ ਲਈ ਮੰਚ ਤਿਆਰ ਹੋ ਗਿਆ ਹੈ। ਦੁਨੀਆ ਦੇ ਸਭ ਤੋਂ ਵੱਡੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ 'ਚ 1 ਲੱਖ 32 ਹਜ਼ਾਰ ਦਰਸ਼ਕਾਂ ਵਿਚਾਲੇ ਅੱਜ ਸ਼ਨੀਵਾਰ ਨੂੰ ਵਿਸ਼ਵ ਕੱਪ 'ਚ ਇਹ ਦੋਵੇਂ ਗੁਆਂਢੀ ਦੇਸ਼ ਅੱਠਵੀਂ ਵਾਰ ਆਹਮੋ-ਸਾਹਮਣੇ ਹੋਣਗੇ। ਵਿਸ਼ਵ ਕੱਪ ਵਿੱਚ ਪਾਕਿਸਤਾਨ ਖ਼ਿਲਾਫ਼ ਪਿਛਲੇ ਸੱਤ ਮੈਚਾਂ ਵਿੱਚ ਭਾਰਤ ਦਾ ਇਤਿਹਾਸ ਸ਼ਾਨਦਾਰ ਰਿਹਾ ਹੈ।ਭਾਰਤ ਨੇ ਇਹ ਸਾਰੇ ਸੱਤ ਮੈਚ ਜਿੱਤੇ ਹਨ। ਰੋਹਿਤ ਸ਼ਰਮਾ ਦੀ ਟੀਮ ਦਾ ਟੀਚਾ ਵਿਸ਼ਵ ਕੱਪ 'ਚ ਪਾਕਿਸਤਾਨ 'ਤੇ ਲਗਾਤਾਰ ਅੱਠਵੀਂ ਜਿੱਤ ਦਰਜ ਕਰਨਾ ਹੋਵੇਗਾ। ਹਾਲਾਂਕਿ ਇਸ ਮੈਚ 'ਤੇ ਮੀਂਹ ਦਾ ਪਰਛਾਵਾਂ ਪੈਣ ਦੀ ਵੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਮੈਚ ਦੌਰਾਨ ਮੀਂਹ ਪੈ ਸਕਦਾ ਹੈ।ਭਾਰਤ ਦੀ ਧਰਤੀ 'ਤੇ ਦੋਵਾਂ ਦੇਸ਼ਾਂ ਵਿਚਾਲੇ ਵਿਸ਼ਵ ਕੱਪ ਦਾ ਇਹ ਤੀਜਾ ਮੈਚ ਹੈ। ਇਸ ਤੋਂ ਪਹਿਲਾਂ, ਦੋਵੇਂ 1996 ਵਿੱਚ ਬੈਂਗਲੁਰੂ (ਕੁਆਰਟਰ ਫਾਈਨਲ) ਵਿੱਚ ਅਤੇ 2011 ਵਿੱਚ ਮੁਹਾਲੀ (ਸੈਮੀਫਾਈਨਲ) ਵਿੱਚ ਭਿੜੇ ਸਨ, ਜਿੱਥੇ ਭਾਰਤ ਜਿੱਤਿਆ ਸੀ।